ਸ਼ਿਵ ਕੁਮਾਰ ਬਟਾਲਵੀ ਦੀ ਨਿੱਘੀ ਯਾਦ ਨੂੰ ਸਮਰਪਿਤ ਰਿਹਾ
ਬਰੈਂਪਟਨ/ਡਾ.ਝੰਡ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਈ ਮਹੀਨੇ ਦਾ ਸਮਾਗ਼ਮ 20 ਮਈ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 1.30 ਵਜੇ ਸ਼ੁਰੂ ਹੋਇਆ ਅਤੇ ਸ਼ਾਮ ਦੇ ਪੰਜ ਵਜੇ ਤੀਕ ਚੱਲਦਾ ਰਿਹਾ। ਸਮਾਗ਼ਮ ਦਾ ਸਥਾਨ 180-ਬੀ ਸੈਂਡਲਵੁੱਡ ਪਾਰਕਵੇਅ (ਈਸਟ) ਸਥਿਤ ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਸੀ। ਕੁਝ ਜ਼ਰੂਰੀ ਕਾਰਨਾਂ ਕਰਕੇ ਪ੍ਰੋਗਰਾਮ ਦੇ ਏਜੰਡੇ ਵਿੱਚ ਕੁਝ ਤਬਦੀਲੀ ਕਰਕੇ ਇਹ ਸਮੁੱਚਾ ਪ੍ਰੋਗਰਾਮ ਸ਼ਿਵ ਕੁਮਾਰ ਬਟਾਲਵੀ ਨੂੰ ਹੀ ਸਮੱਰਪਿਤ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਡਾ. ਕੰਵਲਜੀਤ ਕੌਰ ਢਿੱਲੋਂ, ਡਾ. ਸੁਖਦੇਵ ਸਿੰਘ ਝੰਡ ਅਤੇ ਪੱਛਮੀ ਪੰਜਾਬ ਦੇ ਜਨਾਬ ਮਕਸੂਦ ਚੌਧਰੀ ਸ਼ਾਮਲ ਸਨ।
ਸਭਾ ਦੇ ਸੀਨੀਅਰ ਮੈਂਬਰ ਕਰਨ ਅਜਾਇਬ ਸੰਘਾ ਵੱਲੋਂ ਹਾਜ਼ਰੀਨ ਨੂੰ ਰਸਮੀ ‘ਜੀ ਆਇਆਂ’ ਕਹਿਣ ਬਾਅਦ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਮੰਚ-ਸੰਚਾਲਕ ਮਲੂਕ ਸਿੰਘ ਕਾਹਲੋਂ ਨੇ ਸ਼ਿਵ ਕੁਮਾਰ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਬਰੈਂਪਟਨ ਦੇ ਮਸ਼ਹੂਰ ਗਾਇਕ ਸੰਨੀ ਸ਼ਿਵਰਾਜ ਨੂੰ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਜਿਸ ਨੇ ਆਪਣੀ ਖ਼ੂਬਸੂਰਤ ਆਵਾਜ਼ ਵਿੱਚ ਸ਼ਿਵ ਕੁਮਾਰ ਦੀਆਂ ਦੀ ਗਜ਼ਲ ‘ਸ਼ਹਿਰ ਤੇਰੇ ਤ੍ਰਿਕਾਲਾਂ ਧਰੀਆਂ, ਗਲ ਲੱਗ ਰੋਈਆਂ ਤੇਰੀਆਂ ਗਲੀਆਂ’ ਅਤੇ ਗੀਤ ‘ਮਾਏ ਨੀ ਮਾਏ ਮੈਂ ਇੱਕ ਸ਼ਿਕਰਾ ਯਾਰ ਬਣਾਇਆ’ ਗਾ ਕੇ ਸਰੋਤਿਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਪ੍ਰੋਗਰਾਮ ਦੇ ਅੱਧ-ਵਿਚਾਲੇ ਬਰੈਂਪਟਨ ਦੇ ‘ਰਫ਼ੀ’ ਇਕਬਾਲ ਦੀ ਵਾਰੀ ਆਈ ਜਿਸ ਨੇ ਸ਼ਿਵ ਦੇ ਮਸ਼ਹੂਰ ਗੀਤ ‘ਮੈਂ ਕੰਡਿਆਲੀ ਥੋਹਰ ਵੇ ਸੱਜਣਾ’ ਅਤੇ ‘ਜਾਚ ਮੈਨੂੰ ਆ ਗਈ ਗ਼ਮ ਖਾਣ ਦੀ’ ਗਾ ਕੇ ਇਸ ਗੀਤ-ਮਈ ਮਾਹੌਲ ਨੂੰ ਹੋਰ ਗਰਮਾਇਆ। ਇਸ ਦੇ ਨਾਲ ਹੀ ਕਰਨ ਅਜਾਇਬ ਸਿੰਘ ਸੰਘਾ ਅਤੇ ਪ੍ਰੋ. ਜਗੀਰ ਸਿੰਘ ਕਾਹਲੋਂ ਦੀਆਂ ਸ਼ਿਵ ਕੁਮਾਰ ਸਬੰਧੀ ਕਵਿਤਾਵਾਂ ਨੇ ਵੀ ਆਪਣਾ ਪੂਰਾ ਯੋਗਦਾਨ ਪਾਇਆ। ਹਰਜੀਤ ਬੇਦੀ ਦੀ ਕਵਿਤਾ ‘ਚਿੜੀਆਂ’ ਨੇ ਪਿਛਲੇ ਹਫ਼ਤੇ ਲੰਘੇ ‘ਮਾਂ-ਦਿਵਸ’ ਦੀ ਯਾਦ ਤਾਜ਼ਾ ਕਰਵਾਈ, ਜਦ ਕਿ ਸੁਖਿੰਦਰ ਨੇ ਭਾਰਤ ਵਿੱਚ ਜ਼ੋਰਾਂ-ਸ਼ੋਰਾਂ ਨਾਲ ਬਣਾਏ ਜਾ ਰਹੇ ਅਧਾਰ-ਕਾਰਡਾਂ ਨੂੰ ਆਧਾਰ ਬਣਾ ਕੇ ‘ਜਾਨਵਰਾਂ ਦੇ ਆਧਾਰ-ਕਾਰਡ’ ਬਣਾਏ ਜਾਣ ਨੂੰ ਹਾਸ-ਵਿਅੰਗ ਦੇ ਰੂਪ ਵਿੱਚ ਪੇਸ਼ ਕੀਤਾ।
ਗੀਤਾਂ ਗ਼ਜ਼ਲਾਂ ਦਾ ਦੌਰ ਖ਼ੂਬ ਚੱਲਿਆ ਜਿਸ ਵਿੱਚ ਸੁਖਮਿੰਦਰ ਰਾਮਪੁਰੀ ਦਾ ਤਰੰਨਮ ਵਿੱਚ ਪੇਸ਼ ਕੀਤਾ ਗਿਆ ਗੀਤ ‘ਹੁਣ ਤਾਂ ਦਿਨ ਚੜ੍ਹਦੇ ਹੀ ਦਿਨ ਛਿਪਦਾ’ ਤੇ ਪ੍ਰਿੰ.ਸੰਜੀਵ ਧਵਨ ਵੱਲੋਂ ਉਨ੍ਹਾਂ ਦੇ ਵੱਡੇ ਭਰਾ ਸਵ. ਦੀਪਕ ਧਵਨ ਦਾ ਲਿਖਿਆ ਤੇ ਗਾਇਆ ਗੀਤ ‘ਕਾਮਿਆਂ ਦੀ ਕੌਮ ਦਾ ਤੂਫ਼ਾਨ ਆਏਗਾ’ ਅਤੇ ਮਹਿੰਦਰਦੀਪ ਗਰੇਵਾਲ, ਗਿਆਨ ਸਿੰਘ ਦਰਦੀ, ਸੁਰਿੰਦਰਜੀਤ ਕੌਰ ਤੇ ਤਲਵਿੰਦਰ ਮੰਡ ਦੀਆਂ ਗ਼ਜ਼ਲਾਂ ਨੇ ਖ਼ੂਬਸੂਰਤ ਕਾਵਿ-ਮਈ ਮਾਹੌਲ ਸਿਰਜਿਆ। ਵਾਰਤਕ ਲਿਖਾਰੀ ਸਭਾ ਦੇ ਸੀਨੀਅਰ ਮੈਂਬਰ ਬਲਰਾਜ ਚੀਮਾ ਦੀ ਕਵਿਤਾ ‘ਮੈਂ ਕਾਲਾ ਚਸ਼ਮਾ ਕਿਉਂ ਲਾਉਂਦਾ ਹਾਂ’ ਜਿੱਥੇ ਬੜੀ ਭਾਵ-ਪੂਰਤ ਤੇ ਅਜੋਕੀ ਸੱਚਾਈ ਬਿਆਨਣ ਵਾਲੀ ਸੀ, ਉੱਥੇ ਮਲੂਕ ਸਿੰਘ ਕਾਹਲੋਂ ਦੀ ਕਵਿਤਾ ‘ਮੋਬਾਈਲ ਸੱਭ ਕੁਝ ਖਾ ਗਿਐ’ ਨਵੀਂ ਤਕਨਾਲੋਜੀ ਦੇ ਮਾਰੂ ਪ੍ਰਭਾਵਾਂ ਨੂੰ ਦਰਸਾਉਣ ਵਾਲੀ ਸੀ। ਭੁਪਿੰਦਰ ਸਿੰਘ ਚੀਮਾ ਨੇ ਕੁਝ ਹਾਸਰਸ-ਟੋਟਕੇ ਸੁਣਾ ਕੇ ਸਰੋਤਿਆਂ ਨੂੰ ਚੰਗਾ ਹੱਸਣ ਲਾਇਆ। ਪ੍ਰਧਾਨਗੀ-ਮੰਡਲ ਵੱਲੋਂ ਮਕਸੂਦ ਚੌਧਰੀ ਨੇ ਆਪਣੀਆਂ ਨਜ਼ਮਾਂ ਦੇ ਟੋਟਕਿਆਂ ਨਾਲ ਇਸ ਮੀਟਿੰਗ ਦੀ ਕਰਵਾਈ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।
ਚੱਲ ਰਹੇ ਪ੍ਰੋਗਰਾਮ ਦੌਰਾਨ ਕਈ ਬਹੁ-ਮੁੱਲੀਆਂ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਗਈਆਂ। ਜਿੱਥੇ ਡਾ. ਕੰਵਲਜੀਤ ਕੌਰ ਢਿੱਲੋਂ ‘ਦਿਸ਼ਾ’ ਸੰਸਥਾ ਵੱਲੋਂ ਔਰਤਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ 17 ਤੇ 18 ਜੂਨ ਨੂੰ 340 ਵੋਡਨ ਸਟਰੀਟ, ਬਰੈਂਪਟਨ ਸਥਿਤ ‘ਸੈਂਚਰੀ ਗਾਰਡਨ ਕਨਵੈੱਨਸ਼ਨ ਸੈਂਟਰ’ ਵਿੱਚ ਹੋ ਰਹੀ ਦੂਸਰੀ ਅੰਤਰ-ਰਾਸ਼ਟਰੀ ਮਹਿਲਾ ਕਾਨਫ਼ਰੰਸ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ, ਉੱਥੇ ਮਨਦੀਪ ਕੌਰ ਨੇ 25 ਜੂਨ ਨੂੰ ‘ਮਨਦੀਪ ਸਿੰਘ ਚੀਮਾ ਚੈਰੀਟੇਬਲ ਫ਼ਾਊਂਡੇਸ਼ਨ’ ਵੱਲੋਂ ਬਰੈਂਪਟਨ ਸੌਕਰ ਸੈਂਟਰ ਵਿੱਚ ਪੰਜਵੀ ਸਲਾਨਾ ‘ਰਾਈਡ ਫ਼ਾਰ ਰਾਜਾ ਮੋਟਰਸਾਈਕਲ ਰਾਈਡ’ ਤੇ ‘ਕਲਾਸਿਕ ਕਾਰ ਸ਼ੋਅ’ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਸਾਰਿਆਂ ਨੂੰ ਇਸ ਈਵੈਂਟ ਵਿੱਚ ਆਉਣ ਲਈ ਸੱਦਾ ਦਿੱਤਾ। ਇੰਜ ਹੀ, ਹਰਜੀਤ ਬੇਦੀ ਨੇ 17 ਜੂਨ ਨੂੰ ਹੋਣ ਵਾਲੀ ਐਸੋਸੀਏਸ਼ਨ ਆਫ਼ ਸੀਨੀਅਰਜ਼ ਦੀ ਮਹੱਤਵਪੂਰਨ ਮੀਟਿੰਗ ਅਤੇ ਸੁਖਿੰਦਰ ਨੇ 26 ਮਈ ਨੂੰ ਹੋਣ ਵਾਲੇ ਉਸ ਦੀਆਂ ਦੋ ਕਿਤਾਬਾਂ ਦੇ ਰੀਲੀਜ਼ ਸਮਾਗ਼ਮ ਬਾਰੇ ਦੱਸਿਆ। ਅਖ਼ੀਰ ਵਿੱਚ ਪ੍ਰਧਾਨਗੀ ਮੰਡਲ ਵਿਚੋਂ ਡਾ. ਸੁਖਦੇਵ ਸਿੰਘ ਝੰਡ ਨੇ ਸਭਾ ਦੀ ਸਮੁੱਚੀ ਕਾਰਵਾਈ ਨੂੰ ਸਮੇਟਦਿਆਂ ਹੋਇਆਂ ਹਾਜ਼ਰ ਮੈਂਬਰਾਂ ਅਤੇ ਸਾਹਿਤ-ਰਸੀਆਂ ਦਾ ਧੰਨਵਾਦ ਕੀਤਾ। ਹਾਜ਼ਰੀਨ ਵਿੱਚ ਜੋਗਿੰਦਰ ਸਿੰਘ ਅਣਖੀਲਾ, ਸੁਰਿੰਦਰ ਸਿੰਘ ਸੰਧੂ, ਦਰਸ਼ਨ ਸਿੰਘ ਗਰੇਵਾਲ, ਜਸਵਿੰਦਰ ਸਿੰਘ, ਮਨਮੋਹਨ ਸਿੰਘ ਗੁਲਾਟੀ, ਬਲਜਿੰਦਰ ਗੁਲਾਟੀ, ਸੁਰਜੀਤ ਕੋਰ, ਸੁੰਦਰਪਾਲ ਰਾਜਾਸਾਂਸੀ, ਮਨਦੀਪ ਕੌਰ ਆਦਿ ਸ਼ਾਮਲ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …