ਸੂਬੇ ਭਰ ਤੋਂ ਲੋਕਾਂ ਨੇ ਕੀਤੀ ਸ਼ਮੂਲੀਅਤ
ਮਾਨਸਾ : ਨਸ਼ਿਆਂ ਦਾ ਕਾਰੋਬਾਰ ਬੰਦ ਕਰਨ ਅਤੇ ਨਸ਼ਾ ਤਸਕਰਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਦੀ ਪੂਰਤੀ ਲਈ ਮਾਨਸਾ ਦੀ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ‘ਤੇ ਕੀਤੀ ਮਹਾਂ ਰੈਲੀ ਦੌਰਾਨ ਪੰਜਾਬ ਭਰ ਵਿੱਚੋਂ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਵੱਡੀ ਗਿਣਤੀ ਇਕੱਠ ਨੂੰ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਬਲਵੀਰ ਸਿੰਘ ਰਾਜੇਵਾਲ, ਬੂਟਾ ਸਿੰਘ ਬੁਰਜ ਗਿੱਲ, ਬੋਘ ਸਿੰਘ, ਗੋਬਿੰਦ ਸਿੰਘ ਛਾਜਲੀ ਤੇ ਕਾਕਾ ਸਿੰਘ ਕੋਟੜਾ ਨੇ ਸੰਬੋਧਨ ਕੀਤਾ।
ਬੁਲਾਰਿਆਂ ਲੋਕਾਂ ਨੂੰ ਸੁਚੇਤ ਕੀਤਾ ਕਿ ਸਰਕਾਰਾਂ ਨਾਲ ਮਿਲਕੇ ਕਾਰਪੋਰੇਟ ਘਰਾਣੇ ਨੌਜਵਾਨ ਵਰਗ ਦੀ ਬਰਬਾਦੀ ਲਈ ਪੰਜ ‘ਐਮ’ ਲੈ ਕੇ ਆਏ ਹਨ, ਆਪਣੇ ਧੀਆਂ ਪੁੱਤਾਂ ਨੂੰ ਇਨ੍ਹਾਂ ਪੰਜ ‘ਐਮ’ ਮੁਰਕੀ, ਮੋਬਾਈਲ, ਮੋਟਰਸਾਇਕਲ, ਮੌਜ਼ ਤੇ ਮਸਤੀ (ਨਸ਼ੇ) ਤੋਂ ਬਚਾਉਂਣ ਲਈ ਇੱਕਜੁੱਟ ਹੋ ਜਾਓ। ਰੁਪਿੰਦਰ ਸਿੰਘ, ਧੰਨਾ ਮੱਲ ਗੋਇਲ, ਸਤਨਾਮ ਸਿੰਘ ਮਨਾਵਾ, ਲੱਖਾ ਸਿੰਘ ਸਧਾਣਾ, ਲਖਵੀਰ ਸਿੰਘ ਅਕਲੀਆ, ਮੁਸਲਿਮ ਫਰੰਟ ਦੇ ਐੱਚਆਰ ਮੋਫਰ ਨੇ ਕਿਹਾ ਜਿੰਨਾਂ ਸਮਾਂ ਪਿੰਡ ਪੱਧਰ ‘ਤੇ ਸਰਪੰਚੀ ਅਤੇ ਹੋਰਨਾਂ ਥਾਵੇਂ ਚੰਗੇ ਬੰਦਿਆਂ ਨੂੰ ਅੱਗੇ ਨਹੀਂ ਲਿਆਉਦੇ ਅਤੇ ਨਸ਼ਾ ਵੰਡਣ ਵਾਲੇ ਘੜੰਮ ਚੌਧਰੀਆਂ ਨੂੰ ਚੁਣਨਾ ਬੰਦ ਨਹੀਂ ਕਰਦੇ, ਪਿੰਡਾਂ ਨੂੰ ਕੋਈ ਨਹੀਂ ਬਚਾ ਸਕਦਾ।
ਨਿਰਮਲ ਸਿੰਘ ਝੰਡੂਕੇ, ਨਿਰਮਲ ਸਿੰਘ ਫੱਤਾ, ਕੁਲਵਿੰਦਰ ਸਿੰਘ ਉੱਡਤ, ਸੀਰਾ ਜੋਗਾ, ਕੁਲਦੀਪ ਸਿੰਘ ਚੱਕ ਭਾਈਕੇ, ਰਘਵੀਰ ਸਿੰਘ ਬੈਨੀਪਾਲ, ਸੂਬੇਦਾਰ ਦਰਸ਼ਨ ਸਿੰਘ, ਪਰਮਿੰਦਰ ਸਿੰਘ ਬਾਲਿਆਂ ਵਾਲੀ ਨੇ ਕਿਹਾ ਦੋਸ਼ ਲੱਗਦੇ ਹਨ ਕਿ ਪਹਿਲਾਂ ਵਾਲੀਆਂ ਸਰਕਾਰਾਂ ਮਾੜੀਆਂ ਸਨ ਪਰ ਇਹ ਸਰਕਾਰ ਤਾਂ ਡੇਢ ਸਾਲ ਵਿੱਚ ਹੀ ਮਹਾਂ ਮਾੜੀ ਹੋਣ ਦਾ ਖਿਤਾਬ ਜਿੱਤ ਗਈ ਹੈ। ਸੁਖਦਰਸ਼ਨ ਸਿੰਘ ਨੱਤ, ਦਰਸ਼ਨ ਸਿੰਘ ਜਟਾਣਾਂ, ਗੁਰਸੇਵਕ ਸਿੰਘ ਮਾਨ, ਕੁਲਵਿੰਦਰ ਕਾਲੀ ਨੇ ਕਿਹਾ ਜਿਵੇਂ ਫਸਲਾਂ ਬਚਾਉਂਣ ਲਈ ਕਿਸਾਨ ਚੂਹਿਆਂ ਨੂੰ ਖੁੱਡਾਂ ਵਿੱਚ ਹੀ ਨੱਪਦੇ ਹਨ, ਉਵੇਂ ਹੀ ਨਸ਼ਾ ਤਸਕਰਾਂ ਨੂੰ ਵੀ ਉਨ੍ਹਾਂ ਦੇ ਸਰਕਾਰੀ ਸਰਪ੍ਰਸਤੀ ਵਾਲੇ ਘੋਰਨਿਆਂ ਵਿੱਚ ਹੀ ਦੱਬਣਾ ਪਵੇਗਾ।