Breaking News
Home / ਕੈਨੇਡਾ / ਨਾਰੀ ਪੱਤਰਕਾਰਾਂ ਲਈ ਅਜੇ ਵੀ ਇਹ ਖੇਤਰ ਮੁਸ਼ਕਲਾਂ ਵਾਲਾ ਹੈ ਪਰ ਆਉਣ ਵਾਲਾ ਸਮਾਂ ਸੰਭਾਵਨਾਵਾਂ ਭਰਪੂਰ ਹੈ : ਨਵਜੋਤ ਢਿੱਲੋਂ

ਨਾਰੀ ਪੱਤਰਕਾਰਾਂ ਲਈ ਅਜੇ ਵੀ ਇਹ ਖੇਤਰ ਮੁਸ਼ਕਲਾਂ ਵਾਲਾ ਹੈ ਪਰ ਆਉਣ ਵਾਲਾ ਸਮਾਂ ਸੰਭਾਵਨਾਵਾਂ ਭਰਪੂਰ ਹੈ : ਨਵਜੋਤ ਢਿੱਲੋਂ

‘ਦ ਲਿਟਰੇਰੀ ਰਿਫ਼ਲੈੱਕਸ਼ਨਜ਼’ ਨੇ ਨਵਜੋਤ ਢਿੱਲੋਂ ਨਾਲ ਕੀਤਾ ਰੂ-ਬ-ਰੂ
ਬਰੈਂਪਟਨ/ਜਗੀਰ ਸਿੰਘ ਕਾਹਲੋਂ : ਸਾਹਿਤਕ ਸੰਸਥਾ ‘ਦ ਲਿਟਰੇਰੀ ਰਿਫ਼ਲੈੱਕਸ਼ਨਜ਼’ ਵੱਲੋਂ ਲੰਘੇ ਐਤਵਾਰ 7 ਅਗਸਤ ਨੂੰ ਰੇਡੀਓ ਮੇਜ਼ਬਾਨ ਨਵਜੋਤ ਢਿੱਲੋਂ ਨਾਲ ਰੂ-ਬ-ਰੂ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪ੍ਰਧਾਨਗੀ-ਮੰਡਲ ਵਿਚ ਉਨ੍ਹਾਂ ਦੇ ਨਾਲ ਪੱਤਰਕਾਰ ਸ਼ਮੀਲ ਜਸਵੀਰ ਅਤੇ ਪ੍ਰਸਿੱਧ ਕਹਾਣੀਕਾਰ ਤੇ ਬੁੱਧੀਜੀਵੀ ਬਲਵਿੰਦਰ ਸਿੰਘ ਗਰੇਵਾਲ ਸੁਸ਼ੋਭਿਤ ਸਨ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਨਵਜੋਤ ਢਿੱਲੋਂ ਨੇ ਆਪਣੇ ਸ਼ੁਰੂਆਤੀ ਪੱਤਰਕਾਰੀ ਦੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਉਸ ਨੇ ਪੱਤਰਕਾਰੀ ਦਾ ਆਪਣਾ ਸਫ਼ਰ ਜਲੰਧਰ ਤੋਂ ‘ਹਿੰਦੋਸਤਾਨ ਟਾਈਮਜ਼ ਦਿੱਲੀ’ ਦੇ ਪ੍ਰਤੀਨਿਧ ਵਜੋਂ ਆਰੰਭ ਕੀਤਾ। ਇਸ ਦੌਰਾਨ ਉਸ ਨੂੰ ਔਰਤ ਪੱਤਰਕਾਰ ਹੁੰਦਿਆਂ ਬੜੀਆਂ ਮੁਸਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਇਹ ਮੁਸ਼ਕਲਾਂ ਜਿੱਥੇ ਸਥਾਪਤੀ ਦੇ ਤਾਣੇ-ਬਾਣੇ ਵੱਲੋਂ ਦਰਪੇਸ਼ ਸਨ, ਉੱਥੇ ਇਸ ਦੇ ਨਾਲ ਹੀ ਇਨ੍ਹਾਂ ਵਿਚ ਸਥਾਪਿਤ ਪੱਤਰਕਾਰ ਭਾਈਚਾਰੇ ਦਾ ਵੀ ਹੱਥ ਸੀ। ਉਸ ਨੂੰ ‘ਮੋਮ ਦਾ ਨੱਕ’ ਸਮਝ ਕੇ ਵੀ ਵਿਹਾਰ ਕੀਤਾ ਜਾਂਦਾ ਰਿਹਾ ਪਰ ਉਸ ਨੇ ਇਨ੍ਹਾਂ ਤਮਾਮ ਮੁਸ਼ਕਲਾਂ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਕਿਸੇ ਪੱਧਰ ‘ਤੇ ਵੀ ਕਿਸੇ ਕਿਸਮ ਦਾ ਕੋਈ ਸਮਝੌਤਾ ਨਹੀਂ ਕੀਤਾ।
ਫਿਰ ਕੈਨੇਡਾ ਪਹੁੰਚ ਕੇ ਵੀ ਇੱਥੇ ਪੰਜਾਬੀ ਪੱਤਰਕਾਰੀ ਦੇ ਪੇਤਲੇ ਪੱਧਰ ਕਾਰਨ ਕੁਝ ਸਮਾਂ ਪੱਤਰਕਾਰੀ ਤੋਂ ਬਾਹਰੇ ਕੰਮ ਕਰਨ ਨੂੰ ਬਿਹਤਰ ਸਮਝਿਆ ਅਤੇ ਆਪਣੀ ਯੋਗਤਾ ਤੇ ਖ਼ੁਦਦਾਰੀ ਸਦਕਾ ਇਕ ਅਦਾਰੇ ਨਾਲ ਜੁੜੀ ਅਤੇ ਆਪਣੀ ਮਿਹਨਤ, ਲਗਨ ਤੇ ਦਲੇਰੀ ਸਦਕਾ ਅੱਜ ਇਕ ਸਫ਼ਲ ਤੇ ਵੱਕਾਰੀ ਰੇਡੀਓ ਮੇਜ਼ਬਾਨ ਹੈ ਜੋ ਵੱਖ-ਵੱਖ ਸਮਕਾਲੀ ਮੁੱਦੇ ਦਲੇਰੀ ਅਤੇ ਬੇਬਾਕੀ ਨਾਲ ਪੇਸ਼ ਕਰ ਰਹੀ ਹੈ।
ਸਰੋਤਿਆਂ ਵੱਲੋਂ ਕੀਤੇ ਗਏ ਵੱਖ-ਵੱਖ ਸੁਆਲਾਂ ਦੇ ਜੁਆਬ ਦਿੰਦਿਆਂ ਨਵਜੋਤ ਨੇ ਕਿਹਾ ਕਿ ਵੰਗਾਰ ਦੇ ਸਾਹਮਣੇ ਖੜ੍ਹੇ ਹੋ ਕੇ ਹੀ ਅੱਗੇ ਵੱਧਿਆ ਜਾ ਸਕਦਾ ਹੈ। ਪੱਤਰਕਾਰੀ ਦਾ ਖ਼ੇਤਰ ਚੁਣਨਾ ਉਸ ਦੇ ਲਈ ਇਕ ਸਬੱਬ ਹੀ ਸੀ। ਕਿਸੇ ਵੇਲੇ ਉਸ ਦਾ ਉਦੇਸ਼ ਕਿਰਨ ਬੇਦੀ ਵਾਂਗ ਆਈ.ਪੀ.ਐੱਸ. ਅਫ਼ਸਰ ਬਣਨਾ ਵੀ ਸੀ। ਸੁਆਲ ਕਰਤਾਵਾਂ ਵਿਚ ਰਛਪਾਲ ਕੌਰ ਗਿੱਲ, ਮਲਵਿੰਦਰ ਸਿੰਘ, ਜਸਵਿੰਦਰ ਸਿੰਘ ਸੰਧੂ, ਗੁਰਦੇਵ ਚੌਹਾਨ, ਇੰਦਰਦੀਪ ਸਿੰਘ, ਪ੍ਰਭਜੀਤ ਸਿੰਘ ਗਰੇਵਾਲ, ਪ੍ਰੋ. ਕੁਲਜੀਤ ਕੌਰ ਗਿੱਲ, ਗੁਰਮੀਤ ਪਨਾਗ, ਅਮਰਜੀਤ ਕੌਰ ਪੰਛੀ, ਕੁਮਾਰੀ ਕਮਲਪ੍ਰੀਤ, ਜੰਗੀਰ ਸਿੰਘ ਸੈਂਹਬੀ ਅਤੇ ਹਰਚੰਦ ਸਿੰਘ ਬਾਸੀ ਸ਼ਾਮਲ ਸਨ।
ਸਮਾਗਮ ਦੇ ਆਰੰਭ ਵਿਚ ਨਵਜੋਤ ਢਿੱਲੋਂ ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਸਿੱਧ ਪੱਤਰਕਾਰ ਸ਼ਮੀਲ ਜਸਵੀਰ ਵੱਲੋਂ ਸਾਂਝੀ ਕੀਤੀ ਗਈ। ਆਏ ਹੋਏ ਮਹਿਮਾਨਾਂ ਤੇ ਸਰੋਤਿਆਂ ਦਾ ਸੁਆਗਤ ਸੰਸਥਾ ਦੀ ਡਾਇਰੈੱਕਟਰ ਤੇ ਕਵਿੱਤਰੀ ਸੁਰਜੀਤ ਕੌਰ ਵੱਲੋਂ ਕੀਤਾ ਗਿਆ। ਪ੍ਰਧਾਨਗੀ-ਭਾਸ਼ਨ ਵਿਚ ਬਲਵਿੰਦਰ ਸਿੰਘ ਗਰੇਵਾਲ ਨੇ ਸਮਾਜ ਵਿਚ ਔਰਤ ਦੇ ਸਥਾਨ ਤੇ ਪੱਤਰਕਾਰੀ ਵਿਚ ਨਵਜੋਤ ਦੇ ਯੋਗਦਾਨ ਬਾਰੇ ਬੜੀਆਂ ਭਾਵਪੂਰਤ ਗੱਲਾਂ ਸਾਂਝੀਆਂ ਕੀਤੀਆਂ। ਉੱਘੇ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ, ਡਾ.ਕੰਵਲਜੀਤ ਕੌਰ ਢਿੱਲੋਂ ਅਤੇ ਪ੍ਰੋ. ਕਮਲੇਸ਼ ਦੁੱਗਲ ਜੋ ਕਿਸੇ ਕਾਰਨ ਇਸ ਸਮਾਗਮ ਵਿਚ ਹਾਜ਼ਰੀ ਨਾ ਭਰ ਸਕੇ, ਦੇ ਸੰਦੇਸ਼ ਸਟੇਜ-ਸਕੱਤਰ ਵੱਲੋਂ ਪੜ੍ਹ ਕੇ ਸੁਣਾਏ ਗਏ।
ਸਮਾਗਮ ਦੇ ਅਖ਼ੀਰ ਵਿਚ ਧੰਨਵਾਦੀ ਸ਼ਬਦ ਪਿਆਰਾ ਸਿੰਘ ਕੁੱਦੋਵਾਲ ਵੱਲੋਂ ਕਹੇ ਗਏ, ਜਦਕਿ ਸਟੇਜ-ਸਕੱਤਰ ਦੀ ਭੂਮਿਕਾ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਨਿਭਾਈ ਗਈ। ਵੱਖ-ਵੱਖ ਬੁਲਾਰਿਆਂ ਤੇ ਸਰੋਤਿਆਂ ਦਾ ਧੰਨਵਾਦ ਕਰਦੇ ਹੋਏ ‘ਪੰਜਾਬੀ ਭਵਨ ਟੋਰਾਂਟੋ’ ਦੇ ਕਰਤਾ-ਧਰਤਾ ਵਿਪਨਦੀਪ ਸਿੰਘ ਮਰੋਕ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ। ਪਵਨ ਗਰੇਵਾਲ, ਸੁਰਿੰਦਰਜੀਤ ਗਿੱਲ, ਪਰਮਜੀਤ ਕੌਰ ਦਿਓਲ, ਸੰਦੀਪ ਕੌਰ ਸੇਖੋਂ, ਅਰਸ਼ਬੀਰ ਸਿੰਘ ਸੇਖੋਂ, ਨਰਿੰਦਰ ਕੌਰ ਬੱਚੂ, ਮਨਮੋਹਨ ਸਿੰਘ ਗੁਲਾਟੀ, ਕੁਲਦੀਪ ਕੌਰ ਧੁੰਨ, ਸਰਬਜੀਤ ਕੌਰ ਕਾਹਲੋਂ, ਸ਼ਵਿੰਦਰ ਸਿੰਘ ਕਲਸੀ, ਗੁਰਮੀਤ ਕੌਰ ਜੱਸੀ, ਖ਼ੁਸ਼ੀ, ਪ੍ਰੋ. ਤਲਵਿੰਦਰ ਸਿੰਘ ਮੰਡ, ਪ੍ਰੋ. ਬਲਵੰਤ ਸਿੰਘ ਰੁਪਾਲ, ਬਲਦੇਵ ਸਿੰਘ ਪਨਾਗ, ਜੈਂਗ ਪਨਾਗ, ਬਲਜੀਤ ਕੌਰ ਪਨਾਗ, ਜਗਦੀਪ ਕੌਰ ਗਰੇਵਾਲ, ਜਤਿੰਦਰ ਕੌਰ ਰੰਧਾਵਾ, ਰਮਿੰਦਰ ਵਾਲੀਆ ਤੇ ਨਿਵੇਦਿਤਾ ਸਮੇਤ ਕਈ ਹੋਰ ਸਮਾਗਮ ਵਿਚ ਹਾਜ਼ਰ ਸਨ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …