0.8 C
Toronto
Wednesday, December 3, 2025
spot_img
Homeਕੈਨੇਡਾਫਲਾਵਰ ਸਿਟੀ ਸੀਨੀਅਜ਼ ਕਲੱਬ ਨੇ ਦੀਵਾਲੀ ਤੇ ਹੈਲੋਵੀਨ ਤਿਓਹਾਰ ਸਾਂਝੇ ਤੌਰ 'ਤੇ...

ਫਲਾਵਰ ਸਿਟੀ ਸੀਨੀਅਜ਼ ਕਲੱਬ ਨੇ ਦੀਵਾਲੀ ਤੇ ਹੈਲੋਵੀਨ ਤਿਓਹਾਰ ਸਾਂਝੇ ਤੌਰ ‘ਤੇ ‘ਦੀਵਾਲੋਵੀਨ’ ਵਜੋਂ ਮਨਾਏ

ਸਾਬਕਾ ਸੀਨੀਅਰ ਫੌਜੀਆਂ ਨੂੰ ਕੀਤਾ ਸਨਮਾਨਿਤ ਤੇ ‘ਫ਼ੰਡ-ਰੇਜ਼ਿੰਗ’ ਵੀ ਹੋਇਆ
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 3 ਨਵੰਬਰ ਨੂੰ ਫਲਾਵਰ ਸਿਟੀ ਕਲੱਬ ਦੇ ਮੈਂਬਰਾਂ ਵੱਲੋਂ ਦੀਵਾਲੀ ਅਤੇ ਹੈਲੋਵੀਨ ਦੇ ਤਿਓਹਾਰ ਇਕੱਠੇ ਹੀ ‘ਦੀਵਾਲੋਵੀਨ’ ਦੇ ਨਾਂ ਹੇਠ ਪਾਲ ਪਲੈਸ਼ੀ ਕਮਿਊਨਿਟੀ ਸੈਂਟਰ ਵਿਖੇ ਮਨਾਏ ਗਏ। ਕਲੱਬ ਦੇ 100 ਤੋਂ ਵਧੀਕ ਮੈਂਬਰ ਇਸ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਵੱਲੋਂ ਗੀਤ, ਕਵਿਤਾਵਾਂ, ਨਾਚ, ਗਿੱਧਾ, ਭੰਗੜਾ ਪਾ ਕੇ ਖ਼ੂਬ ਰੌਣਕ ਲਗਾਈ ਗਈ। ਅਚਲਾ ਕਾਲੜਾ ਵੱਲੋਂ ਸੋਲੋ ਡਾਂਸ ਦੀ ਖ਼ੂਬਸੂਰਤ ਆਈਟਮ ਪੇਸ਼ ਕੀਤੀ ਗਈ। ਇਸ ਸ਼ੁਭ ਮੌਕੇ ਕਲੱਬ ਦੀਆਂ ਲੇਡੀ ਮੈਂਬਰਾਂ ਵੱਲੋਂ ਹੱਥਾਂ ਨਾਲ ਬੁਣ ਕੇ ਤਿਆਰ ਕੀਤੇ ਗਏ ‘ਪੱਪੀ ਫ਼ਲਾਵਰਜ਼’ (ਪੋਸਤ ਦੇ ਫੁੱਲਾਂ) ਨਾਲ ਸਾਬਕਾ ਸੀਨੀਅਰ ਫ਼ੌਜੀਆਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਮੁੱਖ-ਮਹਿਮਾਨ ਹੈਨਰੀ ਵਰਸ਼ੂਰੇਨ ਜੋ ਕਦੇ ਲੌਰਨ ਸਕੌਟਸ ਰੈੱਜਮੈਂਟ ਦੇ ਕਮਾਂਡਿੰਗ ਅਫ਼ਸਰ ਰਹੇ ਸਨ, ਨੇ ‘ਪੱਪੀ ਫ਼ਲਾਵਜ਼ ਫ਼ੰਡ-ਰੇਜ਼ਿੰਗ’ ਦਾ ਉਦਘਾਟਨ ਕੀਤਾ। ਆਪਣੇ ਸੰਬੋਧਨ ਵਿਚ ਉਨ੍ਹਾਂ ਕੈਨੇਡਾ ਨੂੰ ਆਜ਼ਾਦ ਕਰਵਾਉਣ ਲਈ ਇਸ ਦੇ ਸੀਨੀਅਰ ਮਰਦਾਂ ਤੇ ਔਰਤਾਂ ਦੀਆਂ ਕੁਰਬਾਨੀਆਂ ਨੂੰ ਬਾਖ਼ੂਬੀ ਯਾਦ ਕੀਤਾ ਅਤੇ ਸਾਰਿਆਂ ਨੂੰ ਲੌਰਨ ਸਕੌਟਸ ਮਿਊਜ਼ੀਅਮ ਵੇਖਣ ਲਈ ਕਿਹਾ।
ਕਲੱਬ ਦੀਆਂ ਸਮਾਜਿਕ ਤੇ ਸੱਭਿਆਚਾਰਕ ਗਤੀਵਿਧੀਆਂ ਦੀ ਸਰਾਹਨਾ ਕਰਦਿਆਂ ਰੀਜਨਲ ਕੌਂਸਲਰ ਪਾਲ ਵਿਸੰਟੇ ਨੇ ਕਿਹਾ, ”ਫ਼ਲਾਵਰ ਸਿਟੀ ਕਲੱਬ ਵੱਲੋਂ ਕਮਿਊਨਿਟੀਆਂ ਵਿਚ ਏਕਤਾ, ਅਖੰਡਤਾ ਅਤੇ ਸੱਭਿਆਚਾਰ ਨੂੰ ਫ਼ੈਲਾਉਣ ਲਈ ਕੀਤੇ ਜਾ ਰਹੇ ਯਤਨ ਸ਼ਲਾਘਾ ਭਰਪੂਰ ਹਨ। ਇਸ ਦੇ ਨਾਲ ਹੀ ਇਹ ਕਲੱਬ ਵੈੱਟਰਨਜ਼ ਲਈ ਫ਼ੰਡ-ਰੇਜ਼ਿੰਗ ਦਾ ਵੀ ਬੜਾ ਵਧੀਆ ਕੰਮ ਕਰ ਰਹੀ ਹੈ।” ਫ਼ੈੱਡਰਲ ਮੰਤਰੀ ਕਮਲ ਖਹਿਰਾ ਨੇ ਕਲੱਬ ਦੀਆਂ ਸੱਭਿਆਚਾਰਕ ਸਰਗਰਮੀਆਂ ਨੂੰ ਸਲਾਹੁੰਦਿਆਂ ਕਿਹਾ, ”ਦੀਵਾਲੀ ਅਤੇ ਹੈਲੋਵੀਨ ਨੂੰ ਇਸ ਤਰ੍ਹਾਂ ਇਕੱਠੇ ‘ਦੀਵਾਲੋਵੀਨ’ ਦੇ ਰੂਪ ਵਿੱਚ ਮਨਾਉਣਾ ਲੋਕਾਂ ਨੂੰ ਨੇੜੇ ਲਿਆਉਂਦਾ ਹੈ ਅਤੇ ਉਨ੍ਹਾਂ ਵਿਚਕਾਰ ਮੋਹ ਪਿਆਰ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਦਾ ਹੈ।” ਉਨ੍ਹਾਂ ਵੱਲੋਂ ਕਲੱਬ ਵੱਲੋਂ ਵੈੱਟਰਨਾਂ ਨੂੰ ਸਨਮਾਨਿਤ ਕਰਨ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਦੀ ਵੀ ਭਾਰੀ ਸਰਾਹਨਾ ਕੀਤੀ ਗਈ। ਸਾਬਕਾ ਮੈਂਬਰ ਪਾਰਲੀਮੈਂਟ ਗੁਰਬਖ਼ਸ਼ ਸਿੰਘ ਮੱਲ੍ਹੀ ਨੇ ਆਪਣੇ ਸੰਬੋਧਨ ਵਿਚ ਕਿਹਾ, ”ਫ਼ਲਾਵਰ ਸਿਟੀ ਕਲੱਬ ਵੱਲੋਂ ਹਾਂ-ਪੱਖੀ ਊਰਜਾ ਅਤੇ ਸੇਵਾ ਦੇ ਸੰਕਲਪ ਨੂੰ ਜਗਦੀ ਜੋਤ ਦੇ ਰੂਪ ਵਿਚ ਅਪਨਾਇਆ ਗਿਆ ਹੈ ਜਿਸ ਦੀ ਭਰਪੂਰ ਸਰਹਨਾ ਕਰਨੀ ਬਣਦੀ ਹੈ। ਸੱਭਿਆਚਾਰਕ ਤਿਓਹਾਰਾਂ ਨੂੰ ਇਸ ਤਰ੍ਹਾਂ ਰਲ਼-ਮਿਲ਼ ਕੇ ਮਨਾਉਣਾ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਨ ਹੈ।” ਕਲੱਬ ਦੇ ਸਾਰੇ ਮੈਂਬਰ ਬੁਲਾਰਿਆਂ ਦੇ ਭਾਸ਼ਨਾਂ, ਨਾਚ-ਗਾਣਿਆਂ ਅਤੇ ਸੁਆਦਲੇ ਖਾਣਿਆਂ ਨਾਲ ਬੜੇ ਖ਼ੁਸ਼ ਨਜ਼ਰ ਆ ਰਹੇ ਸਨ ਅਤੇ ਇਹ ਖ਼ੁਸ਼ੀ ਉਨ੍ਹਾਂ ਦੇ ਚਿਹਰਿਆਂ ਤੋਂ ਸਾਫ਼ ਨਜ਼ਰ ਆ ਰਹੀ ਸੀ। ਦੀਵਾਲੀ ਅਤੇ ਹੈਲੋਵੀਨ ਵਰਗੇ ਰਵਾਇਤੀ ਤਿਓਹਾਰਾਂ ਨੂੰ ਸਾਂਝੇ ਤੌਰ ‘ਤੇ ਮਨਾਉਣ ਨਾਲ ਆਪਸੀ ਨੇੜਤਾ ਅਤੇ ਸਦਭਾਵਨਾ ਦਾ ਅਹਿਸਾਸ ਵਿਖਾਈ ਦੇ ਰਿਹਾ ਸੀ। ਸਮੂਹ ਮੈਂਬਰਾਂ ਦਾਂ ਧੰਨਵਾਦ ਕਰਦਿਆਂ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਨੇ ਕਿਹਾ, ”ਸਾਡੀ ਕਲੱਬ ਦੀ ਨੀਂਹ ਮਾਣ-ਮੱਤੇ ਸੱਭਿਆਚਾਰ ਅਤੇ ਕਮਿਊਨਿਟੀ ਦੀ ਸੇਵਾ ਦੇ ਆਧਾਰਿਤ ਹੈ ਅਤੇ ਮੈਨੂੰ ਖ਼ੁਸ਼ੀ ਹੈ ਕਿ ਕਲੱਬ ਇਹ ਸੇਵਾ ਬਾਖ਼ੂਬੀ ਨਿਭਾਅ ਰਹੀ ਹੈ। ਕਲੱਬ ਦੀਆਂ ਸਰਗਰਮੀਆਂ ਨੂੰ ਅੱਗੇ ਵਧਾਉਣ ਲਈ ਮੈਂ ਸਮੂਹ ਮੈਂਬਰਾਂ ਦਾ ਅਤੀ ਧੰਨਵਾਦੀ ਹਾਂ ਅਤੇ ਉਨ੍ਹਾਂ ਮੈਂਬਰਾਂ ਦਾ ਖ਼ਾਸ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਵੈੱਟਰਨਜ਼ ਲਈ ਫ਼ੰਡ-ਰੇਜ਼ਿੰਗ ਲਈ ਉਚੇਚੇ ਯਤਨ ਕੀਤੇ ਹਨ।” ਇਹ ਸਮਾਗ਼ਮ ਵੱਖ-ਵੱਖ ਕਮਿਊਨਿਟੀਆਂ ਦੀ ਏਕਤਾ, ਅਖੰਡਤਾ ਅਤੇ ਕਲੱਬ ਵੱਲੋਂ ਸਾਂਝੇ ਯਤਨਾਂ ਰਾਹੀਂ ਕੀਤੇ ਜਾ ਰਹੇ ਕਮਿਊਨਿਟੀ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਵਿੱਚ ਹੋਰ ਤੇਜ਼ੀ ਲਿਆਉਣ ਦੇ ਸੰਕਲਪ ਨਾਲ ਸਮਾਪਤ ਹੋਇਆ। ਸਾਰੇ ਮੈਂਬਰਾਂ ਨੇ ਅੱਗੋਂ ਹੋਰ ਵੀ ਸਮੱਰਪਿਤ ਭਾਵਨਾ ਨਾਲ ਕੰਮ ਕਰਨ ਦੇ ਇਰਾਦੇ ਨਾਲ ਇੱਕ ਦੂਸਰੇ ਤੋਂ ਵਿਦਾਇਗੀ ਲਈ।

 

RELATED ARTICLES
POPULAR POSTS