Breaking News
Home / ਕੈਨੇਡਾ / ਸਾਊਥਲੇਕ ਸੀਨੀਅਰਜ਼ ਕਲੱਬ ਨੇ ਦੀਵਾਲੀ ਤੇ ਬੰਦੀ-ਛੋੜ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ

ਸਾਊਥਲੇਕ ਸੀਨੀਅਰਜ਼ ਕਲੱਬ ਨੇ ਦੀਵਾਲੀ ਤੇ ਬੰਦੀ-ਛੋੜ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ

ਮੇਅਰ ਪ੍ਰੈਟਰਿਕ ਬਰਾਊਨ, ਹਾਊਸਿੰਗ ਤੇ ਡਾਇਵਰਸਿਟੀ ਮੰਤਰੀ ਅਹਿਮਦ ਹਸਨ ਤੇ ਹੋਰ ਕਈਆਂ ਨੇ ਕੀਤੀ ਸ਼ਿਰਕਤ
ਬਰੈਂਪਟਨ/ਡਾ. ਝੰਡ : ਸਾਊਥਲੇਕ ਸੀਨੀਅਰਜ਼ ਕਲੱਬ ਵੱਲੋਂ ਲੰਘੇ ਸ਼ਨੀਵਾਰ 5 ਨਵੰਬਰ ਨੂੰ ਸੈਂਚਰੀ ਗਾਰਡਨ ਰੀਕਰੀਏਸ਼ਨ ਸੈਂਟਰ ਵਿਚ ਦੀਵਾਲੀ ਦਾ ਤਿਓਹਾਰ ਅਤੇ ਬੰਦੀ-ਛੋੜ ਦਿਵਸ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਗਏ। ਇਸ ਮੌਕੇ ਕਲੱਬ ਦੇ ਪੰਜਾਬੀ, ਗੁਜਰਾਤੀ, ਮੁਸਲਿਮ ਅਤੇ ਵੈੱਸਟ ਇੰਡੀਅਨ ਅਤੇ ਕੈਨੇਡਾ ਦੀਆਂ ਹੋਰ ਕਈ ਕਮਿਊਨਿਟੀਆਂ ਦੇ 350 ਮੈਂਬਰ ਪਰਿਵਾਰਾਂ ਸਮੇਤ ਹਾਜ਼ਰ ਸਨ। ਸਮਾਗਮ ਦੀ ਸ਼ੁਰੂਆਤ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਅਤੇ ਕਲੱਬ ਦੇ ਪ੍ਰਧਾਨ ਗਿਆਨ ਪਾਲ ਵੱਲੋਂ ਸਾਂਝੇ ਤੌਰ ‘ ਤੇ ਕੀਤੀ ਗਈ। ਇਸ ਮੌਕੇ ਇਕੱਤਰ ਭਾਰੀ ਇਕੱਠ ਨੂੰ ਵੇਖ ਕੇ ਪੈਟਰਿਕ ਬਰਾਊਨ ਬਹੁਤ ਪ੍ਰਭਾਵਿਤ ਹੋਏ ਅਤੇ ਦੀਵਾਲੀ ਤੇ ਬੰਦੀਛੌੜ-ਦਿਵਸ ਦੀਆਂ ਮੁਬਾਰਕਾਂ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਤਿਓਹਾਰਾਂ ਮੌਕੇ ਲੋਕਾਂ ਦਾ ਅਜਿਹਾ ਵਿਸ਼ਾਲ ਇਕੱਠ ਉਨ੍ਹਾਂ ਨੇ ਪਹਿਲੀ ਵਾਰ ਵੇਖਿਆ ਹੈ। ਉਨ੍ਹਾਂ ਨੇ ਕਲੱਬ ਦੇ ਅੱਗੋਂ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਲਈ ਹਰ ਪ੍ਰਕਾਰ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ।
ਕਲੱਬ ਦੇ ਪ੍ਰਧਾਨ ਗਿਆਨ ਪਾਲ ਨੇ ਬਰੈਂਪਟਨ ਵਿਚ ਇਕ ਹੋਰ ਨਵੀਂ ਸੀਨੀਅਰਜ਼ ਕਲੱਬ ਦੀ ਲੋੜ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਕਲੱਬ ਸੀਨੀਅਰਾਂ ਦੇ ਇਕੱਲੇਪਨ ਨੂੰ ਦੂਰ ਕਰਨ, ਉਨ੍ਹਾਂ ਨੂੰ ਸਿਹਤ ਬਾਰੇ ਜਾਗਰੂਕ ਕਰਨ ਅਤੇ ਆਪਸੀ ਸੋਚ-ਵਿਚਾਰ ਨਾਲ ਪਰਿਵਾਰਿਕ ਮਸਲਿਆਂ ਦੇ ਹੱਲ ਲਈ ਬਹੁਤ ਵਧੀਆ ਪਲੇਟਫ਼ਾਰਮ ਹੈ। ਉਨ੍ਹਾਂ ਕਿਹਾ ਕਿ ਕਲੱਬ ਵੱਲੋਂ ਆਉਂਦੇ ਮਹੀਨਿਆਂ ਵਿਚ ਇਨ੍ਹਾਂ ਮਸਲਿਆਂ ਨਾਲ ਸਬੰਧਿਤ ਸੈਮੀਨਾਰ ਕਰਵਾਏ ਜਣਗੇ ਜਿਨ੍ਹਾਂ ਵਿਚ ਪ੍ਰੋਫ਼ੈਸ਼ਨਲ ਵਿਅਕਤੀਆਂ ਨੂੰ ਸੰਬੋਧਨ ਕਰਨ ਲਈ ਬੇਨਤੀ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਕਲੱਬ ਦੇ ਬੋਰਡ ਦੇ ਮੈਂਬਰਾਂ ਤੇ ਸਲਾਹਕਾਰਾਂ ਵਿਚ ਡਾ. ਸੁਖਦੇਵ ਸਿੰਘ ਝੰਡ, ਸੁਖਦੇਵ ਸਿੰਘ ਬੇਦੀ, ਰਾਮ ਸਿੰਘ ਦੈਂਦ, ਰਣਜੀਤਭਾਈ ਪਟੇਲ, ਅਮੀਰਭਾਈ ਭੱਟ, ਮਿਸਿਜ਼ ਰੇਹਾਨਾ ਹਾਫ਼ਿਜ਼, ਮਹੇਸ਼ ਜੈਸਵਾਲ ਅਤੇ ਵਾਤਸਾਲ ਵਰਗੀਆਂ ਮਹੱਤਵਪੂਰਨ ਸ਼ਖ਼ਸੀਅਤਾਂ ਸ਼ਾਮਲ ਹਨ। ਇਨ੍ਹਾਂ ਦੇ ਨਾਲ ਵਿਚਾਰ-ਵਟਾਂਦਰਾ ਕਰਕੇ ਕਲੱਬ ਦੇ ਅਗਲੇ ਪ੍ਰੋਗਰਾਮਾਂ ਦੀ ਰੂਪ-ਰੇਖਾ ਤਿਆਰ ਕੀਤੀ ਜਾਏਗੀ।
ਸਮਾਗ਼ਮ ਵਿਚ ਸ਼ਾਮਲ ਹੋਏ ਲੋਕਾਂ ਦੇ ਮਨੋਰੰਜਨ ਦੇ ਨਾਲ ਨਾਲ ਸੀਨੀਅਰਾਂ ਦੀ ਸਿਹਤ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ ਗਿਆ। ਇਸ ਦੌਰਾਨ ਕਲੱਬ ਦੇ ਮੈਂਬਰਾਂ ਵੱਲੋਂ ਮਨੋਰੰਜਨ ਦੀਆਂ ਕਈ ਆਈਟਮਾਂ ਪੇਸ਼ ਕੀਤੀਆਂ ਗਈਆਂ ਜਿਨ੍ਹਾਂ ਵਿਚ ਕਈ ਤਰ੍ਹਾਂ ਦੇ ਡਾਂਸ, ਗਿੱਧਾ ਤੇ ਗਰਬਾ, ਆਦਿ ਸ਼ਾਮਲ ਸਨ। ਬਾਲੀਵੁੱਡ ਫ਼ਿਲਮਾਂ ਦੇ ਕਈ ਗੀਤਾਂ ਉੱਪਰ ਵੀ ਕਈਆਂ ਵੱਲੋਂ ਡਾਂਸ ਕੀਤਾ ਗਿਆ।
ਇਸ ਮੌਕੇ ਹਾਜਰ ਮਹੱਤਵਪੂਰਨ ਵਿਅੱਕਤੀਆਂ ਵਿਚ ਹਾਊਸਿੰਗ, ਡਾਇਵਰਸਿਟੀ ਤੇ ਇਨਕਲੂਜ਼ਨ ਮੰਤਰੀ ਅਹਿਮਦ ਹਸਨ, ਬਰੈਂਪਟਨ ਸੈਂਟਰ ਦੇ ਮੈਂਬਰ ਪਾਰਲੀਮੈਂਟ ਸ਼ਫ਼ਾਕਤ ਅਲੀ, ਵਾਰਡ ਨੰਬਰ 1 ਤੇ 5 ਦੇ ਰੀਜਨਲ ਅਤੇ ਸਿਟੀ ਕੌਂਸਲਰ ਮਿਸਿਜ਼ ਰੋਵੇਨਾ ਸੈਂਟੋਸ ਤੇ ਪਾਲ ਵੇਸੰਟੇ ਸ਼ਾਮਲ ਸਨ। ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਬਰੈਂਪਟਨ ਸੈਂਟਰ ਦੇ ਐੱਮ.ਪੀ. ਸ਼ਫ਼ਾਕਤ ਅਲੀ ਨੇ ਸਾਰਿਆਂ ਨਾਲ ਦੀਵਾਲੀ ਅਤੇ ਬੰਦੀ-ਛੋੜ ਦਿਵਸ ਦੀਆਂ ਵਧਾਈਆਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਜਲਦੀ ਹੀ ਸੀਨੀਅਰਜ਼ ਦੇ ਮਾਮਲਿਆਂ ਨਾਲ ਸਬੰਧਿਤ ਮੰਤਰੀ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸੀਨੀਅਰਜ਼ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਣੂੰ ਕਰਵਾਉਣਗੇ ਅਤੇ ਇਨ੍ਹਾਂ ਦੇ ਯੋਗ ਹੱਲ ਲਈ ਉਪਰਾਲੇ ਕਰਨਗੇ।

 

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …