Breaking News
Home / ਕੈਨੇਡਾ / ਡਰੱਗ-ਅਵੇਅਰਨੈੱਸ ਮੋਟਰਸਾਈਕਲ ਰੈਲੀ ਦਾ ਸਫ਼ਲ ਆਯੋਜਨ

ਡਰੱਗ-ਅਵੇਅਰਨੈੱਸ ਮੋਟਰਸਾਈਕਲ ਰੈਲੀ ਦਾ ਸਫ਼ਲ ਆਯੋਜਨ

ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
ਨਸ਼ਿਆਂ ਦੇ ਮਾਰੂ ਅਸਰ ਪ੍ਰਤੀ ਲੋਕਾਂ ਵਿਚ ਜਾਗਰੂਕਤਾ ਪੈਦਾ ਕਰਨ ਲਈ ਲੰਘੇ ਐਤਵਾਰ 4 ਸਤੰਬਰ ਨੂੰ ‘ਸਿੱਖ ਮੋਟਰਸਾਈਕਲ ਕਲੱਬ ਬਰੈਂਪਟਨ’ ਵੱਲੋਂ ‘ਡਰੱਗ-ਅਵੇਅਰਨੈੱਸ ਮੋਟਰਸਾਈਕਲ ਰੈਲੀ’ ਆਯੋਜਿਤ ਕੀਤੀ ਗਈ ਜਿਸ ਵਿਚ ਇਸ ਕਲੱਬ ਦੇ 20 ਮੈਂਬਰਾਂ ਨੇ ਉਤਸ਼ਾਹ-ਪੂਰਵਕ ਭਾਗ ਲਿਆ।
ਸਵੇਰੇ 8.00 ਵਜੇ ਹੀ ਉਹ ਸਾਰੇ ਆਪਣੇ ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਡਿਕਸੀ ਰੋਡ ਅਤੇ ਪੀਟਰ ਰੌਬਰਟਸਨ ਦੀ ਨੁੱਕਰ ਵਿਚ ਸਥਿਤ ਗੁਰਦੁਆਰਾ ਸਾਹਿਬ ਗੁਰੂ ਨਾਨਕ ਮਿਸ਼ਨ ਸੈਂਟਰ ਦੀ ਖ਼ੁੱਲ੍ਹੀ ਪਾਰਕਿੰਗ ਵਿੱਚ ਪਹੁੰਚ ਗਏ ਜਿੱਥੋਂ ਲੱਗਭੱਗ ਨੌਂ ਵਜੇ ਇਸ ਰੈਲੀ ਨੂੰ ‘ਡਰੱਗ ਅਵੇਅਰਨੈੱਸ ਸੋਸਾਇਟੀ ਆਫ਼ ਓਨਟਾਰੀਓ’ ਦੇ ਪ੍ਰਧਾਨ ਗੁਰਮੁਖ ਸਿੰਘ ਬਾਠ ਵੱਲੋਂ ਕੈਨੇਡਾ ਦੇ ਰਾਸ਼ਟਰੀ ਝੰਡੇ ਨੂੰ ਲਹਿਰਾਉਂਦਿਆਂ ਹੋਇਆਂ ਬਲਿਊ ਮਾਊਂਨਟੇਨ ਵੱਲ ਰਵਾਨਾ ਕੀਤਾ ਗਿਆ। ਮੋਟਰਸਾਈਕਲਾਂ ਦਾ ਇਹ ਕਾਫ਼ਲਾ ਡਿਕਸੀ ਰੋਡ ਤੋਂ ਮੇਅ ਫ਼ੀਲਡ ਰੋਡ ਅਤੇ ਉੱਥੋਂ ਏਅਰਪੋਰਟ ਰੋਡ ਤੋਂ ਬਲਿਊ-ਮਾਊਂਨਟੇਨ ਜਾਣ ਵਾਲੀ ਛੋਟੀ ਸੜਕ ਰਾਹੀਂ ਬਲਿਊ-ਮਾਊਂਨਟੇਨ ਵੱਲ ਰਵਾਨਾ ਹੋਇਆ ਜਿਸ ਦੀ ਅਗਵਾਈ ਕਲੱਬ ਦੇ ਪ੍ਰਧਾਨ ਇੰਦਰਜੀਤ ਸਿੰਘ ਜਗਰਾਓਂ ਕਰ ਰਹੇ ਸਨ ਅਤੇ ਬਾਕੀ ਮੋਟਰਸਾਈਕਲ ਸਵਾਰ ਇਕ ਹੀ ਲਾਈਨ ਵਿਚ ਉਨ੍ਹਾਂ ਦੇ ਪਿੱਛੇ ਚੱਲ ਰਹੇ ਸਨ। ਰਸਤੇ ਵਿਚ ਪੈਂਦੇ ਪਿੰਡਾਂ ਅਤੇ ਕਸਬਿਆਂ ਦੀਆਂ ਛੋਟੀਆਂ ਸੜਕਾਂ ਤੋਂ ਗ਼ੁਜ਼ਰਦਾ ਹੋਇਆ ਇਹ ਕਾਫਲਾ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕਤਾ ਦਾ ਆਪਣਾ ਸੰਦੇਸ਼ ਦਿੰਦਾ ਹੋਇਆ ਅੱਗੇ ਵੱਧਦਾ ਗਿਆ ਅਤੇ ਅਖ਼ੀਰ ਆਪਣੀ ਮੰਜ਼ਲ ‘ਤੇ ਬਲਿਊ-ਮਾਊਂਨਟੇਨ ਪਹੁੰਚਾ।
ਇਸ ਮੌਕੇ ‘ਡਰੱਗ ਅਵੇਅਰਨੈੱਸ ਸੋਸਾਇਟੀ ਓਨਟਾਰੀਓ’ ਦੇ ਸਰਗ਼ਰਮ ਮੈਂਬਰ ਗੁਰਮੁਖ ਸਿੰਘ ਬਾਠ, ਪ੍ਰੋ.ਰਾਜਾ ਸਿੰਘ ਮਿਸ਼ਨਰੀ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਦੇ ਸਕੱਤਰ ਖੁਸ਼ਵੰਤ ਸਿੰਘ ਬਾਜਵਾ, ਮਨਦੀਪ ਸਿੰਘ ਧੁੱਗਾ, ਜਗਦੀਪ ਸਿੰਘ, ‘ਸਿੱਖ ਸਪੋਕਸਮੈਨ’ ਤੋਂ ਮਲੂਕ ਸਿੰਘ ਕਾਹਲੋਂ ਤੇ ਸੁਖਦੇਵ ਸਿੰਘ ਝੰਡ ਅਤੇ ਕਈ ਹੋਰ ਹਾਜ਼ਰ ਸਨ ਜਿਨ੍ਹਾਂ ਵਿਚ ਕੁਝ ਬੀਬੀਆਂ ਵੀ ਸ਼ਾਮਲ ਸਨ। ਇਸ ਨਸ਼ਾ ਵਿਰੋਧੀ ਰੈਲੀ ਦੇ ਵੱਖ-ਵੱਖ ਦ੍ਰਿਸ਼ਾਂ ਨੂੰ ‘ਗਲੋਬਲ ਪੰਜਾਬ’ ਤੇ ‘ਚੈਨਲ ਪੰਜਾਬੀ’ ਦੇ ਚਮਕੌਰ ਸਿੰਘ, ‘ਚੜ੍ਹਦੀ ਕਲਾ’ ਦੇ ਜਸਵੰਤ ਸਿੰਘ ਅਤੇ ‘ਪੀ.ਟੀ.ਸੀ. ਚੈਨਲ’ ਦੇ ਕੈਮਰਾਮੈਨਾਂ ਵੱਲੋਂ ਆਪਣੇ ਮੂਵੀ ਕੈਮਰਿਆਂ ਵਿਚ ਕੈਦ ਕੀਤਾ ਗਿਆ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …