ਕਿਹਾ : ਤਿੰਨ ਰਾਜਾਂ ’ਚ ਮਿਲੀ ਜਿੱਤ ਭਾਜਪਾ ਵਰਕਰਾਂ ਦੀ ਮਿਹਨਤ ਦਾ ਨਤੀਜਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ ਦੀ ਅੱਜ ਸੰਸਦ ਭਵਨ ਦੇ ਵਿਹੜੇ ’ਚ ਸੰਸਦੀ ਦਲ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਜੇਪੀ ਨੱਢਾ ਸਮੇਤ ਕਈ ਮੰਤਰੀ ਅਤੇ ਭਾਜਪਾ ਆਗੂ ਮੌਜੂਦ ਰਹੇ। ਸਭ ਤੋਂ ਪਹਿਲਾਂ ਤਿੰਨ ਰਾਜਾਂ ’ਚ ਭਾਜਪਾ ਦੀ ਹੋਈ ਧਮਾਕੇਦਾਰ ਜਿੱਤ ਲਈ ਭਾਜਪਾ ਆਗੂਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦਾ ਇਥੇ ਪਹੁੰਚਣ ’ਤੇ ਜ਼ੋਰਦਾਰ ਸਵਾਗਤ ਕੀਤਾ ਗਿਆ। ਮੀਟਿੰਗ ਤੋਂ ਬਾਅਦ ਪ੍ਰਲਾਦ ਜੋਸ਼ੀ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ’ਚ ਭਾਰਤੀ ਜਨਤਾ ਪਾਰਟੀ ਨੂੰ ਮਿਲੀ ਜਿੱਤ ਦਾ ਸਿਹਰਾ ਪਾਰਟੀ ਵਰਕਰਾਂ ਨੂੰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿੰਨ ਰਾਜਾਂ ’ਚ ਸਾਨੂੰ ਵੱਡੀ ਜਿੱਤ ਮਿਲੀ ਹੈ ਅਤੇ ਨਾਲ ਹੀ ਤੇਲੰਗਾਨਾ ਅਤੇ ਮਿਜੋਰਮ ਵਿਚ ਵੀ ਸਾਡੀ ਤਾਕਤ ਵਾਧੀ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਮਿਲਨਾਡੂ ਅਤੇ ਆਂਧਰਾ ਪ੍ਰਦੇਸ਼ ’ਚ ਮਿਚੌਂਗ ਤੂਫਾਨ ਨਾਲ ਹੋਏ ਨੁਕਸਾਨ ’ਤੇ ਵੀ ਗੱਲਬਾਤ ਕੀਤੀ। ਕਿਆਸ ਲਗਾਏ ਜਾ ਰਹੇ ਸਨ ਕਿ ਅੱਜ ਦੀ ਮੀਟਿੰਗ ਦੌਰਾਨ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਸਬੰਧੀ ਚਰਚਾ ਹੋ ਸਕਦੀ ਹੈ ਪ੍ਰੰਤੂ ਇਸ ਮੁੱਦੇ ’ਤੇ ਮੀਟਿੰਗ ਦੌਰਾਨ ਕੋਈ ਚਰਚਾ ਨਹੀਂ ਹੋਈ। ਮੀਡੀਆ ਰਿਪੋਰਟਾਂ ਤੋਂ ਪ੍ਰਾਪਤ ਹੋਈ ਜਾਣਕਰੀ ਅਨੁਸਾਰ ਭਾਜਪਾ ਇਸ ਵਾਰ ਤਿੰਨੋਂ ਸੂਬਿਆਂ ’ਚ ਨੌਜਵਾਨ ਚਿਹਰਿਆਂ ਨੂੰ ਸੱਤਾ ਦੀ ਵਾਗਡੋਰ ਦੇ ਸਕਦੀ ਹੈ।