ਸੋਢੀ ਕੰਗ ਇਹ ਪੌੜੀਆਂ 16 ਮਿੰਟ 31 ਸਕਿੰਟ ਵਿਚ ਚੜ੍ਹ ਕੇ ਕਲੱਬ ਵਿੱਚੋਂ ਪਹਿਲੇ ਨੰਬਰ ‘ਤੇ ਰਿਹਾ
ਟੋਰਾਂਟੋ/ਡਾ. ਝੰਡ : ਲੰਘੇ ਸ਼ਨੀਵਾਰ 2 ਮਈ ਨੂੰ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਬਣੀ ਅੰਤਰਰਾਸ਼ਟਰੀ ਸੰਸਥਾ (ਡਬਲਿਊ. ਡਬਲਿਊ. ਐੱਫ਼.) ਵੱਲੋਂ ਕਰਵਾਏ ਗਏ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਨ ਦੇ ਸ਼ਾਨਦਾਰ ਈਵੈਂਟ ਵਿੱਚ ਬਰੈਂਪਟਨ ਦੀ ਟੀਪੀਏਆਰ ਕਲੱਬ ਦੇ 68 ਮੈਂਬਰਾਂ ਨੇ ਭਾਗ ਲਿਆ। ਉਨ੍ਹਾਂ ਵਿੱਚੋਂ ਬਹੁਤੇ ਸਵੇਰੇ 6.30 ਵਜੇ ਸਕੂਲ ਬੱਸ ਵਿੱਚ ਸਵਾਰ ਹੋ ਕੇ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਦੀ ਅਗਵਾਈ ਵਿੱਚ ਬਰੈਂਪਟਨ ਤੋਂ ਸੀ.ਐੱਨ. ਟਾਵਰ ਦੇ ਹੇਠਾਂ ਵਾਲੇ ਹਾਲ ਵਿੱਚ 7.30 ਵਜੇ ਪਹੁੰਚ ਗਏ ਅਤੇ ਕਈ ਮੈਂਬਰ ਆਪਣੇ ਨਿੱਜੀ ਸਾਧਨਾਂ ਰਾਹੀਂ ਉੱਥੇ ਪਹੁੰਚੇ। ਪੌੜੀਆਂ ਚੜ੍ਹਨ ਦੇ ਚਾਹਵਾਨਾਂ ਤੇ ਉਨ੍ਹਾਂ ਦੇ ਸਮੱਰਥਕਾਂ ਨਾਲ ਹਾਲ ਵਿੱਚ ਕਾਫ਼ੀ ਰੌਣਕ ਸੀ। ਇਸ ਈਵੈਂਟ ਲਈ ਰਜਿਸਟ੍ਰੇਸ਼ਨ ਕਈਆਂ ਨੇ ‘ਅਗਾਊਂ’ ਕਰਵਾਈ ਹੋਈ ਸੀ ਅਤੇ ਕਈ ਇਹ ਮੌਕੇ ‘ਤੇ ਕਰਵਾ ਰਹੇ ਸਨ। ਈਵੈਂਟ ਦੇ ਵਾਲੰਟੀਅਰ ਇਸ ਕੰਮ ਵਿੱਚ ਉਨ੍ਹਾਂ ਦੀ ਮਦਦ ਕਰ ਰਹੇ ਸਨ। ਹੋਰ ਕਈ ਵਾਲੰਟੀਅਰ ਇਸ ਈਵੈਂਟ ਵਿੱਚ ਭਾਗ ਲੈਣ ਵਾਲਿਆਂ ਲਈ ‘ਰਾਹ-ਦਸੇਰਿਆਂ’ ਦਾ ਕੰਮ ਕਰ ਰਹੇ ਸਨ। ਪੌੜੀਆਂ ਚੜ੍ਹਨ ਦੇ ਇਸ ਈਵੈਂਟ ਵਿੱਚ ਭਾਗ ਲੈਣ ਲਈ ਕਲੱਬ ਦੇ ਮੈਂਬਰਾਂ ਦੀ ਰਜਿਸਟ੍ਰੇਸ਼ਨ ਕਿਉਂਕਿ ਗਰੁੱਪ ਵਜੋਂ ਪਹਿਲਾਂ ਹੀ ਕਰਵਾਈ ਜਾ ਚੁੱਕੀ ਸੀ, ਇਸ ਲਈ ਸੀ.ਐੱਨ. ਟਾਵਰ ਉੱਪਰ ਜਾਣ ਲਈ ਉਹ ਲੋੜੀਂਦੇ ‘ਸਕਿਉਰਿਟੀ ਚੈੱਕ-ਅੱਪ’ ਵਿੱਚੋਂ ਲੰਘ ਕੇ ਸਿੱਧੇ ਹੀ ਪੌੜੀਆਂ ਚੜ੍ਹਨ ਵਾਲੇ ਰਸਤੇ ਨੂੰ ਚੱਲ ਪਏ। ਟਾਵਰ ਦੀਆਂ ਇਹ ਪੌੜੀਆਂ ਚੜ੍ਹਨ ਲਈ ਉਨ੍ਹਾਂ ਵਿੱਚੋਂ ਕਈਆਂ ਨੇ ਇਕ ‘ਟਾਵਰ-ਨੁਮਾ ਬਹੁ-ਮੰਜ਼ਲੀ ਇਮਾਰਤ’ ਦੀਆਂ ਪੌੜੀਆਂ ਚੜ੍ਹ ਕੇ ਪਹਿਲਾਂ ਹੀ ਇਸ ਦਾ ਕਾਫ਼ੀ ਅਭਿਆਸ ਕੀਤਾ ਹੋਇਆ ਸੀ। ਇਸ ਲਈ ਉਹ ਇਹ ਪੌੜੀਆਂ ‘ਰਵਾਂ-ਰਵੀਂ’ ਚੜ੍ਹਦੇ ਗਏ। ਇੱਥੇ ਇਹ ਜ਼ਿਕਰਯੋਗ ਹੈ ਕਿ ਪੌੜੀਆਂ ਚੜ੍ਹਨ ਦੇ ਇਸ ਈਵੈਂਟ ਵਿੱਚ ਇਸ ਵਾਰ ਵੱਖ-ਵੱਖ ਉਮਰ ਦੇ 5805 ਲੋਕਾਂ ਨੇ ਭਾਗ ਲਿਆ ਅਤੇ ਇਸ ਵਿਚ ਜੰਗਲੀ ਜੀਵਾਂ ਦੀ ਸੁਰੱਖਿਆ ਲਈ 1.46 ਮਿਲੀਅਨ ਡਾਲਰ ਫ਼ੰਡ ਇਕੱਤਰ ਹੋਇਆ ਜਿਸ ਵਿੱਚ ਟੀਪੀਏਆਰ ਕਲੱਬ ਵੱਲੋਂ ਇਸ ‘ਵਰਲਡ ਵਾਈਲਡ ਫ਼ੰਡ’ (ਡਬਲਿਊ. ਡਬਲਿਊ. ਐੱਫ਼.) ਵਿੱਚ 7850 ਡਾਲਰ ਦਾ ਯੋਗਦਾਨ ਪਾਇਆ ਗਿਆ।
ਹੁਣ ਜੇਕਰ ਇਸ ਈਵੈਂਟ ਦੇ ਨਤੀਜਿਆਂ ਵੱਲ ਨਜ਼ਰ ਮਾਰੀਏ ਤਾਂ ਟੀਪੀਏਆਰ ਕਲੱਬ ਵਿੱਚੋਂ ਸੋਢੀ ਕੰਗ ਇਹ 1776 ਪੌੜੀਆਂ 16 ਮਿੰਟ 31 ਸਕਿੰਟਾਂ ਵਿੱਚ ਚੜ੍ਹ ਕੇ ਕਲੱਬ ਦਾ ਸੱਭ ਤੋਂ ਤੇਜ਼ ‘ਪੌੜੀਆਂ ਦਾ ਚੜ੍ਹਾਕ’ ਬਣਿਆ, ਜਦਕਿ ਇਸ ਵਾਰ ਇਸ ਈਵੈਂਟ ਦਾ ਸੱਭ ਤੋਂ ਤੇਜ਼ ਪੌੜੀਆਂ ਚੜ੍ਹਨ ਵਾਲਾ ਟਾਇਲਰ ਕਰੈਸ਼ਨਿਕ ਸੀ ਜਿਸ ਨੇ ਇਹ ਪੌੜੀਆਂ 10 ਮਿੰਟ 43 ਸਕਿੰਟਾਂ ਵਿੱਚ ਚੜ੍ਹੀਆਂ। ਕਲੱਬ ਦੇ ਇੱਕ ਹੋਰ ਮੈਂਬਰ ਜਸਵੀਰ ਜੱਸੀ ਧਾਲੀਵਾਲ ਨੇ ਇਹ ਪੌੜੀਆਂ 19 ਮਿੰਟ 56 ਸਕਿੰਟਾਂ ਵਿੱਚ ਚੜ੍ਹੀਆਂ।
ਕਲੱਬ ਦੇ ਹੋਰ ਬਹੁਤ ਸਾਰੇ ਮੈਂਬਰਾਂ ਨੇ ਇਹ ਪੌੜੀਆਂ 20 ਤੋਂ 30 ਮਿੰਟਾਂ ਵਿਚਕਾਰ ‘ਸਰ’ ਕੀਤੀਆਂ। ਉਨ੍ਹਾਂ ਵਿੱਚੋਂ ਸੁਰਿੰਦਰ ਨਾਗਰਾ ਨੇ ਇਸ ਦੇ ਲਈ 20 ਮਿੰਟ 3 ਸਕਿੰਟ ਲਗਾਏ ਅਤੇ ਕਰਮਜੀਤ ਗਿੱਲ ਨੇ 22 ਮਿੰਟ 37 ਸਕਿੰਟ ਸਮਾਂ ਲਿਆ, ਜਦਕਿ ਕਲੱਬ ਦੇ ਸੱਭ ਤੋਂ ਸੀਨੀਅਰ ਮੈਂਬਰ 82 ਸਾਲਾ ਇੰਜ. ਈਸ਼ਰ ਸਿੰਘ ਚਾਹਲ, ਜੋ ਇਸ ਕਲੱਬ ਦੇ ਸਰਪ੍ਰਸਤ ਹਨ, ਨੇ ਇਹ ਪੌੜੀਆਂ 51 ਮਿੰਟ 3 ਸਕਿੰਟਾ ਵਿੱਚ ਚੜ੍ਹ ਕੇ ਆਪਣੇ ਪਿਛਲੇ ਸਾਲ ਦੇ ਸਮੇਂ 61 ਮਿੰਟ 30 ਸਕਿੰਟ ਵਿੱਚ 10 ਮਿੰਟ 27 ਸਕਿੰਟਾਂ ਦਾ ਸੁਧਾਰ ਕੀਤਾ। ਉਂਜ, ਇਸ ਤੋਂ ਚਾਰ ਕੁ ਸਾਲ ਪਹਿਲਾਂ ਉਹ ਇਹ ਪੌੜੀਆਂ 42 ਮਿੰਟਾਂ ਵਿੱਚ ਵੀ ਚੜ੍ਹ ਚੁੱਕੇ ਹਨ।
ਇੱਥੇ ਇਹ ਵਰਨਣਯੋਗ ਹੈ ਕੇ 80 ਤੋਂ 89 ਸਾਲ ਦੇ ਉਮਰ-ਵਰਗ ਵਿੱਚ ਕੇਵਲ ਦੋ ਹੀ ਵਿਅੱਕਤੀਆਂ ਵੱਲੋਂ ਇਸ ਈਵੈਂਟ ਵਿੱਚ ਸ਼ਮੂਲੀਅਤ ਕੀਤੀ ਗਈ ਜਿਨ੍ਹਾਂ ਵਿੱਚੋਂ ਇੱਕ ਭਾਰਤੀ ਮੂਲ ਦੇ ਇੰਜ. ਈਸ਼ਰ ਸਿੰਘ ਚਾਹਲ ਦੂਸਰੇ ਨੰਬਰ ‘ਤੇ ਰਹੇ, ਜਦਕਿ ਇਸ ਵਰਗ ਵਿੱਚ ਪਹਿਲੇ ਨੰਬਰ ‘ਤੇ ਆਉਣ ਵਾਲਾ ਕਿਸੇ ਹੋਰ ਪਿਛੋਕੜ ਦਾ ਵਰਨਰ ਸ਼ਮੈਲਜ਼ ਇਹ ਪੌੜੀਆਂ 33 ਮਿੰਟ 32 ਸਕਿੰਟਾਂ ਵਿੱਚ ਹੀ ਚੜ੍ਹ ਗਿਆ। ਟੀਪੀਏਆਰ ਕਲੱਬ ਦੇ 79 ਸਾਲ ਦੇ ਇੱਕ ਹੋਰ ਸੀਨੀਅਰ ਮੈਂਬਰ ਬਲਕਾਰ ਸਿੰਘ ਖਾਲਸਾ ਨੂੰ ਇਸਦੇ ਲਈ 59 ਮਿੰਟ 41 ਸਕਿੰਟ ਲੱਗੇ। ਇਨ੍ਹਾਂ ਸੀਨੀਅਰ ਮੈਂਬਰਾਂ ਵੱਲੋਂ ਇਸ ਉਮਰ ਵਿੱਚ ਇਸ ਈਵੈਂਟ ਵਿਚ ਭਾਗ ਲੈਣਾ ਬਹੁਤ ਵੱਡੀ ਗੱਲ ਹੈ ਅਤੇ ਇਹ ਸਮੂਹ ਸੀਨੀਅਰਾਂ ਦੇ ਲਈ ਪ੍ਰੇਰਨਾ ਦਾ ਵਧੀਆ ਸਰੋਤ ਹੈ। ਮੈਂਬਰਾਂ ਨੂੰ ਕੁਝ ਸਮਾਂ ਗਰੁੱਪ ਦੀਆਂ ਅਤੇ ਨਿੱਜੀ ਤਸਵੀਰਾਂ ਲੈਣ ਵਿੱਚ ਲੱਗ ਗਿਆ। ਏਨੇ ਨੂੰ ਉਨ੍ਹਾਂ ਦੀ ਬੱਸ ਵੀ ਆ ਗਈ ਅਤੇ ਦਸ ਕੁ ਵਜੇ ਉਨ੍ਹਾਂ ਵਾਪਸੀ ਲਈ ਚਾਲੇ ਪਾ ਦਿੱਤੇ। ਬੱਸ ਵਿਚ ਹੀ ਪ੍ਰਬੰਧਕਾਂ ਵੱਲੋਂ ਆਪਣੇ ਨਾਲ ਲਿਆਂਦੇ ਗਏ ਪਨੀਰ ਵਾਲੇ ਪਰੌਂਠਿਆਂ ਦੇ ‘ਰੈਪ’ ਮੈਂਬਰਾਂ ਨੂੰ ਦਿੱਤੇ ਗਏ ਅਤੇ ਨਾਲ ਤਿੰਨ-ਚਾਰ ਵੱਡੀਆਂ ਥਰਮਸਾਂ ਵਿੱਚ ਲਿਆਂਦੀ ਗਈ ਚਾਹ ਵਰਤਾਈ ਗਈ। ਕਲੱਬ ਦੇ ਵਾਲੰਟੀਅਰਾਂ ਮਨਜੀਤ ਨੌਟਾ, ਸੁਰਿੰਦਰ ਨਾਗਰਾ ਤੇ ਤਜਿੰਦਰ ਗਰੇਵਾਲ ਵੱਲੋਂ ਇਹ ਸੇਵਾ ਬਾਖ਼ੂਬੀ ਨਿਭਾਈ ਗਈ। ਸਾਰਿਆਂ ਨੇ ਬੜੇ ਪ੍ਰੇਮ ਪਿਆਰ ਨਾਲ ਇਸ ਸ਼ਾਨਦਾਰ ‘ਬਰੇਕ-ਫ਼ਾਸਟ’ ਦਾ ਅਨੰਦ ਲਿਆ ਅਤੇ ਹੱਸਦੇ-ਖੇਡਦੇ ਖ਼ੁਸ਼ੀ-ਖ਼ੁਸ਼ੀ ਬਰੈਂਪਟਨ ਵਾਪਸ ਪਹੁੰਚੇ। ਇਸ ਤਰ੍ਹਾਂ ਸੀ.ਐੱਨ. ਟਾਵਰ ਦੀਆਂ ਪੌੜੀਆਂ ਚੜ੍ਹਨ ਦਾ ਇਹ ਈਵੈਂਟ ਸਾਰਿਆਂ ਲਈ ਯਾਦਗਾਰੀ ਹੋ ਨਿਬੜਿਆ।

