Breaking News
Home / ਭਾਰਤ / ਭਾਰਤ-ਚੀਨ ਵਿਚਕਾਰ 13ਵੇਂ ਗੇੜ ਦੀ ਗੱਲਬਾਤ ਰਹੀ ਬੇਸਿੱਟਾ

ਭਾਰਤ-ਚੀਨ ਵਿਚਕਾਰ 13ਵੇਂ ਗੇੜ ਦੀ ਗੱਲਬਾਤ ਰਹੀ ਬੇਸਿੱਟਾ

ਚੀਨ ਨੇ ਭਾਰਤ ਦੇ ਸੁਝਾਵਾਂ ਨੂੰ ਮੰਨਣ ਤੋਂ ਕੀਤਾ ਇਨਕਾਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਅਤੇ ਚੀਨ ਵਿਚਾਲੇ ਸੈਨਿਕ ਕਮਾਂਡਰ ਪੱਧਰ ‘ਤੇ ਲੰਘੇ ਕੱਲ੍ਹ ਹੋਈ 13ਵੇਂ ਗੇੜ ਦੀ ਗੱਲਬਾਤ ਵੀ ਬੇਸਿਟਾ ਹੀ ਰਹੀ। ਭਾਰਤੀ ਫੌਜ ਨੇ ਕਿਹਾ ਕਿ ਅਸੀਂ ਐਲ.ਏ.ਸੀ. ਨਾਲ ਲੱਗਦੇ ਇਲਾਕਿਆਂ ਅਤੇ ਦੂਜੇ ਵਿਵਾਦਤ ਹਿੱਸਿਆਂ ਨੂੰ ਲੈ ਕੇ ਕਈ ਰਚਨਾਤਮਕ ਸੁਝਾਅ ਦਿੱਤੇ, ਪਰ ਚੀਨੀ ਫੌਜ ਇਸ ‘ਤੇ ਸਹਿਮਤ ਨਹੀਂ ਹੋਈ। ਇਸ ਕਰਕੇ 13ਵੇਂ ਗੇੜ ਦੀ ਗੱਲਬਾਤ ਬਿਨਾ ਕਿਸੇ ਨਤੀਜੇ ਦੇ ਸਮਾਪਤ ਹੋਈ। ਭਾਰਤੀ ਫੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਮੀਟਿੰਗ ਦੌਰਾਨ ਦੋਵੇਂ ਪੱਖਾਂ ਵਿਚਕਾਰ ਗੱਲਬਾਤ ਪੂਰਬੀ ਲੱਦਾਖ ‘ਚ ਐਲ.ਏ.ਸੀ. ‘ਤੇ ਬਣੇ ਤਣਾਅ ਨੂੰ ਖਤਮ ਕਰਨ ‘ਤੇ ਕੇਂਦਰਤ ਸੀ। ਭਾਰਤੀ ਫੌਜ ਵਲੋਂ ਜਾਰੀ ਬਿਆਨ ਮੁਤਾਬਕ ਭਾਰਤੀ ਪੱਖ ਨੇ ਦੱਸਿਆ ਕਿ ਐਲ.ਏ.ਸੀ. ‘ਤੇ ਤਣਾਅ ਦੀ ਇਹ ਸਥਿਤੀ ਚੀਨ ਦੀ ਵਜ੍ਹਾ ਕਰਕੇ ਹੀ ਬਣੀ ਹੈ ਅਤੇ ਚੀਨ ਵਲੋਂ ਸਮਝੌਤਿਆਂ ਦਾ ਲਗਾਤਾਰ ਉਲੰਘਣ ਕੀਤਾ ਜਾ ਰਿਹਾ ਹੈ। ਭਾਰਤੀ ਫੌਜ ਵਲੋਂ ਇਹ ਵੀ ਦੱਸਿਆ ਗਿਆ ਕਿ ਦੋਵੇਂ ਪੱਖ ਵਾਰਤਾਲਾਪ ਬਣਾਈ ਰੱਖਣ ਅਤੇ ਜ਼ਮੀਨੀ ਪੱਧਰ ‘ਤੇ ਸਥਿਰਤਾ ਬਣਾਈ ਰੱਖਣ ਲਈ ਸਹਿਮਤ ਹੋਏ ਹਨ।
ਜ਼ਿਕਰਯੋਗ ਹੈ ਕਿ ਭਾਰਤ-ਚੀਨ ਫ਼ੌਜੀ ਕਮਾਂਡਰਾਂ ਵਿਚਾਲੇ ਵਾਰਤਾ ਐਤਵਾਰ ਨੂੰ ਐਲਏਸੀ ਦੇ ਚੀਨ ਵਾਲੇ ਪਾਸੇ ਚੁਸ਼ੂਲ-ਮੋਲਡੋ ਸਰਹੱਦੀ ਪੁਆਇੰਟ ਉਤੇ ਹੋਈ ਸੀ। ਇਹ ਕਰੀਬ ਸਾਢੇ ਅੱਠ ਘੰਟੇ ਤੱਕ ਚੱਲੀ ਸੀ। ਭਾਰਤੀ ਫ਼ੌਜ ਨੇ ਕਿਹਾ ਕਿ ਉਨ੍ਹਾਂ ਵਾਰਤਾ ਦੌਰਾਨ ਇਹ ਪੱਖ ਰੱਖਿਆ ਕਿ ਐਲਏਸੀ ਦੇ ਨਾਲ ਵਰਤਮਾਨ ਸਥਿਤੀ ਚੀਨੀ ਧਿਰ ਵੱਲੋਂ ਕੀਤੇ ‘ਇਕਪਾਸੜ ਯਤਨਾਂ’ ਕਾਰਨ ਬਣੀ ਹੈ।
ਭਾਰਤ ਦੀਆਂ ਮੰਗਾਂ ਗ਼ੈਰਵਾਜਬ: ਚੀਨ
ਚੀਨ ਦੀ ਫ਼ੌਜ ਪੀਐਲਏ ਨੇ ਇਕ ਬਿਆਨ ਜਾਰੀ ਕਰਕੇ ਕਿਹਾ ‘ਭਾਰਤ ਦੀਆਂ ਮੰਗਾਂ ਗ਼ੈਰਵਾਜਬ ਤੇ ਗੈਰ-ਅਮਲੀ ਹਨ, ਉਹ ਗੱਲਬਾਤ ਨੂੰ ਹੋਰ ਔਖਾ ਕਰ ਰਹੀਆਂ ਹਨ।’ ਉਨ੍ਹਾਂ ਕਿਹਾ ਕਿ ਚੀਨ ਨੇ ਸਰਹੱਦੀ ਹਾਲਾਤ ਨੂੰ ਬਿਹਤਰ ਕਰਨ ਤੇ ਤਣਾਅ ਘਟਾਉਣ ਲਈ ਨਿੱਠ ਕੇ ਯਤਨ ਕੀਤੇ ਹਨ ਅਤੇ ਆਪਣੀ ਗੰਭੀਰਤਾ ਦਾ ਪ੍ਰਗਟਾਵਾ ਕੀਤਾ ਹੈ। ਚੀਨੀ ਫ਼ੌਜ ਨੇ ਕਿਹਾ ਚੀਨ ਆਪਣੀ ਖ਼ੁਦਮੁਖਤਿਆਰੀ ਦੀ ਰਾਖੀ ਲਈ ਵਚਨਬੱਧ ਹੈ ਤੇ ਚੀਨ ਆਸ ਕਰਦਾ ਹੈ ਕਿ ਭਾਰਤ ਵਰਤਮਾਨ ਸਥਿਤੀ ਬਾਰੇ ਕੋਈ ਗਲਤਫਹਿਮੀ ਨਾ ਰੱਖੇ। ਇਸ ਤਰ੍ਹਾਂ ਦੇ ਕਦਮ ਚੁੱਕੇ ਜਾਣ ਜੋ ਸਰਹੱਦ ਉਤੇ ਸ਼ਾਂਤੀ ਕਾਇਮ ਰੱਖਣ ਵਿਚ ਯੋਗਦਾਨ ਦੇਣ।

 

Check Also

‘ਡੰਕੀ ਰੂਟ’ ਮਾਮਲੇ ਵਿਚ ਈਡੀ ਵਲੋਂ ਪੰਜਾਬ ਅਤੇ ਹਰਿਆਣਾ ਵਿਚ ਨਵੇਂ ਸਿਰਿਓਂ ਜਾਂਚ  ਸ਼ੁਰੂ

ਈਡੀ ਨੇ ਪਹਿਲਾਂ ਵੀ ਦੋ ਦਿਨ ਕੀਤੀ ਸੀ ਜਾਂਚ ਜਲੰਧਰ/ਬਿਊਰੋ ਨਿਊਜ਼ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ …