Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਨੰਦ ਲਾਲ ਨੂਰਪੁਰੀ ਨੂੰ ਬਰਸੀ ਮੌਕੇ ਕੀਤਾ ਗਿਆ ਯਾਦ ਅਤੇ ‘ਫਾਦਰਜ਼ ਡੇਅ’ ਉੱਪਰ ਹੋਈ ਗੱਲਬਾਤ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਨੰਦ ਲਾਲ ਨੂਰਪੁਰੀ ਨੂੰ ਬਰਸੀ ਮੌਕੇ ਕੀਤਾ ਗਿਆ ਯਾਦ ਅਤੇ ‘ਫਾਦਰਜ਼ ਡੇਅ’ ਉੱਪਰ ਹੋਈ ਗੱਲਬਾਤ

ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ (ਰਜਿ.) ਵੱਲੋਂ ਆਪਣਾ ਮਹੀਨਾਵਾਰ ਸਮਾਗਮ ਸਰੋਤਿਆਂ ਦੀ ਭਰਵੀਂ ਹਾਜ਼ਰੀ ਵਿੱਚ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਆਏ ਹੋਏ ਕਵੀ ਸੱਜਣਾਂ ਵੱਲੋਂ ਆਪਣੀਆਂ ਰਚਨਾਵਾਂ ਵੀ ਪੇਸ਼ ਕੀਤੀਆਂ। ਸਮਾਗਮ ਦੇ ਅਰੰਭ ਵਿੱਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵਲੋਂ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ। ਪ੍ਰਧਾਨਗੀ-ਮੰਡਲ ਵਿੱਚ ਡਾ. ਨਰਿੰਦਰ ਕੌਰ, ਕਰਨ ਅਜਾਇਬ ਸਿੰਘ ਸੰਘਾ, ਲਹਿੰਦੇ ਪੰਜਾਬ ਤੋਂ ਨਦੀਮ ਰਸ਼ੀਦ ਅਤੇ ਸ਼ਾਮ ਸੰਧੂ ਆਦਿ ਸ਼ਾਮਲ ਸਨ।
ਸਮਾਗਮ ਦੇ ਪਹਿਲੇ ਭਾਗ ਵਿੱਚ ਮਲੂਕ ਸਿੰਘ ਕਾਹਲੋਂ ਵਲੋਂ ਮਰਹੂਮ ਸ਼ਾਇਰ ਨੰਦ ਲਾਲ ਨੂਰਪੁਰੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾਂਜਲੀ ਪੇਸ਼ ਕਰਦਿਆਂ ਉਨ੍ਹਾਂ ਦੇ ਜੀਵਨ ਅਤੇ ਕਾਵਿ-ਸੰਸਾਰ ਉੱਪਰ ਸੰਖੇਪ ਜਾਣਕਾਰੀ ਪੇਸ਼ ਕੀਤੀ ਗਈ। ਆਪਣੀ ਗੱਲ ਕਰਦਿਆਂ ਕਾਹਲੋਂ ਨੇ ਕਿਹਾ ਕਿ ਨੂਰਪੁਰੀ ਪੰਜਾਬੀ ਸਾਹਿਤ ਦੇ ਬਹੁਤ ਵੱਡੇ ਸ਼ਾਇਰ ਹਨ ਪਰ ਸਮੇਂ ਦੀ ਗਰਦਿਸ਼ ਅਤੇ ਪੰਜਾਬੀਆਂ ਦੀ ਅਣਗਹਿਲੀ ਨੇ ਉਨ੍ਹਾਂ ਵੱਲੋਂ ਪੰਜਾਬੀ ਸਾਹਿਤ ਵਿੱਚ ਪਾਏ ਗਏ ਯੋਗਦਾਨ ਨੂੰ ਅਣਗੌਲਿਆਂ ਕਰ ਛੱਡਿਆ ਹੈ। ਸਮਾਗਮ ਦੇ ਇਸ ਭਾਗ ਵਿੱਚ ਹੀ ਦੂਸਰੇ ਬੁਲਾਰੇ ਪੰਜਾਬ ਦੇ ਸ਼ਹਿਰ ਲੁਧਿਆਣਾ ਤੋਂ ਆਈ ਮੈਡਮ ਡਾ. ਨਰਿੰਦਰ ਕੌਰ ਵੱਲੋਂ ‘ਫਾਦਰਜ਼ ਡੇਅ’ ਉੱਪਰ ਆਪਣਾ ਪੇਪਰ ਪੜ੍ਹਿਆ ਗਿਆ। ਉਨ੍ਹਾਂ ਵੱਲੋਂ ਜਿੱਥੇ ‘ਫਾਦਰਜ਼ ਡੇਅ’ ਦੀ ਅੰਤਰਰਾਸ਼ਟਰੀ ਪੱਧਰ ‘ਤੇ ਵਿਸ਼ੇਸ਼ਤਾ ਨੂੰ ਦਰਸਾਇਆ ਗਿਆ, ਉੱਥੇ ਉਨ੍ਹਾਂ ਨੇ ਆਪਣੇ ਪੇਪਰ ਵਿੱਚ ਪਿਤਾ ਦੇ ਪਰਿਵਾਰ ਲਈ ਯੋਗਦਾਨ ਦੀ ਮਹੱਤਤਾ ਨੂੰ ਵੀ ਬਾਖੂਬੀ ਬਿਆਨ ਕੀਤਾ ਗਿਆ। ਸਰੋਤਿਆਂ ਵਿੱਚੋਂ ਬਲਰਾਜ ਚੀਮਾ ਵੱਲੋਂ ਨੰਦ ਲਾਲ ਨੂਰਪੁਰੀ ਨਾਲ ਆਪਣੀ ਮਿੱਤਰਤਾ ਦਾ ਜ਼ਿਕਰ ਕੀਤਾ ਗਿਆ। ਇਸ ਮੌਕੇ ਉੱਘੇ ਗਾਇਕ ਇਕਬਾਲ ਬਰਾੜ ਨੇ ਨੰਦ ਲਾਲ ਨੂਰਪੁਰੀ ਦਾ ਇੱਕ ਗੀਤ ਅਤੇ ਫਾਦਰਜ਼ ਡੇਅ ਨੂੰ ਸਮਰਪਿਤ ਇੱਕ ਹੋਰ ਗੀਤ ਗਾ ਕੇ ਆਪਣੀ ਹਾਜ਼ਰੀ ਲਗਵਾਈ।
ਸਮਾਗਮ ਦੇ ਦੂਸਰੇ ਭਾਗ ਵਿੱਚ ਆਏ ਕਵੀਜਨਾਂ ਵੱਲੋਂ ਆਪਣੇ ਕਲਾਮ ਪੇਸ਼ ਕੀਤੇ ਗਏ ਜਿਨ੍ਹਾਂ ਵਿੱਚ ਪ੍ਰਧਾਨਗੀ ਵਿੱਚੋਂ ਨਦੀਮ ਰਸ਼ੀਦ ਨੇ ਸੂਫੀ ਕਵੀ ਬੁੱਲ੍ਹੇਸ਼ਾਹ ਦੇ ਕਲਾਮ ਦੀ ਤਰਜ਼ ਉਪਰ ਇੱਕ ਮਜ਼ਾਈਆ ਕਵਿਤਾ ਪੇਸ਼ ਕੀਤੀ। ਸ਼ਾਮ ਸੰਧੂ ਵੱਲੋਂ ਜ਼ਿੰਦਗੀ ਨੂੰ ਨਸੀਹਤ ਦਿੰਦੀ ਕਵਿਤਾ ਕਹੀ ਗਈ। ਇਸ ਮੌਕੇ ਆਪਣੀਆਂ ਰਚਨਾਵਾਂ ਸੁਣਾਉਣ ਵਾਲਿਆਂ ਵਿੱਚ ਰੂਬੀ ਕਰਤਾਰਪੁਰੀ, ਰਮਿੰਦਰ ਵਾਲੀਆ, ਸੁਤਿੰਦਰ ਕੌਰ ਕਾਹਲੋਂ, ਰੇਖਾ ਮਹਾਜਨ, ਅਮਰਜੀਤ ਪੰਛੀ, ਉਜ਼ਮਾ ਮਾਸੂਦ, ਹੀਰਾ ਸਿੰਘ ਹੰਸਪਾਲ, ਬੁਸ਼ੱਰਤ ਰਿਹਾਨ, ਮਕਸੂਦ ਚੌਧਰੀ, ਪ੍ਰਿੰਸੀਪਲ ਗਿਆਨ ਸਿੰਘ ਘਈ, ਹਰਮੇਸ਼ ਜੀਂਦੋਵਾਲ, ਪਰਮਜੀਤ ਢਿੱਲੋਂ, ਮਲੂਕ ਸਿੰਘ ਕਾਹਲੋਂ, ਤਲਵਿੰਦਰ ਮੰਡ, ਰਾਜੀਵ ਪੁੰਜ, ਗੁਰਸੇਵਕ ਸਿੰਘ, ਸੁਰਿੰਦਰ ਸਿੰਘ ਬਰਿਆਣਾ, ਜਗਮੇਲ ਸਿੰਘ ਰਾਟੌਲ, ਸਤਪਾਲ ਸਿੰਘ ਕੋਮਲ, ਅਵਤਾਰ ਸੰਧੂ, ਅਜੀਤ ਸੰਧੂ, ਨਰਿੰਦਰ ਸਰ੍ਹਾਂ ਆਦਿ ਸ਼ਾਮਲ ਸਨ।
ਭਾਰਤ ਤੋਂ ਆਏ ਪ੍ਰੋ. ਅਤਿੰਦਰ ਢਿੱਲੋਂ ਅਤੇ ਅਜੈਬ ਸਿੰਘ ਚੱਠਾ ਵੱਲੋਂ ਸਮਾਗਮ ਵਿੱਚ ਵਿਸ਼ੇਸ਼ ਸ਼ਿਰਕਤ ਕੀਤੀ ਗਈ। ਅਖੀਰ ਵਿੱਚ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਪਹਿਲੇ ਭਾਗ ਦੀ ਸਟੇਜੀ ਕਾਰਵਾਈ ਤਲਵਿੰਦਰ ਮੰਡ ਵੱਲੋਂ ਅਤੇ ਦੂਸਰੇ ਭਾਗ ਦੀ ਕਾਰਵਾਈ ਪਰਮਜੀਤ ਢਿੱਲੋਂ ਵੱਲੋਂ ਨਿਭਾਈ ਗਈ। ਕੁਲ ਮਿਲਾ ਕੇ ਇਹ ਸਮਾਗਮ ਗਿਣਾਤਮਿਕ ਅਤੇ ਗੁਣਾਤਮਿਕ ਦੋਹਾਂ ਪੱਖਾਂ ਤੋਂ ਹੀ ਬੇਹੱਦ ਸਫਲ ਰਿਹਾ।

 

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …