Breaking News
Home / ਭਾਰਤ / ਭਾਰਤ ਨੂੰ ‘ਮੋਦੀਸਤਾਨ’ ਬਣਾਉਣ ਦੇ ਰਾਹ ਤੁਰੇ ਪ੍ਰਧਾਨ ਮੰਤਰੀ : ਮਮਤਾ ਬੈਨਰਜੀ

ਭਾਰਤ ਨੂੰ ‘ਮੋਦੀਸਤਾਨ’ ਬਣਾਉਣ ਦੇ ਰਾਹ ਤੁਰੇ ਪ੍ਰਧਾਨ ਮੰਤਰੀ : ਮਮਤਾ ਬੈਨਰਜੀ

ਪੱਛਮੀ ਬੰਗਾਲ ਵਿਚ ਮਮਤਾ ਨੂੰ ਫਿਰ ਜਿੱਤ ਦੀ ਆਸ
ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਤ੍ਰਿਣਮੂਲ ਸਰਕਾਰ ਖਿਲਾਫ ਝੂਠ ਤੇ ਅਫਵਾਹ ਫੈਲਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਸ ਵਾਰ ਵੋਟਰ ਸੂਬੇ ‘ਚ ਸਾਰੇ 294 ਚੋਣ ਹਲਕਿਆਂ ‘ਚ ‘ਦੀਦੀ ਬਨਾਮ ਭਾਜਪਾ’ ਦੇ ਮੁਕਾਬਲੇ ਦੇ ਗਵਾਹ ਬਣਨਗੇ। ਕੋਵਿਡ-19 ਟੀਕਾਕਰਨ ਸਰਟੀਫਿਕੇਟਾਂ ‘ਤੇ ਪ੍ਰਧਾਨ ਮੰਤਰੀ ਦੀ ਤਸਵੀਰ ਸ਼ਾਮਲ ਕੀਤੇ ਜਾਣ ‘ਤੇ ਵਿਅੰਗ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸਾਰੇ ਦੇਸ਼ ਹੀ ਉਨ੍ਹਾਂ ਦੇ ਨਾਂ ‘ਤੇ ਹੋਵੇਗਾ।
ਪੱਛਮੀ ਬੰਗਾਲ ‘ਚ ਲਗਾਤਾਰ ਤੀਜੀ ਵਾਰ ਸੱਤਾ ‘ਚ ਆਉਣ ਦਾ ਭਰੋਸਾ ਜ਼ਾਹਿਰ ਕਰਦਿਆਂ ਟੀਐੱਮਸੀ ਮੁਖੀ ਨੇ ਕਿਹਾ, ‘ਸਾਰੀਆਂ 294 ਸੀਟਾਂ ‘ਤੇ ਮੇਰੇ ਤੇ ਭਾਜਪਾ ਵਿਚਾਲੇ ਮੁਕਾਬਲਾ ਹੈ।’ ਮਮਤਾ ਨੇ ਕਿਹਾ, ‘ਉਹ (ਭਾਜਪਾ ਆਗੂ) ਚੋਣਾਂ ਮੌਕੇ ਹੀ ਬੰਗਾਲ ਆਉਂਦੇ ਹਨ ਤੇ ਇੱਥੇ ਆ ਕੇ ਝੂਠ ਤੇ ਗੱਪਾਂ ਮਾਰਦੇ ਹਨ।
ਉਹ ਔਰਤਾਂ ਦੀ ਸੁਰੱਖਿਆ ਬਾਰੇ ਸਾਨੂੰ ਪਾਠ ਪੜ੍ਹਾਉਂਦੇ ਹਨ, ਪਰ ਭਾਜਪਾ ਸ਼ਾਸਿਤ ਰਾਜਾਂ ਵਿੱਚ ਔਰਤਾਂ ਦਾ ਕੀ ਹਾਲ ਹੈ? ਮੋਦੀ ਦੇ ਪਸੰਦੀਦਾ ਗੁਜਰਾਤ ‘ਚ ਕੀ ਹਾਲ ਹੈ?’
ਮਮਤਾ ਬੈਨਰਜੀ ਨੇ ਨਰਿੰਦਰ ਮੋਦੀ ‘ਤੇ ਲਗਾਏ ਵੋਟਰਾਂ ਨੂੰ ਗੁੰਮਰਾਹ ਕਰਨ ਦੇ ਇਲਜ਼ਾਮ
ਰਸੋਈ ਗੈਸ ਕੀਮਤਾਂ ‘ਚ ਵਾਧੇ ਖਿਲਾਫ ਸਿਲੀਗੁੜੀ ‘ਚ ਕੱਢਿਆ ਪੈਦਲ ਮਾਰਚ
ਸਿਲੀਗੁੜੀ/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸੱਜਰਾ ਵਾਰ ਕਰਦਿਆਂ ਕਿਹਾ ਕਿ ਉਹ ਸੂਬੇ ਦੇ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਝੂਠ ਦਾ ਸਹਾਰਾ ਲੈ ਰਹੇ ਹਨ। ਤ੍ਰਿਣਮੂਲ ਕਾਂਗਰਸ ਸੁਪਰੀਮੋ ਨੇ ਰਸੋਈ ਗੈਸ ਕੀਮਤਾਂ ‘ਚ ਵਾਧੇ ਖਿਲਾਫ ਰੋਸ ਦਰਜ ਕਰਵਾਉਂਦਿਆਂ ਸਿਲੀਗੁੜੀ ਵਿਚ ‘ਪਦਯਾਤਰਾ’ ਵੀ ਕੀਤੀ। ਮਾਰਚ ਮਗਰੋਂ ਰੈਲੀ ਨੂੰ ਸੰਬੋਧਨ ਕਰਦਿਆਂ ਟੀਐੱਮਸੀ ਸੁਪਰੀਮੋ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਬੀਤੇ ਸਾਲਾਂ ਵਿੱਚ ਕਈ ‘ਖੋਖਲੇ’ ਵਾਅਦੇ ਕੀਤੇ ਹਨ ਤੇ ਲੋਕ ਹੁਣ ਉਨ੍ਹਾਂ ‘ਤੇ ਯਕੀਨ ਨਹੀਂ ਕਰਦੇ। ਮਮਤਾ ਨੇ ਕਿਹਾ ਕਿ ਉਹ ਜਾਣਨਾ ਚਾਹੁੰਦੇ ਹਨ ਕਿ ‘ਪ੍ਰਧਾਨ ਮੰਤਰੀ ਨੇ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਵਾਅਦੇ ਮੁਤਾਬਕ ਅਜੇ ਤੱਕ ਹਰੇਕ ਨਾਗਰਿਕ ਦੇ ਬੈਂਕ ਖਾਤੇ ‘ਚ 15 ਲੱਖ ਰੁਪਏ ਕਿਉਂ ਨਹੀਂ ਪਾਏ।’ ਬੀਬੀ ਬੈਨਰਜੀ ਨੇ ਕਿਹਾ, ‘ਤੁਸੀਂ ਕਈ ਖੋਖਲੇ ਵਾਅਦੇ ਕੀਤੇ ਹਨ। ਲੋਕ ਹਰ ਵਾਰ ਤੁਹਾਡੀਆਂ ਝੂਠੀਆਂ ਗੱਲਾਂ ‘ਚ ਨਹੀਂ ਆਉਣ ਵਾਲੇ। ਅਸੀਂ ਮੰਗ ਕਰਦੇ ਹਾਂ ਕਿ ਤੁਸੀਂ ਦੇਸ਼ ਦੇ ਹਰ ਨਾਗਰਿਕ ਲਈ ਰਸੋਈ ਗੈਸ ਕੀਮਤਾਂ ਨੂੰ ਕਿਫਾਇਤੀ ਬਣਾਓ। ਤੁਸੀਂ ਰਸੋਈ ਗੈਸ ਸਿਲੰਡਰ ਨੂੰ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਕਰ ਦਿੱਤਾ ਹੈ।’
ਮਮਤਾ ਨੇ ਕਿਹਾ ਕਿ ਉਹ (ਮੋਦੀ) ਹਮੇਸ਼ਾ ਬੰਗਲਾ ‘ਚ ਤਕਰੀਰ ਦਿੰਦਾ ਹੈ, ਪਰ ਸਾਰਾ ਭਾਸ਼ਣ ਗੁਜਰਾਤੀ ‘ਚ ਲਿਖਿਆ ਹੁੰਦਾ ਹੈ, ਜਿਹੜਾ ਇਕ ਪਾਰਦਰਸ਼ੀ ਸ਼ੀਟ ਹੇਠ ਉਨ੍ਹਾਂ ਅੱਗੇ ਰੱਖਿਆ ਹੁੰਦਾ ਹੈ। ਉਹ ਇੰਜ ਵਿਖਾਉਂਦਾ ਹੈ ਜਿਵੇਂ ਉਸ ਨੂੰ ਬੰਗਾਲੀ ਬੋਲਣੀ ਆਉਂਦੀ ਹੈ।’ ਮੁੱਖ ਮੰਤਰੀ ਨੇ ਕਿਹਾ, ‘ਤੁਹਾਡੀ ਪਾਰਟੀ ਨੇ ਵਿਦਿਆਸਾਗਰ ਦੇ ਬੁੱਤ ਦੀ ਭੰਨਤੋੜ ਕੀਤੀ। ਤੁਹਾਡੀ ਪਾਰਟੀ ਨੇ ਬਿਰਸਾ ਮੁੰਡਾ ਦਾ ਨਿਰਾਦਰ ਕੀਤਾ। ਤੁਸੀਂ ਗਲਤ ਬਿਆਨੀ ਕੀਤੀ ਕਿ ਰਾਬਿੰਦਰਨਾਥ ਟੈਗੋਰ ਦਾ ਜਨਮ ਸ਼ਾਂਤੀਨਿਕੇਤਨ ‘ਚ ਹੋਇਆ ਸੀ। ਇਹ ਸਭ ਕੁਝ ਬੰਗਾਲ ਤੇ ਇਸ ਦੇ ਸਭਿਆਚਾਰ ਬਾਰੇ ਤੁਹਾਡੀ ਜਾਣਕਾਰੀ ਨੂੰ ਦਰਸਾਉਂਦਾ ਹੈ।’ ਮੁੱਖ ਮੰਤਰੀ ਨੇ ਕਿਹਾ ਕਿ ‘ਆਪਣੀ ਆਵਾਜ਼’ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨਾਂ ਦੀ ਲੋੜ ਹੈ।

Check Also

ਭਾਰਤ ਦੇ 11 ਸੂਬਿਆਂ ’ਚ ਲੋਕ ਸਭਾ ਦੇ ਤੀਜੇ ਪੜਾਅ ਦੀਆਂ ਵੋਟਾਂ ਭਲਕੇ ਮੰਗਲਵਾਰ ਨੂੰ

93 ਸੀਟਾਂ ’ਤੇ ਪੈਣਗੀਆਂ ਵੋਟਾਂ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਲੋਕ ਸਭਾ ਚੋਣਾਂ ਦੇ ਤੀਜੇ …