Breaking News
Home / ਕੈਨੇਡਾ / ਅਮਰਦੀਪ ਮੇਲੇ ਵਿੱਚ ‘ਪੰਜਾਬੀ ਖੇਡ ਸਾਹਿਤ’ ਦੇ ਚਾਰ ਭਾਗ ਰਿਲੀਜ਼

ਅਮਰਦੀਪ ਮੇਲੇ ਵਿੱਚ ‘ਪੰਜਾਬੀ ਖੇਡ ਸਾਹਿਤ’ ਦੇ ਚਾਰ ਭਾਗ ਰਿਲੀਜ਼

ਪ੍ਰਿੰਸੀਪਲ ਸਰਵਣ ਸਿੰਘ
ਅਮਰਦੀਪ ਮੈਮੋਰੀਅਲ ਕਾਲਜ ਮੁਕੰਦਪੁਰ ਦੇ ਅਮਰਦੀਪ ਮੇਲੇ ਵਿੱਚ ਡਾ ਸਰਦਾਰਾ ਸਿੰਘ ਜੌਹਲ ਨੇ ਪੰਜਾਬੀ ਖੇਡ ਸਾਹਿਤ ਦੇ ਚਾਰੇ ਭਾਗ ‘ਸ਼ਬਦਾਂ ਦੇ ਖਿਡਾਰੀ’, ‘ਖੇਡ ਸਾਹਿਤ ਦੀਆਂ ਬਾਤਾਂ’, ‘ਖੇਡ ਸਾਹਿਤ ਦੇ ਮੋਤੀ’ ਤੇ ‘ਖੇਡ ਸਾਹਿਤ ਦੇ ਹੀਰੇ’ ਲੋਕ ਅਰਪਨ ਕੀਤੇ। ਉਮਰ ਦੇ 80ਵਿਆਂ ‘ਚ ਮੇਰੀ ਕਲਮ ਹੋਰ ਤੇਜ਼ ਦੌੜਨ ਲੱਗੀ ਹੈ। ਕੋਵਿਡ ਕਾਲ ਦੌਰਾਨ ‘ਪੰਜਾਬੀ ਟ੍ਰਿਬਿਊਨ’ ਦੇ ‘ਤਬਸਰਾ’ ਅੰਕ ਵਿੱਚ ਮੇਰੀ ਪੂਰੇ ਅਖ਼ਬਾਰੀ ਪੰਨੇ ਦੇ 111 ਲੇਖਾਂ ਦੀ ਲੰਮੀ ਲੜੀ ‘ਪੰਜਾਬੀ ਖੇਡ ਸਾਹਿਤ’ ਸਿਰਲੇਖ ਹੇਠ ਛਪੀ ਸੀ। 2020-22 ਦੌਰਾਨ ਉਪ੍ਰੋਕਤ ਚਾਰ ਪੁਸਤਕਾਂ ਨਾਲ ਮੇਰੀਆਂ ਪੰਜ ਹੋਰ ਪੁਸਤਕਾਂ ‘ਉਡਣਾ ਸਿੱਖ ਮਿਲਖਾ ਸਿੰਘ’, ‘ਪੰਜਾਬੀਆਂ ਦਾ ਖੇਡ ਸਭਿਆਚਾਰ’, ‘ਪੰਜਾਬੀ ਕਹਾਣੀ ਦਾ ਸ਼ਾਹ-ਸਵਾਰ ਵਰਿਆਮ ਸਿੰਘ ਸੰਧੂ’ ਅਤੇ ‘ਮੇਰੀ ਕਲਮ ਦੀ ਮੈਰਾਥਨ’ ਵੀ ਛਪੀਆਂ ਹਨ। ਹੁਣ ਮੈਂ ਵਿਸ਼ਵ ਦੇ ਮਹਾਨ ਖਿਡਾਰੀਆਂ ਦੀ ਲੇਖ ਲੜੀ ਲਿਖ ਰਿਹਾਂ ਜੋ ‘ਪੰਜਾਬੀ ਟ੍ਰਿਬਿਊਨ’ ਦੇ ਸੱਤ ਰੰਗ ਅੰਕ ਵਿਚ ਛਪ ਰਹੀ ਹੈ। ਮੇਰੀਆਂ ਪੁਸਤਕਾਂ ਪ੍ਰਾਪਤ ਕਰਨ ਲਈ ਫੋਨ 92090-00001, 99151-03490, 98152-43917 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਮੈਂ ਆਪਣੀ ਸਵੈ-ਜੀਵਨੀ ‘ਹਸੰਦਿਆਂ ਖੇਲੰਦਿਆਂ’ ਵਿੱਚ ਲਿਖਿਆ ਸੀ, ”ਜੀਹਨੇ ਲੰਮਾ ਸਮਾਂ ਜਿਊਣਾ ਹੋਵੇ ਉਹ ਕਿਸੇ ਨਾ ਕਿਸੇ ਆਹਰੇ ਜ਼ਰੂਰ ਲੱਗਾ ਰਹੇ ਤੇ ਤੋਰਾ ਫੇਰਾ ਜਾਰੀ ਰੱਖੇ। ਆਹਰ ਪਾਹਰ ਤੇ ਤੋਰੇ ਫੇਰੇ ਵਿੱਚ ਹੀ ਜੀਵਨ ਦਾ ਚਾਅ ਹੈ, ਖੇੜਾ ਤੇ ਅਨੰਦ ਹੈ। ਕੁੱਝ ਵੇਖਣ ਦੀ ਇੱਛਾ, ਕੁੱਝ ਕਰਨ ਤੇ ਜਾਣਨ ਮਾਣਨ ਦੀ ਰੀਝ ਹਮੇਸ਼ਾਂ ਬਣੀ ਰਹਿਣੀ ਚਾਹੀਦੀ ਹੈ। ਇੱਛਾ ਮੁੱਕ ਜਾਵੇ ਤਾਂ ਜੀਵਨ ਦੇ ਚਾਅ ਈ ਮੁੱਕ ਜਾਂਦੇ ਨੇ। ਰੀਝਾਂ ਮਰ ਜਾਣ ਤਾਂ ਕਲਪਨਾ ਵੀ ਕੁਮਲਾਅ ਜਾਂਦੀ ਐ। ਬੰਦਾ ਇੱਛਾਵਾਂ ਤੇ ਕਾਮਨਾਵਾਂ ਦੇ ਸਿਰ ‘ਤੇ ਹੀ ਪੀੜ੍ਹੀ ਦਰ ਪੀੜ੍ਹੀ ਜਿਉਂਦਾ ਆ ਰਿਹੈ। ਕੁੱਝ ਕਰਨ ਦੀ ਉਮੰਗ ਤੇ ਕੁੱਝ ਮਾਣਨ ਦੀ ਤਰੰਗ ਨੂੰ ਪੂਰੀ ਕਰਨ ਲਈ ਆਹਰੇ ਲੱਗੇ ਰਹਿਣਾ ਈ ਜ਼ਿੰਦਗੀ ਹੈ।
ਧਰਤੀ, ਚੰਦ, ਸੂਰਜ ਤੇ ਤਾਰੇ ਸਭ ਹਰਕਤ ਵਿੱਚ ਹਨ। ਪੰਖੇਰੂ ਬਿਨਾਂ ਮਤਲਬ ਨਹੀਂ ਉਡੇ ਫਿਰਦੇ। ਹੀਰੇ ਹਿਰਨ ਭਲਾ ਕਾਹਦੇ ਲਈ ਚੁੰਗੀਆਂ ਭਰਦੇ ਨੇ? ਮੱਛੀਆਂ ਪਾਣੀ ਵਿੱਚ ਕਿਉਂ ਤਰਦੀਆਂ ਤੇ ਕਲੋਲਾਂ ਕਰਦੀਆਂ ਹਨ? ਦਰਿਆ ਵਗਦੇ ਰਹਿਣ ਨਾਲ ਈ ਤਰੋ ਤਾਜ਼ਾ ਨੇ। ਖੜ੍ਹੇ ਪਾਣੀ ਮੁਸ਼ਕ ਜਾਂਦੇ ਨੇ। ਬੈਠੇ-ਬੈਠੇ ਤਾਂ ਸ਼ੇਰ ਬਘੇਲੇ ਵੀ ਸ਼ਿਕਾਰ ਨਾ ਮਾਰ ਸਕਣ ਅਤੇ ਭੁੱਖੇ ਮਰ ਜਾਣ। ਧੁੱਪਾਂ ਚੜ੍ਹਦੀਆਂ ਲਹਿੰਦੀਆਂ ਤੇ ਹਵਾਵਾਂ ਰੁਮਕਦੀਆਂ ਰਹਿੰਦੀਆਂ ਹਨ।
ਬ੍ਰਹਿਮੰਡ ਦਾ ਨਾਦ ਸਦਾ ਵੱਜਦਾ ਰਹਿੰਦਾ ਹੈ। ਇਹੋ ਜੀਵਨ ਦਾ ਭੇਤ ਹੈ। ਹਰਕਤ ਵਿੱਚ ਹੀ ਜ਼ਿੰਦਗੀ ਹੈ। ਕੁਦਰਤ ਦਾ ਸ਼ੁਕਰ ਹੈ, ਹਾਲਾਂ ਹਰਕਤ ਵਿੱਚ ਹਾਂ ਤੇ ਪੜ੍ਹਦਾ ਲਿਖਦਾ, ਸੈਰਾਂ ਕਰਦਾ, ਬਦਲਦੀ ਤੇ ਵਿਗਸਦੀ ਦੁਨੀਆ ਦਾ ਮੇਲਾ ਵੇਖੀ ਜਾ ਰਿਹਾਂ।
ਸਵੇਰੇ ਚਾਰ ਕਿਲੋਮੀਟਰ ਤੁਰਨਾ, ਕੁਝ ਤੈਰਨਾ, ਸ਼ਾਮੀ ਦੋ ਕੁ ਕਿਲੋਮੀਟਰ ਦੀ ਚਹਿਲ ਕਦਮੀ ਕਰਨੀ ਤੇ ਸੰਜਮ ਨਾਲ ਖਾਣਾ ਪੀਣਾ ਮੇਰਾ ਅਜੋਕਾ ਰੁਟੀਨ ਹੈ। ਦੋ ਢਾਈ ਘੰਟੇ ਸਿਹਤ ਦੇ ਲੇਖੇ ਲਾ ਕੇ ਅੱਠ ਨੌਂ ਘੰਟੇ ਪੜ੍ਹਦਾ ਲਿਖਦਾ ਹਾਂ। ਪਾਠਕਾਂ, ਲੇਖਕਾਂ, ਖਿਡਾਰੀਆਂ, ਦੋਸਤਾਂ ਤੇ ਰਿਸ਼ਤੇਦਾਰਾਂ ਦੀਆਂ ਸ਼ੁਭ ਦੁਆਵਾਂ ਨਾਲ ਹਾਲੇ ਕਾਇਮ ਦਾਇਮ ਹਾਂ ਜਿਸ ਲਈ ਸਭਨਾਂ ਦਾ ਧੰਨਵਾਦੀ ਹਾਂ। ਜਿਹੜੇ ਇਸ ਪੋਸਟ ਨੂੰ ਪੜ੍ਹਨਗੇ ਜਾਂ ਸ਼ੇਅਰ ਕਰਨਗੇ ਉਹਨਾਂ ਦਾ ਅਗਾਊਂ ਸ਼ੁਕਰੀਆ।
ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ॥
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ॥

 

Check Also

ਐੱਮ.ਪੀ. ਸੋਨੀਆ ਸਿੱਧੂ ਵੱਲੋਂ ਹੈੱਲਥ ਕੇਅਰ ਅਤੇ ਪਬਲਿਕ ਸੇਫਟੀ ਨਾਲ ਜੁੜੇ ਮੁੱਦੇ ਸਬੰਧਿਤ-ਧਿਰਾਂ ਨਾਲ ਸਾਂਝੇ ਕੀਤੇ ਗਏ

ਬਰੈਂਪਟਨ : ਕਮਿਊਨਿਟੀ ਦੀ ਸੁਰੱਖ਼ਿਆ ਤੇ ਭਲਾਈ ਅਤੇ ਬਰੈਂਪਟਨ ਤੇ ਸਮੁੱਚੇ ਕੈਨੇਡਾ-ਵਾਸੀਆਂ ਨੂੰ ਮਿਆਰੀ ਹੈੱਲਥਕੇਅਰ …