ਟੋਰਾਂਟੋ/ਹਰਜੀਤ ਸਿੰਘ ਬਾਜਵਾ
ਭਾਰਤ ਦੇ ਵੱਖ-ਵੱਖ ਸੂਬਿਆਂ ਨਾਲ ਸਬੰਧਤ ਸੂਬਾਈ ਅਤੇ ਕੇਂਦਰੀ ਮਹਿਕਮਿਆਂ ਵਿੱਚ ਸਰਕਾਰੀ ਨੌਕਰੀਆਂ ਤੋਂ ਸੇਵਾ ਮੁਕਤ ਹੋਣ ਬਾਅਦ ਸਰਕਾਰੀ ਪੈਨਸ਼ਨਾਂ ਦਾ ਲਾਭ ਲੈ ਰਹੇ ਉਹ ਲਾਭਪਾਤਰੀ ਜੋ ਹੁਣ ਟੋਰਾਂਟੋ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਰਹਿ ਰਹੇ ਹਨ ਦੇ ਜਿਉਂਦੇ ਹੋਣ ਦਾ ਸਬੂਤ ਸਬੰਧਤ ਵਿਭਾਗਾਂ ਨੂੰ ਭੇਜਣ ਲਈ ਭਾਰਤੀ ਦੂਤਾਵਾਸ ਟੋਰਾਂਟੋ ਵੱਲੋਂ ਬੀਤੇ ਦਿਨੀ ਲਾਈਫ ਸਰਟੀਫਿਕੇਟ ਬਣਾਉਣ ਦਾ ਕੈਂਪ ਬਰੈਂਪਟਨ ਦੇ ਗੁਰੂਦੁਆਰਾ ਨਾਨਕਸਰ ਸਤਸੰਗ ਸਭਾ ਆਫ ਉਨਟਾਰੀਓ ਵਿਖੇ ਲਗਾਇਆ ਗਿਆ।
ਜਿੱਥੇ ਸੈਂਕੜੇ ਹੀ ਲੋਕਾਂ ਵੱਲੋਂ ਇਹ ਮੁਫਤ ਵਿੱਚ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਲਿਆ ਗਿਆ। ਜਿਸ ਬਾਰੇ ਗੱਲ ਕਰਦਿਆਂ ਭਾਰਤੀ ਦੂਤਾਵਾਸ ਦੇ ਸੀਨੀਅਰ ਅਧਿਕਾਰੀ ਸ੍ਰੀ ਪੀ ਕੇ ਮੁੰਜ਼ਾਲ ਅਤੇ ਸ. ਗੁਰਵਿੰਦਰ ਸਿੰਘ ਮਰਵਾਹ ਨੇ ਦੱਸਿਆ ਕਿ ਇੱਥੇ ਉਹਨਾਂ ਦੀ ਟੀਮ ਦੇ ਸ੍ਰੀ ਮੁਕੇਸ਼ ਪੁਰੀ, ਮਿਸਿਜ ਨਮਰਤਾ, ਸ੍ਰੀ ਯਾਦਰਾਮ ਯਾਦਵ ਅਤੇ ਹੋਰ ਵਲੰਟੀਅਰਾਂ ਵੱਲੋਂ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੌਂਸਲੇਟ ਜਨਰਲ ਆਫ ਟੋਰਾਂਟੋ ਸ੍ਰੀਮਤੀ ਅਪੂਰਵਾ ਸ੍ਰੀਵਾਸਤਵਾ ਅਤੇ ਕੈਨੇਡਾ (ਓਟਵਾ) ਤੋਂ ਭਾਰਤੀ ਹਾਈ ਕਮਿਸ਼ਨਰ ਸ੍ਰੀ ਸੰਜੇ ਵਰਮਾ ਦੇ ਨਿਰਦੇਸ਼ਾਂ ਤੇ ਇਹ ਸੇਵਾਵਾਂ ਦੋਸਤਾਨਾ ਮਾਹੌਲ ਵਿੱਚ ਦਿੱਤੀਆਂ ਜਾ ਰਹੀਆਂ ਹਨ ਤਾਂ ਕਿ ਇੱਥੇ ਵੱਸਦੇ ਕਿਸੇ ਵੀ ਭਾਰਤੀ ਨੂੰ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਲੈਣ ਲਈ ਕੋਈ ਦਿੱਕਤ ਪੇਸ਼ ਨਾ ਆਵੇ।
ਉਹਨਾਂ ਇਸ ਮੌਕੇ ਗੁਰੂਘਰ ਦੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ, ਜਿਹਨਾਂ ਦੇ ਸਹਿਯੋਗ ਨਾਲ ਇੱਥੇ ਲੋਕਾਂ ਨੂੰ ਇਹ ਸੇਵਾਵਾਂ ਦਿੱਤੀਆਂ ਗਈਆਂ। ਇਸ ਮੌਕੇ ਉਹਨਾਂ ਆਉਂਦੇ ਦਿਨਾਂ ਵਿੱਚ ਹੋਰ ਥਾਵਾਂ ‘ਤੇ ਕੈਂਪ ਲਗਾ ਕੇ ਇਹ ਸੇਵਾਵਾਂ ਦੇਣ ਬਾਰੇ ਵੀ ਦੱਸਿਆ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …