ਨਵੀਂ ਦਿੱਲੀ/ਬਿਊਰੋ ਨਿਊਜ਼ : ਸਪਾਈਸ ਜੈੱਟ ਦੀ ਚਾਰਟਰਡ ਉਡਾਣ ‘ਚ ਪਿਛਲੇ ਦਿਨੀਂ ਮਹਿਮਾਨਾਂ ਤੇ ਰਿਸ਼ਤੇਦਾਰਾਂ ਦੀ ਮੌਜੂਦਗੀ ‘ਚ ਵਿਆਹ ਕੀਤਾ ਗਿਆ ਅਤੇ ਇਸ ਦੌਰਾਨ ਆਪਸ ‘ਚ ਦੂਰੀ ਬਣਾ ਕੇ ਰੱਖਣ ਦੇ ਨਿਯਮ ਦੀ ਉਲੰਘਣਾ ਵੀ ਕੀਤੀ ਗਈ। ਸੂਤਰਾਂ ਨੇ ਦੱਸਿਆ ਕਿ ਇਹ ਚਾਰਟਰਡ ਜਹਾਜ਼ ਮਦੁਰਾਈ ਹਵਾਈ ਅੱਡੇ ਤੋਂ ਉੱਡਿਆ ਅਤੇ ਕਰੀਬ ਦੋ ਘੰਟੇ ਤੱਕ ਅਸਮਾਨ ਦੇ ਚੱਕਰ ਲਾਉਣ ਤੋਂ ਬਾਅਦ ਮੁੜ ਆਇਆ। ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ (ਡੀਜੀਸੀਏ) ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਡਾਣ ਦੌਰਾਨ ਜਹਾਜ਼ ‘ਚ ਆਪਸ ‘ਚ ਦੂਰੀ ਨਾ ਰੱਖਣ ‘ਤੇ ਉਡਾਣ ਦੀ ਚਾਲਕ ਟੀਮ ਫਿਲਹਾਲ ਡਿਊਟੀ ਤੋਂ ਹਟਾ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਪਾਈਸ ਜੈੱਟ ਦੇ ਉਨ੍ਹਾਂ ਵਿਅਕਤੀਆਂ ਖਿਲਾਫ ਸਬੰਧਤ ਅਧਿਕਾਰੀਆਂ ਸਾਹਮਣੇ ਸ਼ਿਕਾਇਤ ਦਰਜ ਕਰਵਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ, ਜਿਨ੍ਹਾਂ ਉਡਾਣ ‘ਚ ਆਪਸੀ ਦੂਰੀ ਬਣਾਉਣ ਦੇ ਨਿਯਮ ਦਾ ਪਾਲਣ ਨਹੀਂ ਕੀਤਾ। ਉਨ੍ਹਾਂ ਇਹ ਵੀ ਦੱਸਿਆ ਕਿ ਮਾਮਲੇ ਦੀ ਜਾਂਚ ਮਗਰੋਂ ਡੀਜੀਸੀਏ ਸਖਤ ਕਾਰਵਾਈ ਕਰੇਗਾ। ਸੋਸ਼ਲ ਮੀਡੀਆ ‘ਤੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓ ਵੀ ਸਾਹਮਣੇ ਆਈ ਹੈ। ਇਨ੍ਹਾਂ ‘ਚ ਦਿਖਾਈ ਦੇ ਰਿਹਾ ਹੈ ਕਿ ਵਿਆਹ ਸਮੇਂ ਮਹਿਮਾਨ ਇੱਕ-ਦੂਜੇ ਦੇ ਬਹੁਤ ਨੇੜੇ ਖੜ੍ਹੇ ਹਨ। ਇਸ ਬਾਰ ਸਪਾਈਸ ਜੈੱਟ ਦੇ ਬੁਲਾਰੇ ਨੇ ਕਿਹਾ ਕਿ ਸਪਾਈਸ ਜੈੱਟ ਬੋਇੰਗ 737 ਵਿਆਹ ਤੋਂ ਬਾਅਦ ਮਹਿਮਾਨਾਂ ਦੀ ਉਡਾਣ ਲਈ ਇੱਕ ਟਰੈਵਲ ਏਜੰਟ ਨੇ ਬੁੱਕ ਕਰਵਾਇਆ ਸੀ। ਉਨ੍ਹਾਂ ਨੂੰ ਕੋਵਿਡ-19 ਸਬੰਧੀ ਹਦਾਇਤਾਂ ਬਾਰੇ ਵੀ ਦੱਸਿਆ ਗਿਆ ਸੀ।
Check Also
ਜੰਮੂ-ਕਸ਼ਮੀਰ ਦੇ ਡੋਡਾ ਵਿਧਾਨ ਸਭਾ ਹਲਕੇ ਤੋਂ ‘ਆਪ’ ਦੇ ਮਹਿਰਾਜ ਮਲਿਕ ਨੇ ਜਿੱਤ ਕੀਤੀ ਦਰਜ
ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਵਧਾਈ ਡੋਡਾ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਵਿਧਾਨ …