ਬਰੈਂਪਟਨ/ਡਾ. ਝੰਡ : ਬਰੈਂਪਟਨ-ਵਾਸੀ ਕਰਮਜੀਤ ਗਿੱਲ ਜੋ ਕਿ ‘ਸਹਾਇਤਾ’ ਸੰਸਥਾ ਦੇ ਸੰਸਥਾਪਕ ਹਨ, ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸੰਸਥਾ ਲੋੜਵੰਦ ਲੋਕਾਂ ਦੀ ਬੜੇ ਸਾਰਥਿਕ ਢੰਗ ਨਾਲ ਸਹਾਇਤਾ ਕਰ ਰਹੀ ਹੈ। ਇਸ ਸੰਸਥਾ ਦੇ ਕੁਝ ਮੈਂਬਰ ਪੰਜਾਬ ਵਿੱਚ ਸਰਗਰਮੀ ਨਾਲ ਕੰਮ ਕਰ ਰਹੇ ਹਨ ਅਤੇ ਕੁਝ ਕੈਨੇਡਾ ਵਿੱਚ ਰਹਿੰਦੇ ਮੈਂਬਰ ਇਸ ਕੰਮ ਵਿੱਚ ਉਨ੍ਹਾਂ ਦੀ ਇੱਥੋਂ ਲੋੜੀਂਦੀ ਸਹਾਇਤਾ ਕਰ ਰਹੇ ਹਨ।
ਇਸ ਸੰਸਥਾ ਵੱਲੋਂ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਲੋੜੀਂਦੀਆਂ ਵਸਤਾਂ ਅਤੇ ਸੁੱਕਾ ਰਾਸ਼ਨ ਉਨ੍ਹਾਂ ਦੇ ਘਰੀਂ ਪਹੁੰਚਾਇਆ ਜਾਂਦਾ ਹੈ। ਗਰਮੀ, ਸਰਦੀ ਤੇ ਬਰਸਾਤਾਂ ਤੋਂ ਬਚਾਅ ਕਰਨ ਲਈ ਉਨ੍ਹਾਂ ਨੂੰ ਝੌਂਪੜੀਆਂ, ਤਰਪਾਲਾਂ ਅਤੇ ਛੋਟੇ-ਛੋਟੇ ਘਰ ਬਣਾ ਕੇ ਦਿੱਤੇ ਜਾਂਦੇ ਹਨ।
ਸੰਸਥਾ ਦੀ ਆਪਣੀ ਐਂਬੂਲੈਂਸ ਹੈ ਜਿਸ ਨਾਲ ਬੀਮਾਰਾਂ ਨੂੰ ਹਸਪਤਾਲਾਂ ਵਿਚ ਪਹੁੰਚਾਇਆ ਜਾਂਦਾ ਹੈ ਅਤੇ ਹੱਥਾਂ, ਪੈਰਾਂ ਤੇ ਲੱਤਾਂ ਤੋਂ ਅਪੰਗ ਵਿਅੱਕਤੀਆਂ ਲਈ ਵਾਕਰਾਂ ਤੇ ਟਰਾਈਸਾਈਕਲਾਂ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ। ਪੀਣ ਦੇ ਪਾਣੀ ਦੀ ਕਿੱਲਤ ਵਾਲੇ ਕਈ ਥਾਵਾਂ ‘ਤੇ ਇਸ ਸੰਸਥਾ ਵੱਲੋਂ ਨਲਕੇ ਵੀ ਲੁਆਏ ਗਏ ਹਨ। ਆਪਣੇ ਸੀਮਤ ਸਾਧਨਾਂ ਨਾਲ ਇਹ ਸੰਸਥਾ ਬਹੁਤ ਵਧੀਆ ਸਮਾਜਿਕ ਭਲਾਈ ਦੇ ਕੰਮ ਕਰ ਰਹੀ ਹੈ।
ਕਰਮਜੀਤ ਗਿੱਲ ਨੇ ਦੱਸਿਆ ਕਿ ਮਨੁੱਖੀ ਭਲਾਈ ਦੇ ਅਜਿਹੇ ਕਾਰਜਾਂ ਦੀ ਲੜੀ ਵਿੱਚ ਪਿਛਲੇ ਦਿਨੀਂ ਇੱਕ ਹੋਰ ਵਾਧਾ ਹੋਇਆ ਜਦੋਂ ਇਸ ਸੰਸਥਾ ਦੇ ਕੁਝ ਮੈਂਬਰ ਪੰਜਾਬ ਦੇ ਸ਼ਹਿਰ ਗਿੱਦੜਬਾਹਾ ਵਿਖੇ ਇੱਕ ਗ਼ਰੀਬ ਵਿਅੱਕਤੀ ਜੋ ਬੜੀ ਮੁਸਕਲ ਨਾਲ ਇੱਕ ਪੁਰਾਣਾ ਤੇ ਟੁੱਟਾ ਜਿਹਾ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਾ ਰਿਹਾ ਸੀ, ਨੂੰ ਰਾਸ਼ਨ ਦੇਣ ਲਈ ਉਸਦੇ ਘਰ ਗਏ ਤਾਂ ਉਨ੍ਹਾਂ ਨੂੰ ਉਸਦੀ ਇਸ ਹਾਲਤ ‘ਤੇ ਬੜਾ ਤਰਸ ਆਇਆ, ਕਿਉਂਕਿ ਉਸਦਾ ਖੱਬਾ ਹੱਥ ਅਤੇ ਖੱਬੀ ਲੱਤ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੇ ਸਨ।
‘ਸਹਾਇਤਾ’ ਦੇ ਮੈਬਰਾਂ ਨੇ ਜਦੋਂ ਉਸ ਨੂੰ ਪੁੱਛਿਆ ਕਿ ਕੀ ਉਹ ਇਹ ਰਿਕਸ਼ਾ ਚਲਾ ਕੇ ਹੀ ਗੁਜ਼ਾਰਾ ਕਰਨਾ ਚਾਹੁੰਦਾ ਹੈ ਜਾਂ ਕੋਈ ਹੋਰ ਕੰਮ ਵੀ ਕਰ ਸਕਦਾ ਹੈ ਤਾਂ ਉਸਨੇ ਦੱਸਿਆ ਕਿ ਉਹ ਰਿਕਸ਼ਾ ਰੇਹੜੀ ਵਿਚ ਸਬਜ਼ੀ ਰੱਖ ਕੇ ਵੇਚਣੀ ਚਾਹੁੰਦਾ ਹੈ। ਸੰਸਥਾ ਦੇ ਮੈਂਬਰਾਂ ਵੱਲੋਂ ਉਸਨੂੰ ਨਵੀਂ ਰਿਕਸ਼ਾ ਰੇਹੜੀ ਲੈ ਕੇ ਦਿੱਤੀ ਗਈ ਜਿਸ ਵਿੱਚ ਉਹ ਹੁਣ ਸਵੇਰੇ ਮੰਡੀ ਤੋਂ ਸਬਜ਼ੀ ਲਿਆ ਕੇ ਗਲ਼ੀਓ-ਗਲ਼ੀ ਜਾ ਕੇ ਵੇਚਦਾ ਹੈ ਅਤੇ ਬੜੀ ਵਧੀਆ ਰੋਜ਼ੀ-ਰੋਟੀ ਕਮਾ ਰਿਹਾ ਹੈ।
ਸਵੈਮਾਣ ਨਾਲ ਭਰਪੂਰ ਇਸ ਤਰ੍ਹਾਂ ਦੇ ਵਿਅੱਕਤੀ ਕਿਸੇ ਦੇ ਅੱਗੇ ਹੱਥ ਨਹੀ ਅੱਡਦੇ ਅਤੇ ਉਹ ਆਪਣੇ ਹੱਥੀਂ ਕਮਾਈ ਕਰਕੇ ਇਸ ਸੰਸਾਰ ਵਿਚ ਜਿਊਣਾ ਲੋਚਦੇ ਹਨ। ਇਸ ਸੰਸਥਾ ਵੱਲੋਂ ਅਜਿਹੇ ਵਿਅੱਕਤੀਆਂ ਨੂੰ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਸੰਸਥਾ ਦਾਨੀ ਸੱਜਣਾਂ ਦੀ ਅਤੀ ਧੰਨਵਾਦੀ ਹੈ ਜੋ ਇਸ ਸ਼ੁਭ-ਕੰਮ ਵਿੱਚ ਉਸ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ।
ਲੋਕ ਭਲਾਈ ਦੇ ਲੋੜੀਂਦੇ ਅਜਿਹੇ ਕੰਮਾਂ ਵਿੱਚ ਹੋਰ ਵਿਅੱਕਤੀਆਂ ਤੇ ਪਰਿਵਾਰਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਅਤੇ ਗ਼ਰੀਬਾਂ ਤੇ ਅਪੰਗ ਵਿਅੱਕਤੀਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ।

