ਬਰੈਂਪਟਨ/ਡਾ. ਝੰਡ : ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਦੇ ਸਰਗ਼ਰਮ ਮੈਂਬਰ ਬੰਤ ਸਿੰਘ ਰਾਓ ਅਨੁਸਾਰ 16 ਜੂਨ ਸ਼ਨੀਵਾਰ ਦਾ ਦਿਨ ਕਲੱਬ ਦੇ ਮੈਂਬਰਾਂ ਲਈ ਬੜਾ ਮਨਮੋਹਕ ਅਤੇ ਖ਼ੁਸ਼ੀਆਂ ਭਰਪੂਰ ਸੀ ਜਦੋਂ ਉਹ ਇਸ ਦੇ ਪ੍ਰਧਾਨ ਨਿਰਮਲ ਸਿੰਘ ਢੱਡਵਾਲ ਦੀ ਅਗਵਾਈ ਵਿਚ ਪੀਟਰਬਰੋਅ ਸ਼ਹਿਰ ਦੇ ਟੂਰ ਲਈ ਦੋ ਬੱਸਾਂ ਵਿਚ ਸਵਾਰ ਹੋ ਕੇ ਉੱਥੇ ਪਹੁੰਚੇ। ਸਵੇਰੇ 10.30 ਵਜੇ ਸਾਰੇ ਮੈਂਬਰ ਬੱਸਾਂ ਵਿਚ ਬੈਠ ਗਏ ਅਤੇ ਰਸਤੇ ਦੇ ਰਮਣੀਕ ਨਜ਼ਾਰਿਆਂ ਦਾ ਮਜ਼ਾ ਲੈਂਦੇ ਹੋਏ ਤਕਰੀਬਨ ਦੋ ਕੁ ਵਜੇ ਪੀਟਰਬਰੋਅ ਚਿੜੀਆਘਰ ਦੇ ਸਾਹਮਣੇ ਪਹੁੰਚੇ।
ਸਾਰਿਆਂ ਨੇ ਉੱਥੇ ਇਕੱਠੇ ਬੈਠ ਕੇ ਆਪਣੇ ਨਾਲ ਲਿਆਂਦਾ ਹੋਇਆ ਦੁਪਹਿਰ ਦਾ ਖਾਣਾ ਮਿਲ ਕੇ ਛਕਿਆ ਅਤੇ ਫਿਰ ਚਾਹ ਪੀ ਕੇ ਤਰੋ-ਤਾਜ਼ਾ ਹੋਣ ਉਪਰੰਤ ਪਹਿਲਾਂ ਤੋਂ ਹੀ ਸਾਲਮ ਬੁੱਕ ਕੀਤੀ ਹੋਈ ਫੈਰੀ ਵਿਚ ਠੀਕ ਤਿੰਨ ਵਜੇ ਸਵਾਰ ਹੋ ਗਏ। ਕਲੱਬ ਦੇ ਮੈਂਬਰਾਂ ਦੇ ਕਹਿਣ ਅਨੁਸਾਰ ਫੈਰੀ ਦਾ ਨਜ਼ਾਰਾ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਲ ਹੈ ਅਤੇ ਇਹ ਤਾਂ ਬੱਸ ਵੇਖਿਆਂ ਅਤੇ ਮਾਣਿਆਂ ਹੀ ਬਣਦਾ ਹੈ। ਉਨ੍ਹਾਂ ਦੇ ਖਿੜੇ ਹੋਏ ਚਿਹਰੇ ਇਸ ਦੀ ਸ਼ਾਕਸਾਤ ਗਵਾਹੀ ਭਰ ਰਹੇ ਸਨ। ਦੋ ਘੰਟੇ ਦੇ ਲੱਗਭੱਗ ਫ਼ੈਰੀ ਦੇ ਟੂਰ ਦਾ ਅਨੰਦ ਲੈਣ ਬਾਅਦ ਤਕਰੀਬਨ ਪੰਜ ਵਜੇ ਸਾਰੇ ਮੈਂਬਰ ਬੱਸਾਂ ਵਿਚ ਸਵਾਰ ਹੋ ਕੇ ਵਾਪਸੀ ਲਈ ਚੱਲ ਪਏ। ਰਸਤੇ ਵਿਚ ਪਹਿਲ ਸਿੰਘ ਮੁੰਡੀ ਅਤੇ ਹਰੀ ਸਿੰਘ ਗਿੱਲ ਹੋਰਾਂ ਨੇ ਬੱਸਾਂ ਟਿਮ ਹੌਰਟਨ ‘ਤੇ ਰੁਕਵਾ ਲਈਆਂ ਅਤੇ ਕਲੱਬ ਵੱਲੋਂ ਸਾਰੇ ਮੈਂਬਰਾਂ ਨੂੰ ਚਾਹ/ਕੌਫ਼ੀ ਛਕਾਈ ਗਈ। ਇਸ ਤਰ੍ਹਾਂ ਅੱਠ ਕੁ ਵਜੇ ਸਾਰੇ ਖ਼ੁਸ਼ੀ-ਖ਼ੁਸ਼ੀ ਆਪਣੇ ਘਰੀਂ ਪਹੁੰਚੇ।
ਵਾਪਸੀ ‘ਤੇ ਜੰਗੀਰ ਸਿੰਘ ਸੈਂਹਬੀ ਅਤੇ ਪ੍ਰੋ. ਨਿਰਮਲ ਸਿੰਘ ਧਾਰਨੀ ਕਹਿ ਰਹੇ ਸਨ ਕਿ ਇਸ ਟੂਰ ਦੀਆਂ ਹੁਣ ਕਈ ਦਿਨ ਘਰਾਂ ‘ਚ ਬਾਤਾਂ ਪੈਂਦੀਆਂ ਰਹਿਣਗੀਆਂ। ਟੂਰ ਦਾ ਸਮੁੱਚਾ ਪ੍ਰਬੰਧ ਜਨਰਲ ਸਕੱਤਰ ਬੰਤ ਸਿੰਘ ਰਾਓ, ਗੁਰਮੀਤ ਸਿੰਘ ਸੰਧੂ, ਗੁਰਮੇਲ ਸਿੰਘ ਗਿੱਲ, ਬਲਵੀਰ ਸਿੰਘ ਧਾਲੀਵਾਲ, ਪਿਸ਼ੌਰਾ ਸਿੰਘ ਚਾਹਲ ਵੱਲੋਂ ਉਲੀਕਿਆ ਗਿਆ ਸੀ ਅਤੇ ਇਹ ਉਨ੍ਹਾਂ ਵੱਲੋਂ ਬੜੇ ਸੁਚੱਜੇ ਢੰਗ ਨਾਲ ਸਿਰੇ ਚੜ੍ਹਾਇਆ ਗਿਆ। ਇਸ ਦੌਰਾਨ ਬੀਬੀਆਂ ਦੀ ਅਗਵਾਈ ਸ਼੍ਰੀਮਤੀ ਭਜਨ ਕੌਰ ਢੱਡਵਾਲ ਨੇ ਪੂਰੀ ਜ਼ਿੰਮੇਵਾਰੀ ਨਾਲ ਨਿਭਾਈ।
Check Also
ਦੋ ਮਹੀਨੇ ਲਈ ਉਪਰੋਕਤ ਵਰਨਣ ਆਈਟਮਾਂ ਉੱਪਰ ਫ਼ੈੱਡਰਲ ਟੈਕਸ (ਜੀਐੱਸਟੀ/ਐੱਚਐੱਸਟੀ) ਹਟਾਉਣ ਲਈ ਬਿੱਲ ਪਾਸ ਕੀਤਾ – ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਲੰਘੀ 29 ਨਵੰਬਰ ਨੂੰ ਕੈਨੇਡਾ ਦੇ ਹਾਊਸ ਆਫ ਕਾਮਨਜ਼ ਵਿੱਚ ਮੈਂਬਰਾਂ ਵੱਲੋਂ …