Breaking News
Home / ਕੈਨੇਡਾ / ਪ੍ਰਧਾਨ ਮੰਤਰੀ ਟਰੂਡੋ ਵਲੋਂ ਕਿਫਾਇਤੀ ਹਾਊਸਿੰਗ ਯੋਜਨਾ ਦਾ ਖੁਲਾਸਾ

ਪ੍ਰਧਾਨ ਮੰਤਰੀ ਟਰੂਡੋ ਵਲੋਂ ਕਿਫਾਇਤੀ ਹਾਊਸਿੰਗ ਯੋਜਨਾ ਦਾ ਖੁਲਾਸਾ

ਮਾਹਿਰਾਂ ਤੇ ਸਿਆਸਤਦਾਨਾਂ ਦੇ ਵਿਚਾਰ ਵੱਖ-ਵੱਖ
ਓਟਵਾ/ਬਿਊਰੋ ਨਿਊਜ਼
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਫਾਇਤੀ ਹਾਊਸਿੰਗ ਯੋਜਨਾ ਦਾ ਖੁਲਾਸਾ ਕੀਤਾ ਗਿਆ। ਇਸ ਤੋਂ ਬਾਅਦ ਹਾਊਸਿੰਗ ਮਾਹਿਰਾਂ ਤੇ ਸਿਆਸਤਦਾਨਾਂ ਦੇ ਵਿਚਾਰ ਵੱਖ-ਵੱਖ ਹਨ। ਘੱਟ ਆਮਦਨ ਵਾਲੇ ਵਿਅਕਤੀਆਂ ਲਈ ਨਵੇਂ ਹਾਊਸਿੰਗ ਫਾਇਦੇ, ਉਮਰ ਵਿਹਾਅ ਚੁੱਕੇ ਕਿਫਾਇਤੀ ਘਰਾਂ ਦੀ ਮੁਰੰਮਤ ਉੱਤੇ ਆਉਣ ਵਾਲੇ ਬਿਲੀਅਨ ਡਾਲਰ ਦੇ ਖਰਚ, 60 ਹਜ਼ਾਰ ਹੋਰ ਨਵੀਆਂ ਕਿਫਾਇਤੀ ਯੂਨਿਟਾਂ ਤਿਆਰ ਕਰਨਾ ਸਰਕਾਰ ਦੀ ਰਣਨੀਤੀ ਦਾ ਹਿੱਸਾ ਹਨ। ਸਟੈਟੇਸਟਿਕਸ ਕੈਨੇਡਾ ਤੋਂ ਹਾਸਲ ਹੋਏ ਤਾਜ਼ਾ ਅੰਕੜਿਆਂ ਅਨੁਸਾਰ 2016 ਵਿੱਚ 1.7 ਮਿਲੀਅਨ ਕੈਨੇਡੀਅਨਾਂ ਨੂੰ ਇਨ੍ਹਾਂ ਘਰਾਂ ਦੀ ਲੋੜ ਸੀ।
ਜਸਟਿਡ ਟਰੂਡੋ ਨੇ ਕਿਹਾ ਕਿ ਇਹ ਪਹਿਲੀ ਵਾਰੀ ਕਿਸੇ ਸਰਕਾਰ ਵੱਲੋਂ ਨੈਸ਼ਨਲ ਹਾਊਸਿੰਗ ਰਣਨੀਤੀ ਤਹਿਤ ਕੈਨੇਡਾ ਦੀ ਪਹਿਲੀ ਅਜਿਹੀ ਯੋਜਨਾ ਲਿਆਂਦੀ ਗਈ ਹੈ। ਇਸ ਯੋਜਨਾ ਤਹਿਤ 15.9 ਬਿਲੀਅਨ ਡਾਲਰ ਹਾਊਸਿੰਗ ਫੰਡ ਰਾਹੀਂ ਨਵੀਂਆਂ ਹਾਊਸਿੰਗ ਯੂਨਿਟ ਤਿਆਰ ਕੀਤੀਆਂ ਜਾਣਗੀਆਂ ਤੇ 240,000 ਮੌਜੂਦਾ ਕਿਫਾਇਤੀ ਹਾਊਸਿੰਗ ਯੂਨਿਟਸ ਦੀ ਮੁਰੰਮਤ ਲਈ ਪੈਸੇ ਮੁਹੱਈਆ ਕਰਵਾਏ ਜਾਣਗੇ। ਹੋਰ 2.2 ਬਿਲੀਅਨ ਡਾਲਰ ਬੇਘਰੇ ਲੋਕਾਂ ਦੀ ਸਮੱਸਿਆ ਦੂਰ ਕਰਨ ਲਈ ਖਰਚੇ ਜਾਣਗੇ।
ਪਰ ਸਾਬਕਾ ਪਾਰਲੀਮਾਨੀ ਬਜਟ ਅਫਸਰ ਕੈਵਿਨ ਪੇਜ, ਜੋ ਕਿ ਹੁਣ ਕੈਨੇਡੀਅਨ ਅਲਾਇੰਸ ਟੂ ਐਂਡ ਹੋਮਲੈੱਸਨੈੱਸ ਦੇ ਕੋ-ਚੇਅਰ ਹਨ, ਨੇ ਇਸ ਯੋਜਨਾ ਨੂੰ ਯਕੀਨਨ ਇੱਕ ਚੰਗੀ ਰਣਨੀਤੀ ਦੱਸਿਆ ਪਰ ਉਨ੍ਹਾਂ ਇਸ ਦੀਆਂ ਕਮੀਆਂ ਉੱਤੇ ਵੀ ਉਂਗਲ ਉਠਾਈ। ਉਨ੍ਹਾਂ ਆਖਿਆ ਕਿ ਪੋਰਟੇਬਲ ਹਾਊਸਿੰਗ ਬੈਨੇਫਿਟ, ਜਿਸ ਤਹਿਤ ਸੋਸ਼ਲ ਹਾਊਸਿੰਗ ਜਾਂ ਸਹਿਯੋਗ ਦੀ ਉਡੀਕ ਕਰਨ ਵਾਲਿਆਂ ਨੂੰ 2500 ਡਾਲਰ ਦੀ ਸਹਾਇਤਾ ਦੇਣ ਦੀ ਗੱਲ ਆਖੀ ਜਾ ਰਹੀ ਹੈ, 2021 ਤੋਂ ਬਾਅਦ ਸ਼ੁਰੂ ਹੋਵੇਗਾ। ਪਰ ਜੇ 2019 ਦੀਆਂ ਚੋਣਾਂ ਵਿੱਚ ਲਿਬਰਲ ਨਹੀਂ ਜਿੱਤਦੇ ਤਾਂ ਇਸ ਯੋਜਨਾ ਦਾ ਕੀ ਬਣੇਗਾ।
ਐਨਡੀਪੀ ਆਗੂ ਜਗਮੀਤ ਸਿੰਘ ਨੇ ਇਸ ਐਲਾਨ ਨੂੰ ਖਾਰਜ ਕਰਦਿਆਂ ਆਖਿਆ ਕਿ ਕੈਨੇਡਾ ਨੂੰ ਕਿਫਾਇਤੀ ਹਾਊਸਿੰਗ ਦੇ ਸਬੰਧ ਵਿੱਚ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ। ਓਟਵਾ ਵਿੱਚ ਗੱਲ ਕਰਦਿਆਂ ਜਗਮੀਤ ਸਿੰਘ ਨੇ ਆਖਿਆ ਕਿ ਇਸ ਸਮੇਂ ਦੇਸ਼ ਵਿੱਚ ਹਾਊਸਿੰਗ ਸੰਕਟ ਬਹੁਤ ਡੂੰਘਾ ਹੈ। 1.7 ਮਿਲੀਅਨ ਕੈਨੇਡੀਅਨ ਅਜਿਹੇ ਹਨ ਜਿਨ੍ਹਾਂ ਕੋਲ ਰਹਿਣ ਲਈ ਚੱਜ ਦਾ ਘਰ ਨਹੀਂ ਹੈ। ਅਸੀਂ ਫੰਡਾਂ ਦੀ ਉਡੀਕ ਨਹੀਂ ਕਰ ਸਕਦੇ। ਸਾਨੂੰ ਹੁਣੇ ਇਸ ਸਮੱਸਿਆ ਦਾ ਹੱਲ ਚਾਹੀਦਾ ਹੈ। ਸਰਕਾਰ ਦੀ ਇਹ ਯੋਜਨਾ ਕਾਲਪਨਿਕ ਹੈ। ਸਰਕਾਰ ਨੂੰ ਹੁਣ ਇਸ ਸਬੰਧ ਵਿੱਚ ਕਾਰਵਾਈ ਕਰਨੀ ਚਾਹੀਦੀ ਹੈ।
ਕੰਸਰਵੇਟਿਵ ਐਮਪੀ ਕੈਂਡੇਸ ਬਰਜਨ, ਜੋ ਕਿ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਕੰਸਰਵੇਟਿਵ ਸਰਕਾਰ ਵਿੱਚ ਹਾਊਸਿੰਗ ਮੰਤਰੀ ਸਨ, ਨੇ ਸਰਕਾਰ ਦੀ ਪਹੁੰਚ ਦਾ ਵਿਰੋਧ ਕਰਦਿਆਂ ਆਖਿਆ ਕਿ ਕੈਨੇਡੀਅਨਾਂ ਨੂੰ ਓਟਵਾ ਵਿੱਚ ਅਜਿਹੇ ਲੋਕਾਂ ਦੇ ਗਰੁੱਪ ਦੀ ਕੋਈ ਲੋੜ ਨਹੀਂ ਹੈ ਜਿਹੜੇ ਉਨ੍ਹਾਂ ਨੂੰ ਇਹ ਦੱਸਣ ਕਿ ਹਾਊਸਿੰਗ ਚੁਣੌਤੀਆਂ ਨੂੰ ਦਰੁਸਤ ਕਿਵੇਂ ਕਰਨਾ ਹੈ। ਕੈਨੇਡਾ ਦੇ ਵੱਖ-ਵੱਖ ਖਿੱਤਿਆਂ ਦੀਆਂ ਵੱਖ-ਵੱਖ ਚੁਣੌਤੀਆਂ ਹਨ ਤੇ ਵੱਖ-ਵੱਖ ਮਿਉਂਸਪੈਲਟੀਜ਼ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …