ਪਲਾਜ਼ਮਾ ਥੈਰੇਪੀ ਨਾਲ ਹੋਇਆ ਦੇਸ਼ ‘ਚ ਪਹਿਲਾ ਮਰੀਜ਼ ਤੰਦਰੁਸਤ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਕੀਤੀ ਗਈ ਕੋਸ਼ਿਸ਼ ਨੂੰ ਸਫਲਤਾ ਮਿਲੀ ਹੈ। ਕੇਂਦਰ ਦੀ ਮਨਜ਼ੂਰੀ ਨਾਲ ਦਿੱਲੀ ਸਰਕਾਰ ਨੇ ਪਲਾਜ਼ਮਾ ਥੈਰੇਪੀ ਨਾਲ ਕੋਰੋਨਾ ਪੀੜਤਾਂ ਦੇ ਇਲਾਜ ਦੀ ਪਰਖ ਕੀਤੀ ਸੀ। ਇਸ ਬਾਰੇ ਪਿਛਲੇ ਦਿਨੀਂ ਕੇਜਰੀਵਾਲ ਨੇ ਚੰਗੇ ਨਤੀਜੇ ਆਉਣ ਦਾ ਦਾਅਵਾ ਕੀਤਾ ਸੀ। ਹੁਣ ਭਾਰਤ ਵਿੱਚ ਪਲਾਜ਼ਮਾ ਥੈਰੇਪੀ ਨਾਲ ਠੀਕ ਹੋਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਕਰੋਨਾ ਬਿਮਾਰੀ ਨੂੰ ਪਲਾਜ਼ਮਾ ਥੈਰੇਪੀ ਰਾਹੀਂ ਮਾਤ ਦੇਣ ਵਾਲਾ ਇਹ ਵਿਅਕਤੀ ਦਿੱਲੀ ਦਾ ਹੈ। ਪੀੜਤ ਹਾਲਤ ਗੰਭੀਰ ਹੁੰਦੇ ਦੇਖ ਡਾਕਟਰਾਂ ਨੇ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ। ਸਿਹਤ ਵਿੱਚ ਸੁਧਾਰ ਨਾ ਦੇਖ ਡਾਕਟਰਾਂ ਨੇ ਪਲਾਜ਼ਮਾ ਥੈਰੇਪੀ ਦਾ ਵਿਕਲਪ ਅਪਨਾਉਣ ਦਾ ਫੈਸਲਾ ਕੀਤਾ। ਮਰੀਜ਼ ਦੇ ਵਾਰਿਸਾਂ ਨੇ ਪਲਾਜ਼ਮਾ ਦਾਨੀ ਨੂੰ ਲੱਭਿਆ। ਪਲਾਜ਼ਮਾ ਦਾਨੀ ਔਰਤ ਤਿੰਨ ਹਫ਼ਤੇ ਪਹਿਲਾਂ ਹੀ ਕਰੋਨਾ ਨੂੰ ਮਾਤ ਦੇ ਕੇ ਠੀਕ ਹੋਈ ਸੀ। ਕਈ ਜਾਂਚ-ਪ੍ਰੀਖਣਾਂ ਮਗਰੋਂ ਮਹਿਲਾ ਦਾਨੀ ਨੂੰ ਪਲਾਜ਼ਮਾ ਦੇਣ ਦੀ ਆਗਿਆ ਮਿਲੀ।