Breaking News
Home / ਕੈਨੇਡਾ / ਟੀ.ਪੀ.ਏ.ਆਰ. ਕਲੱਬ ਦੇ 50 ਮੈਂਬਰਾਂ ਨੇ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਨ ਵਿਚ ਲਿਆ ਹਿੱਸਾ

ਟੀ.ਪੀ.ਏ.ਆਰ. ਕਲੱਬ ਦੇ 50 ਮੈਂਬਰਾਂ ਨੇ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਨ ਵਿਚ ਲਿਆ ਹਿੱਸਾ

ਮੈਂਬਰ ਪਾਰਲੀਮੈਂਟ ਰਾਜ ਗਰੇਵਾਲ ਤੇ ਸਿਟੀ ਕਾਊਂਸਲਰ ਗੁਰਪ੍ਰੀਤ ਢਿੱਲੋਂ ਨੇ ਕਲੱਬ ਮੈਂਬਰਾਂ ਦਾ ਕੀਤਾ ਸਵਾਗਤ
ਟੋਰਾਂਟੋ/ਡਾ. ਝੰਡ
ਲੰਘੇ ਸ਼ਨੀਵਾਰ 7 ਅਪ੍ਰੈਲ ਨੂੰ ਹੋਏ ਟੋਰਾਂਟੋ ਡਾਊਨ ਟਾਊਨ ਸਥਿਤ ਸੀ.ਐੱਨ. ਟਾਵਰ ਦੇ ‘ਸਟੇਅਰਜ਼ ਕਲਾਈਂਬਿੰਗ ਈਵੈਂਟ’ ਜਿਸ ਵਿਚ ਹਜ਼ਾਰਾਂ ਹੀ ਲੋਕਾਂ ਨੇ ਹਿੱਸਾ ਲਿਆ, ਵਿਚ ਟੀ.ਪੀ.ਏ.ਆਰ. ਕਲੱਬ ਦੇ 50 ਮੈਂਬਰ ਸ਼ਾਮਲ ਹੋਏ। ਉਹ ਸਵੇਰੇ ਸਾਢੇ ਛੇ ਵਜੇ ਏਅਰਪੋਰਟ ਰੋਡ ‘ਤੇ ਬੋਵੇਰਡ ਡਰਾਈਵ ਨੇੜਲੇ ਇੰਟਰਸੈੱਕਸ਼ਨ ਟਿਮ ਹੌਰਟਨ ਵਿਚ ਇਕੱਤਰ ਹੋਏ ਅਤੇ ਇਕ ਸਕੂਲ ਬੱਸ ਵਿਚ ਸਵਾਰ ਹੋ ਕੇ ਡਾਊਨ-ਟਾਊਨ ਪਹੁੰਚੇ। ਰਸਤੇ ਵਿਚ ਇਕ ਪੜਾਅ ਕਲੱਬ ਦੇ ਸਰਗ਼ਰਮ ਮੈਂਬਰ ਮਨਜੀਤ ਸਿੰਘ ਦੇ ਘਰ ਵਿਚ ਹਲਕਾ ਜਿਹਾ ਪੌਸ਼ਟਿਕ ਬਰੇਕ-ਫ਼ਾਸਟ ਕਰਨ ਲਈ ਕੀਤਾ ਗਿਆ ਜਿਸ ਵਿਚ ਗਰਮ-ਗਰਮ ਦੁੱਧ/ਚਾਹ, ਕੇਕ-ਬਰੈੱਡ ਅਤੇ ਉੱਬਲੇ ਹੋਏ ਅੰਡੇ ਸ਼ਾਮਲ ਸਨ।
ਨੌਂ ਕੁ ਵਜੇ ਬੱਸ ਸੀ.ਐੱਨ. ਟਾਵਰ ਦੇ ਸਾਹਮਣੇ ਪਹੁੰਚੀ ਅਤੇ ਸਾਰੇ ਮੈਂਬਰ ਗਰੁੱਪ ਵਜੋਂ ਰਜਿਸਟ੍ਰੇਸ਼ਨ ਕਰਵਾਉਣ ਲਈ ਲੱਗੀਆਂ ਲੰਮੀਆਂ ਲਾਈਨਾਂ ਵਿਚ ਲੱਗ ਗਏ ਜਿਸ ਦੇ ਲਈ ਘੰਟੇ-ਭਰ ਦਾ ਸਮਾਂ ਲੱਗ ਗਿਆ।
ਦਸ ਵਜੇ ਕਰੀਬ ਮੈਂਬਰਾਂ ਨੇ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਨੀਆਂ ਆਰੰਭ ਕਰ ਦਿੱਤੀਆਂ ਅਤੇ ਕਲੱਬ ਦਾ ਨੌਜੁਆਨ ਮੈਂਬਰ ਕਰਮਵੀਰ ਮੈਹਮੀ 14 ਮਿੰਟ 20 ਸਕਿੰਟਾਂ ਵਿਚ ਹੀ ਇਹ ਸਫ਼ਲਤਾ-ਪੂਰਵਕ ਚੜ੍ਹ ਕੇ ਆ ਗਿਆ। ਉਸ ਦੇ ਮਗਰੇ ਹੀ ਰੈਮੀ ਪੂਨੀਆ 18 ਮਿੰਟ 55 ਸਕਿੰਟ, ਜਸਵੀਰ ਪਾਸੀ 19 ਮਿੰਟ 34 ਸਕਿੰਟ, ਸੁਖਦੇਵ ਸਿਧਵਾਂ 19 ਮਿੰਟ 47 ਸਕਿੰਟ, ਰਾਕੇਸ਼ ਸ਼ਰਮਾ 27 ਮਿੰਟ 29 ਸਕਿੰਟ, ਜਸਬੀਰ ਸੇਖੋਂ 28 ਮਿੰਟ 26 ਸਕਿੰਟ, ਰਜਿੰਦਰ ਭਿੰਡਰ 35 ਮਿੰਟ 46 ਸਕਿੰਟ ਤੇ ਹੋਰ ਮੈਂਬਰ ਇਸ ਤੋਂ ਥੋੜ੍ਹਾ-ਥੋੜ੍ਹਾ ਵੱਧ ਸਮਾਂ ਲਗਾਉਂਦੇ ਹੋਏ ਆਉਣੇ ਸ਼ੁਰੂ ਹੋ ਗਏ। ਉਨ੍ਹਾਂ ਦੇ ਗੁੱਟਾਂ ਦੇ ਬੱਝੇ ਇਲੈੱਕਟ੍ਰਾਨਿਕ ਯੰਤਰਾਂ ਨਾਲ ਕੰਪਿਊਟਰ ਵੱਲੋਂ ਸਾਰਿਆਂ ਦਾ ਸਮਾਂ ਬੜਾ ਬਰੀਕੀ ਨਾਲ ਸਕਿੰਟਾਂ ਤੱਕ ਕੱਢਿਆ ਗਿਆ। ਜਿੱਥੇ ਕਲੱਬ ਦੇ ਸੱਭ ਤੋਂ ਸੀਨੀਅਰ ਮੈਂਬਰ 76-ਸਾਲਾ ਈਸ਼ਰ ਸਿੰਘ ਇਹ ਪੌੜੀਆਂ 44 ਮਿੰਟ 34 ਸਕਿੰਟਾਂ ਵਿਚ ਪਿਛਲੇ ਸਾਲ ਨਾਲੋਂ 15 ਸਕਿੰਟ ਪਹਿਲਾਂ ਚੜ੍ਹੇ, ਉੱਥੇ ਕਲੱਬ ਵੱਲੋਂ ਰਜਿਸਟਰ ਹੋਈ 11-ਸਾਲਾ ਬੇਟੀ ਗੁਰਨੂਰ ਕੌਰ ਨੇ ਇਹ ਪੌੜੀਆਂ 20 ਮਿੰਟ 25 ਸਕਿੰਟਾਂ ਵਿਚ ਚੜ੍ਹੀਆਂ। ਇਸ ਤਰ੍ਹਾਂ ਇਹ ਕਲੱਬ ਸੀਨੀਅਰਜ਼ ਦੇ ਨਾਲ ਬੱਚਿਆਂ ਨੂੰ ਵੀ ਦੌੜਾਂ ਅਤੇ ਅਜਿਹੇ ਈਵੈਂਟਸ ਲਈ ਉਤਸ਼ਾਹਿਤ ਕਰਦੀ ਹੈ। ਇਸ ਦੇ ਨਾਲ ਹੀ ਇਸ ਈਵੈਂਟ ਦਾ ਦਿਲਚਸਪ ਪਹਿਲੂ ਇਹ ਵੀ ਸੀ ਕਿ ਮੀਡੀਆ ਨਾਲ ਸਬੰਧਿਤ ਜਗਦੀਸ਼ ਗਰੇਵਾਲ, ਸੰਦੀਪ ਬਰਾੜ, ਚਮਕੌਰ ਸਿੰਘ ਮਾਛੀਕੇ ਸ਼ਾਮਲ ਹੋਏ। ਪ੍ਰਸਿੱਧ ਖੇਡ-ਲੇਖਕ ਪ੍ਰਿੰਸੀਪਲ ਸਰਵਣ ਸਿੰਘ, ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬ ਦੇ ਸਕੱਤਰ ਜੰਗੀਰ ਸਿੰਘ ਸੈਂਹਬੀ, ਬਲਦੇਵ ਰਹਿਪਾ, ਜਸਵਿੰਦਰ (ਕਾਕਾ) ਲੇਲਣਾ, ਸੁੱਖੀ ਢਿੱਲੋਂ, ਕੇਸਰ ਸਿੰਘ ਬੜੈਚ ਅਤੇ ਡਾ. ਸੁਖਦੇਵ ਸਿੰਘ ਝੰਡ ਕਲੱਬ ਦੇ ਮੈਂਬਰਾਂ ਦੀ ਹੌਸਲਾ-ਅਫ਼ਜ਼ਾਈ ਲਈ ਉਚੇਚੇ ਤੌਰ ‘ਤੇ ਉਨ੍ਹਾਂ ਦੇ ਨਾਲ ਡਾਊਨ ਟਾਊਨ ਗਏ। ਵਾਪਸੀ ‘ਤੇ ਲੰਚ ਦਾ ਪ੍ਰੋਗਰਾਮ ‘ਗਰੇਟਰ ਟੋਰਾਂਟੋ ਮਾਰਗੇਜ਼’ ਦੇ 7050 ਡੈਰੀ ਰੋਡ ਸਥਿਤ ਦਫ਼ਤਰ ਵਿਚ ਸੀ ਜਿਨ੍ਹਾਂ ਨੇ ਕਲੱਬ ਮੈਂਬਰਾਂ ਦੀਆਂ ਟੀ-ਸ਼ਰਟਾਂ ਵੀ ਸਪਾਂਸਰ ਕੀਤੀਆਂ ਸਨ ਅਤੇ ਗਾਹੇ-ਬਗਾਹੇ ਕਲੱਬ ਨੂੰ ਹਰ ਪ੍ਰਕਾਰ ਦਾ ਸਹਿਯੋਗ ਦਿੰਦੇ ਰਹਿੰਦੇ ਹਨ। ਇੱਥੇ ਹੀ ਕਲੱਬ ਮੈਂਬਰਾਂ ਦਾ ਸੁਆਗ਼ਤ ਕਰਨ ਅਤੇ ਵਧਾਈ ਦੇਣ ਲਈ ਮੈਂਬਰ ਪਾਰਲੀਮੈਂਟ ਰਾਜ ਗਰੇਵਾਲ, ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਸਤਿੰਦਰਪਾਲ ਸਿੱਧਵਾਂ ਅਤੇ ਸੁਭਾਸ਼ ਸ਼ਰਮਾ ਪਹੁੰਚੇ ਹੋਏ ਸਨ। ਉਨ੍ਹਾਂ ਨੇ ਸਾਰੇ ਮੈਂਬਰਾਂ ਨਾਲ ਵਧਾਈਆਂ ਸਾਂਝੀਆਂ ਕੀਤੀਆਂ ਅਤੇ ਕਲੱਬ ਦੀਆਂ ਸਰਗ਼ਰਮੀਆਂ ਦੀ ਭਰਪੂਰ ਸਲ਼ਾਘਾ ਕੀਤੀ।
ਇਸ ਮੌਕੇ ਕਲੱਬ ਵੱਲੋਂ ਐੱਮ.ਪੀ.ਰਾਜ ਗਰੇਵਾਲ ਅਤੇ ਸਤਿੰਦਰਪਾਲ ਸਿੱਧਵਾਂ ਦੇ ਹੱਥੋਂ ਸਾਂਝੇ ਤੌਰ ‘ਤੇ ‘ਗਰੇਟਰ ਟੋਰਾਂਟੋ ਮਾਰਗੇਜ’ ਦੇ ਬਲਜਿੰਦਰ ਲੇਲਣਾ ਤੇ ਜਸਪਾਲ ਗਰੇਵਾਲ ਨੂੰ ਸ਼ਾਨਦਾਰ ਟਰਾਫ਼ੀ ਅਤੇ ਡਾ. ਸੁਖਦੇਵ ਸਿੰਘ ਝੰਡ ਨੂੰ ਪ੍ਰਸ਼ੰਸਾ-ਪੱਤਰ ਦਿਵਾ ਕੇ ਉਨ੍ਹਾਂ ਵੱਲੋਂ ਆਪੋ- ਆਪਣੇ ਖ਼ੇਤਰਾਂ ਵਿਚ ਕਮਿਊਨਿਟੀ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।
ਰਾਤ ਨੂੰ ‘ਹਾਈਲੈਂਡ ਆਟੋ’ ਦੇ ਮਾਲਕ ਗੈਰੀ ਗਰੇਵਾਲ ਵੱਲੋਂ ਕਲੱਬ ਮੈਂਬਰਾਂ ਨੂੰ ਡਿਨਰ ਪਾਰਟੀ ਕੀਤੀ ਗਈ ਜਿਸ ਵਿਚ ਕਲੱਬ ਦੇ ਨੌਜੁਆਨ ਮੈਂਬਰ ਕਰਮਵੀਰ ਮੈਹਮੀ ਜਿਸ ਨੇ ਸਵੇਰੇ ਇਹ ਪੌੜੀਆਂ ਕੇਵਲ 14 ਮਿੰਟ 20 ਸਕਿੰਟਾਂ ਵਿਚ ਚੜ੍ਹੀਆਂ ਸਨ, ਦੇ ਗਲ ਵਿਚ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ। ਏਸੇ ਤਰ੍ਹਾਂ 50-60 ਸਾਲ ਉਮਰ ਵਰਗ ਵਿਚ ਜਸਵੀਰ ਪਾਸੀ, ਮਹਿੰਦਰ ਘੁਮਾਣ ਤੇ ਸੁਖਦੇਵ ਸਿੱਧਵਾਂ ਅਤੇ 60-70 ਉਮਰ ਵਰਗ ਵਿਚ ਰਜਿੰਦਰ ਭਿੰਡਰ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਉਮਰ ਵਰਗ ਵਿਚ ਹੋਰ ਸਨਮਾਨਿਤ ਹੋਣ ਵਾਲੇ ਰਾਕੇਸ਼ ਸ਼ਰਮਾ, ਰਮਿੰਦਰ ਰੈਮੀ ਅਤੇ ਜਸਬੀਰ ਸੇਖੋਂ ਕਿਸੇ ਕਾਰਨ ਇਸ ਪਾਰਟੀ ਵਿਚ ਨਹੀਂ ਪਹੁੰਚ ਸਕੇ। ਕਲੱਬ ਦੇ ਸੱਭ ਤੋਂ ਸੀਨੀਅਰ ਮੈਂਬਰ ਈਸ਼ਰ ਸਿੰਘ ਜੋ ਆਪਣੇ ਜੀਵਨ ਦੇ ਖ਼ੂਬਸੂਰਤ 75 ਸਾਲ ਸਫ਼ਲਤਾ-ਪੂਰਵਕ ਮਾਣ ਚੁੱਕੇ ਹਨ, ਨੂੰ ਵਿਸ਼ੇਸ਼ ਮੈਡਲ ਨਾਲ ਸਨਮਾਨਿਆ ਕੀਤਾ ਗਿਆ। ਏਸੇ ਤਰ੍ਹਾਂ ਇਕ ਹੋਰ ਸੀਨੀਅਰ ਮੈਂਬਰ 64 ਸਾਲਾ-ਕੇਸਰ ਸਿੰਘ ਬੜੈਚ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਉੱਘੇ ਰਿਅਲਟਰ ਗਿਆਨ ਸਿੰਘ ਨਾਗਰਾ ਵੱਲੋਂ 500 ਡਾਲਰ ਨਾਲ ਕਲੱਬ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ ਹੈ। ਕਲੱਬ ਦੇ ਚੇਅਰਮੈਨ ਸੰਧੂਰਾ ਸਿੰਘ ਬਰਾੜ, ਪ੍ਰਧਾਨ ਹਰਭਜਨ ਸਿੰਘ ਗਿੱਲ ਅਤੇ ਸਕੱਤਰ ਡਾ. ਜੈਪਾਲ ਸਿੰਘ ਸਿੱਧੂ ਵੱਲੋਂ ਮੈਡਲ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈ ਦਿੱਤੀ ਗਈ ਅਤੇ ਇਸ ਈਵੈਂਟ ਵਿਚ ਹਿੱਸਾ ਲੈਣ ਲਈ ਸਾਰੇ ਕਲੱਬ ਮੈਂਬਰਾਂ, ਸਪੋਸਰਾਂ ਅਤੇ ਮੀਡੀਆ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।

Check Also

ਲਾਵਾਰਿਸ ਤੇ ਗੈਰਕਾਨੂੰਨੀ ਤੌਰ ਉੱਤੇ ਪਾਰਕ ਕੀਤੀਆਂ ਗੱਡੀਆਂ ਨੂੰ ਟੋਅ ਕਰੇਗੀ ਟੋਰਾਂਟੋ ਸਿਟੀ

Parvasi News, Toronto ਸਿਟੀ ਆਫ ਟੋਰਾਂਟੋ ਵੱਲੋਂ ਬਰਫ ਸਾਫ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਪਰ ਗੈਰਕਾਨੂੰਨੀ ਤੌਰ ਉੱਤੇ ਪਾਰਕ ਕੀਤੀਆਂ ਗਈਆਂ ਗੱਡੀਆਂ ਨੂੰ ਅੱਜ ਤੋਂ ਟੋਅ ਵੀ ਕੀਤਾ ਜਾਵੇਗਾ। ਸਿਟੀ  ਆਫ ਟੋਰਾਂਟੋ ਦਾ ਕਹਿਣਾ ਹੈ ਕਿ ਉਹ ਗੈਰਕਾਨੂੰਨੀ ਤੌਰ ਉੱਤੇ ਸੜਕਾਂ ਉੱਤੇ ਖੜ੍ਹੀਆਂ ਗੱਡੀਆਂ ਤੇ ਲਾਵਾਰਿਸ ਪਈਆਂ ਗੱਡੀਆਂ ਨੂੰ ਟੋਅ ਕਰਵਾਏਗੀ।ਇਨ੍ਹਾਂ ਗੱਡੀਆਂ ਕਾਰਨ ਬਰਫ ਹਟਾਉਣ ਦੇ ਕੰਮ ਵਿੱਚ ਵੀ ਅੜਿੱਕਾ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਉਹ ਗੱਡੀਆਂ ਵੀ ਸ਼ਾਮਲ ਹਨ ਜਿਹੜੀਆਂ ਸਨੋਅ ਰੂਟਸ ਦੇ ਨਾਲ ਖੜ੍ਹੀਆਂ ਹਨ। ਟੈਗ ਕੀਤੀਆਂ ਗੱਡੀਆਂ ਨੂੰ ਕਾਰ ਕੰਪਾਊਂਡ ਵਿੱਚ ਲਿਜਾਇਆ ਜਾਵੇਗਾ ਤੇ ਰੈਜ਼ੀਡੈਂਟਸ ਸਿਟੀ ਦੇ ਜਿਸ ਹਿੱਸੇ ਵਿੱਚ ਰਹਿੰਦੇ ਹੋਣਗੇ ਉੱਥੋਂ ਦਾ ਪਤਾ ਦੱਸਕੇ ਆਪਣੀ ਗੱਡੀ ਨੂੰ ਲੋਕੇਟ ਕਰ ਸਕਣਗੇ। ਸਿਟੀ ਦੇ ਬੁਲਾਰੇ ਨੇ ਆਖਿਆ ਕਿ ਜਦੋਂ ਬਰਫੀਲਾ ਤੂਫਾਨ ਸ਼ੁਰੂ ਹੋਣ ਵਾਲਾ ਸੀ ਤਾਂ ਸਨੋਅ ਰੂਟਸ ਐਲਾਨੇ ਗਏ ਰਸਤਿਆਂ ‘ਤੇ ਸੜਕਾਂ ਉੱਤੇ 72 ਘੰਟਿਆਂ ਲਈ ਪਾਰਕਿੰਗ ਕਰਨ ਦੀ ਮਨਾਹੀ ਸੀ। ਸਿਟੀ ਵੱਲੋਂ ਬਰਫ ਹਟਾਏ ਜਾਣ ਸਮੇਂ ਸੜਕਾਂ ਤੋਂ ਬਰਫ ਹਟਾ ਕੇ ਬਾਅਦ ਵਿੱਚ ਚੁੱਕੀ ਜਾਣ ਤੋਂ ਪਹਿਲਾਂ ਕਿਨਾਰਿਆਂ ਉੱਤੇ ਸੁੱਟੀ ਜਾਂਦੀ ਹੈ ਤੇ ਜੇ ਇੱਥੇ ਗੱਡੀਆਂ ਖੜ੍ਹੀਆਂ ਹੋਣ ਤਾਂ ਉਨ੍ਹਾਂ ਕਾਰਨ ਟਰੈਫਿਕ ਵਿੱਚ ਵਿਘਣ ਪੈ ਸਕਦਾ ਹੈ, ਰਾਹਗੀਰਾਂ ਨੂੰ ਦਿੱਕਤ ਆ ਸਕਦੀ ਹੈ ਤੇ ਪਾਰਕਿੰਗ ਵਿੱਚ ਵੀ ਅੜਿੱਕਾ ਆ ਸਕਦਾ ਹੈ। ਸਨੋਅ ਰੂਟਸ ਦੀ ਨਿਸ਼ਾਨਦੇਹੀ ਪਹਿਲਾਂ ਤੋਂ ਹੀ ਕੀਤੀ ਗਈ ਹੈ, ਇਨ੍ਹਾਂ ਵਿੱਚੋਂ ਬਹੁਤੇ ਡਾਊਨਟਾਊਨ ਕੋਰ ਉੱਤੇ ਸਥਿਤ ਹਨ। ਇਨ੍ਹਾਂ ਵਿੱਚ ਸਟਰੀਟਕਾਰ ਰੂਟਸ ਵੀ ਸ਼ਾਮਲ ਹਨ। ਇਸ ਤਰ੍ਹਾਂ ਦੇ ਬਰਫੀਲੇ ਤੂਫਾਨ ਕਾਰਨ ਜਾਂ ਭਾਰੀ ਬਰਫਬਾਰੀ ਦਰਮਿਆਨ ਇਨ੍ਹਾਂ ਨਿਰਧਾਰਤ ਸਨੋਅ ਰੂਟਜ਼ ਉੱਤੇ ਪਾਰਕਿੰਗ ਕਰਨ ਨਾਲ 200 ਡਾਲਰ ਜੁਰਮਾਨਾ ਦੇਣਾ ਪੈ ਸਕਦਾ ਹੈ।