Breaking News
Home / ਪੰਜਾਬ / ਪੰਜਾਬ ਵਿਜੀਲੈਂਸ ਵੱਲੋਂ ਸਾਬਕਾ ਡਿਪਟੀ ਡਾਇਰੈਕਟਰ ਦੀਆਂ ਜਾਇਦਾਦਾਂ ਜ਼ਬਤ

ਪੰਜਾਬ ਵਿਜੀਲੈਂਸ ਵੱਲੋਂ ਸਾਬਕਾ ਡਿਪਟੀ ਡਾਇਰੈਕਟਰ ਦੀਆਂ ਜਾਇਦਾਦਾਂ ਜ਼ਬਤ

ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀ ਹਨ ਰਾਕੇਸ਼ ਕੁਮਾਰ ਸਿੰਗਲਾ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਰਾਕੇਸ਼ ਕੁਮਾਰ ਸਿੰਗਲਾ ਤੇ ਉਸਦੀ ਪਤਨੀ ਰਚਨਾ ਸਿੰਗਲਾ ਦੀਆਂ ਲੁਧਿਆਣਾ ਸਥਿਤ ਚਾਰ ਜਾਇਦਾਦਾਂ ਜ਼ਬਤ (ਅਟੈਚ) ਕੀਤੀਆਂ ਗਈਆਂ ਹਨ।
ਇਹ ਕਾਰਵਾਈ ਡਾ. ਅਜੀਤ ਅੱਤਰੀ ਸਪੈਸ਼ਲ ਜੱਜ ਦੀ ਅਦਾਲਤ ਵੱਲੋਂ 8 ਅਗਸਤ 2023 ਨੂੰ ਜਾਰੀ ਕੀਤੇ ਹੁਕਮਾਂ ਤਹਿਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨੇੜਲੇ ਰਾਕੇਸ਼ ਕੁਮਾਰ ਸਿੰਗਲਾ ਤੇ ਹੋਰਾਂ ਵਿਰੁੱਧ ਸਾਲ 2020-21 ਲਈ ਵੱਖ-ਵੱਖ ਠੇਕੇਦਾਰਾਂ ਨੂੰ ਲੇਬਰ, ਢੋਆ-ਢੋਆਈ ਦੇ ਟੈਂਡਰਾਂ ਦੀ ਗ਼ੈਰ-ਕਾਨੂੰਨੀ ਅਲਾਟਮੈਂਟ ਦੇ ਸਬੰਧ ਵਿੱਚ ਥਾਣਾ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਵਿੱਚ ਐਫਆਈਆਰ ਦਰਜ ਕੀਤੀ ਗਈ ਸੀ। ਇਸ ਮਾਮਲੇ ਵਿੱਚ ਮੁਲਜ਼ਮ ਰਾਕੇਸ਼ ਕੁਮਾਰ ਸਿੰਗਲਾ ਨੂੰ 3 ਦਸੰਬਰ 2022 ਨੂੰ ਭਗੌੜਾ ਐਲਾਨਿਆ ਗਿਆ ਸੀ ਤੇ ਉਸ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਰਾਕੇਸ਼ ਕੁਮਾਰ ਸਿੰਗਲਾ ਨੇ ਵਿਭਾਗ ਵਿੱਚ ਆਪਣੀ ਤਾਇਨਾਤੀ ਦੌਰਾਨ ਅਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੀ ਕੇਂਦਰੀ ਵਿਜੀਲੈਂਸ ਕਮੇਟੀ (ਸੀਵੀਸੀ) ਦੇ ਚੇਅਰਮੈਨ ਵਜੋਂ ਆਪਣੇ ਕਾਰਜਕਾਲ ਵਿੱਚ ਕਈ ਜਾਇਦਾਦਾਂ ਖਰੀਦੀਆਂ ਸਨ। ਵਿਜੀਲੈਂਸ ਨੂੰ ਜਾਂਚ ਦੌਰਾਨ ਪਤਾ ਲੱਗਿਆ ਕਿ ਰਾਕੇਸ਼ ਕੁਮਾਰ ਸਿੰਗਲਾ ਨੇ ਗੁਰੂ ਅਮਰਦਾਸ ਨਗਰ, ਲੁਧਿਆਣਾ ਵਿੱਚ ਇੱਕ ਪਲਾਟ (298/66 ਵਰਗ ਗਜ਼), ਭਾਈ ਰਣਧੀਰ ਸਿੰਘ ਨਗਰ, ਲੁਧਿਆਣਾ ਵਿੱਚ 150-150 ਵਰਗ ਗਜ਼ ਦੇ ਦੋ ਪਲਾਟ, ਰਾਜਗੁਰੂ ਨਗਰ ਵਿੱਚ ਇਕ ਮਕਾਨ ਨੰਬਰ 164-ਏ (ਖੇਤਰ 300 ਵਰਗ ਗਜ਼) ਤੇ ਇੱਕ ਫਲੈਟ (ਖੇਤਰ 193.60 ਵਰਗ ਗਜ਼) ਨੰਬਰ 304, ਸ਼੍ਰੇਣੀ-ਏ, ਦੂਜੀ ਮੰਜ਼ਿਲ ਆਰਸੀਐੱਸ ਪੰਜਾਬ ਸਹਿਕਾਰੀ ਸਭਾ, ਗਜ਼ਟਿਡ ਅਫ਼ਸਰ, ਸੈਕਟਰ 48-ਏ, ਚੰਡੀਗੜ੍ਹ ਪੰਜ ਜਾਇਦਾਦਾਂ ਖਰੀਦੀਆਂ ਸਨ। ਇਹ ਸਾਰੀਆਂ ਜਾਇਦਾਦਾਂ ਉਸ ਨੇ 1 ਅਪਰੈਲ 2011 ਤੋਂ 31 ਜੁਲਾਈ 2022 ਦਰਮਿਆਨ ਆਪਣੀ ਪਤਨੀ ਰਚਨਾ ਸਿੰਗਲਾ ਦੇ ਨਾਂ ‘ਤੇ ਖਰੀਦੀਆਂ ਸਨ। ਇਨ੍ਹਾਂ ਵਿੱਚੋਂ ਲੁਧਿਆਣਾ ਵਾਲੀਆਂ ਚਾਰ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ।
ਇਸ ਸਬੰਧੀ ਥਾਣਾ ਵਿਜੀਲੈਂਸ ਬਿਊਰੋ, ਲੁਧਿਆਣਾ ਰੇਂਜ ਵਿੱਚ 19 ਅਪਰੈਲ 2023 ਨੂੰ ਰਾਕੇਸ਼ ਕੁਮਾਰ ਸਿੰਗਲਾ ਤੇ ਰਚਨਾ ਸਿੰਗਲਾ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਸਬੰਧੀ ਵੱਖਰਾ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਦੋਵੇਂ ਪਤੀ-ਪਤਨੀ ਇਸ ਮਾਮਲੇ ਵਿੱਚ ਭਗੌੜੇ ਹਨ। ਉਨ੍ਹਾਂ ਦੱਸਿਆ ਕਿ 1 ਅਪਰੈਲ 2011 ਤੋਂ 31 ਜੁਲਾਈ 2022 ਤੱਕ ਜਾਂਚ ਦੌਰਾਨ ਰਾਕੇਸ਼ ਕੁਮਾਰ ਸਿੰਗਲਾ ਤੇ ਰਚਨਾ ਸਿੰਗਲਾ ਦੀ ਆਮਦਨ 2,59,68,952 ਰੁਪਏ ਸੀ, ਜਦਕਿ ਉਨ੍ਹਾਂ ਵੱਲੋਂ 4,43,87,182 ਰੁਪਏ ਖਰਚੇ ਗਏ, ਜੋ ਆਮਦਨ ਦੇ ਜ਼ਾਹਰਾ ਸਰੋਤਾਂ ਨਾਲੋਂ 70.92 ਫ਼ੀਸਦ (1,84,18,230 ਰੁਪਏ) ਵੱਧ ਹੈ।
ਬੁਲਾਰੇ ਨੇ ਇਹ ਵੀ ਦੱਸਿਆ ਹੈ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੂੰ ਰਾਕੇਸ਼ ਸਿੰਗਲਾ ਵੱਲੋਂ ਆਪਣੀ ਪਤਨੀ ਰਚਨਾ ਸਿੰਗਲਾ ਅਤੇ ਪੁੱਤਰ ਸਵਰਾਜ ਸਿੰਗਲਾ ਦੇ ਨਾਂ ‘ਤੇ ਖਰੀਦੀਆਂ ਛੇ ਹੋਰ ਜਾਇਦਾਦਾਂ ਦਾ ਵੀ ਪਤਾ ਲੱਗਾ ਹੈ ਤੇ ਕਾਨੂੰਨੀ ਕਾਰਵਾਈ ਮਗਰੋਂ ਬਾਕੀ ਜਾਇਦਾਦਾਂ ਜ਼ਬਤ ਕਰਨ ਦੀ ਪ੍ਰਕਿਰਿਆ ਵੀ ਜਲਦੀ ਸ਼ੁਰੂ ਕੀਤੀ ਜਾਵੇਗੀ।

Check Also

ਮੁੱਖ ਮੰਤਰੀ ਭਗਵੰਤ ਮਾਨ ਨਵੀਂ ਦਿੱਲੀ ’ਚ ‘ਆਪ’ ਉਮੀਦਵਾਰਾਂ ਲਈ ਕਰਨਗੇ ਚੋਣ ਪ੍ਰਚਾਰ

ਕੁਲਦੀਪ ਕੁਮਾਰ ਅਤੇ ਸਾਹਰਾਮ ਪਹਿਲਵਾਨ ਦੇ ਰੋਡ ਸ਼ੋਅ ’ਚ ਵੀ ਹੋਣਗੇ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ …