ਓਕਵਿਲ/ਡਾ. ਝੰਡ : ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਮੰਗਲਵਾਰ 8 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 553 ਵਾਂ ਆਗਮਨ-ਪੁਰਬ ਓਕਵਿਲ ਸ਼ਹਿਰ ਸਥਿਤ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਬੁੱਢਾ ਸਾਹਿਬ ਵਿਖੇ ਸਮੂਹ ਸੰਗਤ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਾਮ ਨੂੰ ਗੁਰਦੁਆਰਾ ਸਾਹਿਬ ਦੀ ਵਿਸ਼ਾਲ ਇਮਾਰਤ ਰੰਗ-ਬਰੰਗੀਆਂ ਰੌਸ਼ਨੀਆਂ ਨਾਲ ਜਗਮਗ ਕਰ ਰਹੀ ਸੀ। ਇਸ ਮੌਕੇ ਗੁਰਦੁਆਰਾ ਸਾਹਿਬ ਵਿਚ ਇਕੱਤਰ ਹੋਈ ਸੰਗਤ ਦੀ ਰੌਣਕ ਵੇਖਣੀ ਹੀ ਬਣਦੀ ਸੀ। ਸ਼ਾਮ 5.00 ਵਜੇ ਤੋਂ ਆਰੰਭ ਹੋ ਕੇ ਰਾਤ ਦੇ 9.00 ਵਜੇ ਤੱਕ ਗੁਰਦੁਆਰਾ ਸਾਹਿਬ ਵਿਚ ਗੁਰਬਾਣੀ ਦਾ ਪ੍ਰਵਾਹ ਲਗਾਤਾਰ ਚੱਲਦਾ ਰਿਹਾ ਅਤੇ ਸੰਗਤਾਂ ਨੇ ਇਸ ਦਾ ਭਰਪੂਰ ਅਨੰਦ ਮਾਣਿਆਂ। ਇਸ ਦੌਰਾਨ ਰਾਗੀ-ਜੱਥਿਆਂ ਨੇ ਗੁਰਬਾਣੀ ਦੇ ਕਥਾ-ਕੀਰਤਨ ਦੇ ਨਾਲ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਮਨੁੱਖਤਾ ਨੂੰ ਦਿੱਤੀਆਂ ਗਈਆਂ ਅਨਮੋਲ ਸਿੱਖਿਆਵਾਂ ਦੇ ਪ੍ਰਸੰਗ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।
ਗੁਰਪੁਰਬ ਤੋਂ ਮਹਿਜ਼ ਚਾਰ ਦਿਨ ਪਹਿਲਾਂ 4 ਨਵੰਬਰ ਨੂੰ ਪੰਜਾਬ ਤੋਂ ਆਏ ਭਾਈ ਮਹਿੰਦਰ ਸਿੰਘ ਜੀ ਮਿੱਠੇ ਟਿਵਾਣੇ ਦੇ ਰਾਗੀ ਜੱਥੇ ਨੇ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕਰਦਿਆਂ ਹੋਇਆਂ ਸੰਗਤਾਂ ਨੂੰ ਸਰਸ਼ਾਰ ਕੀਤਾ। ਭਾਈ ਸਾਹਿਬ ਦੇ ਜੱਥੇ ਵਿਚ ਸ਼ਾਮਲ ਭਾਈ ਸਤਨਾਮ ਸਿੰਘ ਉਨ੍ਹਾਂ ਦੇ ਨਾਲ ਹਾਰਮੋਨੀਅਮ ‘ ਤੇ ਸਾਥ ਦੇ ਰਹੇ ਸਨ, ਜਦ ਕਿ ਤਬਲੇ ਦੀ ਮੁਹਾਰਤ ਵਿਚ ਨਿਪੁੰਨ ਭਾਈ ਜਗਜੀਤ ਸਿੰਘ ਨੇ ਤਬਲੇ ਦੇ ਵੱਖ-ਵੱਖ ਤਾਲਾਂ ਦੇ ਜੌਹਰ ਵਿਖਾ ਕੇ ਸੰਗਤਾਂ ਤੋਂ ਖ਼ੂਬ ਪ੍ਰਸੰਸਾ ਪ੍ਰਾਪਤ ਕੀਤੀ। ਰਾਤ ਦੇ ਲੱਗਭੱਗ ਨੌਂ ਵਜੇ ਹੋਈ ਕੀਰਤਨ ਦੀ ਸਮਾਪਤੀ ਤੋਂ ਬਾਅਦ ਹੋਈ ਅਰਦਾਸ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਓਕਵਿਲ ਤੇ ਇਸ ਦੇ ਆਸ-ਪਾਸ ਦੇ ਸ਼ਹਿਰਾਂ ਤੋਂ ਆਈਆਂ ਸੰਗਤਾਂ ਲਈ ਇਹ ਯਾਦਗਾਰੀ ਸਮਾਗ਼ਮ ਹੋ ਨਿਬੜਿਆ।