Breaking News
Home / ਕੈਨੇਡਾ / ਸਾਊਥਲੇਕ ਸੀਨੀਅਰਜ਼ ਕਲੱਬ ਨੇ ਸਿਹਤ ਅਰੋਗਤਾ ਸਬੰਧੀ ਸੈਮੀਨਾਰ ਕਰਵਾਇਆ

ਸਾਊਥਲੇਕ ਸੀਨੀਅਰਜ਼ ਕਲੱਬ ਨੇ ਸਿਹਤ ਅਰੋਗਤਾ ਸਬੰਧੀ ਸੈਮੀਨਾਰ ਕਰਵਾਇਆ

ਐੱਮ.ਪੀ.ਪੀ. ਅਮਰਜੋਤ ਸੰਧੂ ਸਮੇਤ ਕਈ ਅਹਿਮ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ
ਬਰੈਂਪਟਨ/ਡਾ. ਝੰਡ : ਲੰਘੇ ਸੋਮਵਾਰ 16 ਜਨਵਰੀ ਨੂੰ ਸਾਊਥਲੇਕ ਸੀਨੀਅਰਜ਼ ਕਲੱਬ ਵੱਲੋਂ ਸਿਹਤ ਅਰੋਗਤਾ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਕਈ ਅਹਿਮ ਸ਼ਖ਼ਸੀਅਤਾਂ ਸਮੇਤ ਕਲੱਬ ਦੇ 120 ਮੈਂਬਰਾਂ ਨੇ ਭਾਗ ਲਿਆ। ਪ੍ਰੋਗਰਾਮ ਦੇ ਆਰੰਭ ਵਿਚ ਕਲੱਬ ਦੇ ਪ੍ਰਧਾਨ ਗਿਆਨ ਪਾਲ ਨੇ ਸਮੂਹ ਮਹਿਮਾਨਾਂ ਅਤੇ ਮੈਂਬਰਾਂ ਦਾ ਸੁਆਗ਼ਤ ਕਰਦਿਆਂ ਉਨ੍ਹਾਂ ਨੂੰ ਜੀ ਆਇਆਂ ਕਿਹਾ ਅਤੇ ਨਾਲ ਹੀ ਸੈਮੀਨਾਰ ਦੇ ਮੁੱਖ-ਬੁਲਾਰੇ ਡਾ. ਹਰਪ੍ਰੀਤ ਸਿੰਘ ਦੀ ਸਰੋਤਿਆਂ ਨਾਲ ਜਾਣ-ਪਛਾਣ ਕਰਾਉਣ ਉਪਰੰਤ ਉਨ੍ਹਾਂ ਨੂੰ ਆਪਣਾ ਸੰਬੋਧਨ ਸ਼ੁਰੂ ਕਰਨ ਦੀ ਬੇਨਤੀ ਕੀਤੀ।
ਡਾ. ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਸਿਹਤ ਨੂੰ ਨਵਾਂ-ਨਰੋਆ ਅਤੇ ਅਰੋਗ ਰੱਖਣ ਲਈ ਆਮ ਵਾਕਫ਼ੀਅਤ ਸਾਂਝੀ ਕਰਦਿਆਂ ਹੋਇਆਂ ਫ਼ਲੂ ਅਤੇ ਕਰੋਨਾ ਦੇ ਬਚਾਅ ਲਈ ਵਰਤਣਯੋਗ ਜ਼ਰੂਰੀ ਸਾਵਧਾਨੀਆਂ ਬਾਰੇ ਵਿਸ਼ੇਸ਼ ਜ਼ਿਕਰ ਕੀਤਾ। ਸੁਆਲ-ਜੁਆਬ ਦੇ ਸੈਸ਼ਨ ਵਿਚ ਸੈਮੀਨਾਰ ਵਿਚ ਹਾਜ਼ਰ ਕਈ ਵਿਅੱਕਤੀਆਂ ਵੱਲੋਂ ਡਾ. ਹਰਪ੍ਰੀਤ ਸਿੰਘ ਨੂੰ ਸੁਆਲ ਕੀਤੇ ਗਏ ਜਿਨ੍ਹਾਂ ਦੇ ਜੁਆਬ ਉਨ੍ਹਾਂ ਨੇ ਤਸੱਲੀਪੂਰਵਕ ਦਿੱਤੇ। ਇਸ ਦੌਰਾਨ ਕਈਆਂ ਵੱਲੋਂ ਸਿਹਤ ਦੀ ਅਰੋਗਤਾ ਲਈ ਯੋਗਾ ਕੀਤੇ ਜਾਣ ਸਬੰਧੀ ਆਪਣੇ ਅਨੁਭਵ ਵੀ ਸਾਂਝੇ ਕੀਤੇ ਗਏ। ਸੈਮੀਨਾਰ ਦਾ ਇਹ ਸੈਸ਼ਨ ਲੱਗਭੱਗ ਡੇਢ ਘੰਟਾ ਚੱਲਦਾ ਰਿਹਾ ਜਿਸ ਨੂੰ ਸਮੂਹ ਸਰੋਤਿਆਂ ਨੇ ਬੜੇ ਉਤਸ਼ਾਹ ਅਤੇ ਧਿਆਨ ਨਾਲ ਸੁਣਿਆਂ। ਸੈਮੀਨਾਰ ਵਿਚ ਬਹੁਤ ਸਾਰੀਆਂ ਅਹਿਮ ਸ਼ਖ਼ਸੀਅਤਾਂ ਵੱਲੋਂ ਵੀ ਸ਼ਿਰਕਤ ਕੀਤੀ ਗਈ ਜਿਨ੍ਹਾਂ ਵਿਚ ਬਰੈਂਪਟਨ ਵੈੱਸਟ ਤੋਂ ਐੱਮ.ਪੀ.ਪੀ. ਅਮਰਜੋਤ ਸੰਧੂ, ਡਿਪਟੀ ਮੇਅਰ ਹਰਕੀਰਤ ਸਿੰਘ, ਮੇਅਰ ਪੈਟ੍ਰਿਕ ਬਰਾਊਨ ਦੇ ਨੁਮਾਇੰਦੇ ਵਜੋਂ ਉਨ੍ਹਾਂ ਦੇ ਸੀਨੀਅਰ ਪੋਲਿਟੀਕਲ ਐਡਵਾਈਜ਼ਰ ਕੁਲਦੀਪ ਗੋਲੀ, ਰੀਜਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ, ਨਵਜੀਤ ਬਰਾੜ, ਪਾਲ ਵਸੰਟੇ, ਰੋਵੇਨਾ ਸੈਂਟੋਸ ਅਤੇ ਬਰੈਂਪਟਨ ਦੀ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਸਮੇਤ ਕਈ ਹੋਰ ਸਾਮਲ ਸਨ। ਉਨ੍ਹਾਂ ਵੱਲੋਂ ਸਾਊਥਲੇਕ ਸੀਨੀਅਰਜ਼ ਕਲੱਬ ਦੇ ਸਿਹਤ ਜਾਗਰੂਕਤਾ ਸਬੰਧੀ ਕਰਵਾਏ ਜਾ ਰਹੇ ਸੈਮੀਨਾਰ ਦੀ ਲੜੀ ਆਰੰਭ ਕਰਨ ਦੀ ਖ਼ੂਬ ਸਰਾਹਨਾ ਕੀਤੀ ਗਈ। ਐੱਮ.ਪੀ.ਪੀ. ਅਮਰਜੋਤ ਸੰਧੂ ਵੱਲੋਂ ਕਲੱਬ ਨੂੰ ਹਰ ਪ੍ਰਕਾਰ ਦੇ ਸਹਿਯੋਗ ਦਾ ਭਰੋਸਾ ਦਿੱਤਾ ਗਿਆ।
ਇੱਥੇ ਇਹ ਵਰਨਣਯੋਗ ਹੈ ਕਿ ਸਾਊਥਲੇਕ ਸੀਨੀਅਰਜ਼ ਕਲੱਬ ਨਾਟ ਫ਼ਾਰ ਪਰਾਫ਼ਿਟ ਕਾਰਪੋਰੇਸ਼ਨ ਹੈ ਜਿਸ ਦੇ 450 ਮੈਂਬਰ ਹਨ ਅਤੇ ਇਸ ਤਰ੍ਹਾਂ ਇਹ ਬਰੈਂਪਟਨ ਦੀ ਸੱਭ ਤੋਂ ਵੱਡੀ ਕਲੱਬ ਕਹੀ ਜਾ ਸਕਦੀ ਹੈ ਜਿਸ ਵਿਚ ਪੰਜਾਬੀ, ਗੁਜਰਾਤੀ, ਮੁਸਲਿਮ ਅਤੇ ਵੈੱਸਟ ਇੰਡੀਅਨ ਭਾਈਚਾਰਿਆਂ ਦੇ ਮੈਂਬਰ ਸ਼ਾਮਲ ਹਨ ਅਤੇ ਇਨ੍ਹਾਂ ਦੀ ਗਿਣਤੀ ਦਿਨੋ-ਦਿਨ ਹੋਰ ਵੀ ਵਧਦੀ ਜਾ ਰਹੀ ਹੈ। ਇਹ ਕਲੱਬ ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਆਫ਼ ਬਰੈਂਪਟਨ ਨਾਲ ਬਾਕਾਇਦਾ ਐਫੀਲੀਏਟਿਡ ਹੈ। ਇਸ ਕਲੱਬ ਦਾ ਮਕਸਦ ਵੱਖ-ਵੱਖ ਭਾਈਚਾਰਿਆਂ ਵਿਚ ਆਪਸੀ ਨੇੜਤਾ ਨੂੰ ਵਧਾਉਣਾ, ਸਿਹਤਮੰਦ ਸਮਾਜ ਸਿਰਜਣਾ ਅਤੇ ਕੈਨੇਡਾ ਵਿਚ ਬਹੁ-ਸੱਭਿਆਚਾਰ (ਮਲਟੀਕਲਚਰਿਜ਼ਮ) ਨੂੰ ਹੋਰ ਹੁੰਗਾਰਾ ਦੇਣਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਲਈ ਕਲੱਬ ਦੇ ਪ੍ਰਧਾਨ ਗਿਆਨ ਪਾਲ ਨੂੰ 416-457-5553 ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਫਿਰ [email protected] ਤੇ ਈਮੇਲ ਵੀ ਕੀਤੀ ਜਾ ਸਕਦੀ ਹੈ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …