Breaking News
Home / ਕੈਨੇਡਾ / Front / ਸ਼੍ਰੋਮਣੀ ਅਕਾਲੀ ਦਲ-ਬਸਪਾ ਦਾ ਗੱਠਜੋੜ ਅਟੁੱਟ : ਜਸਵੀਰ ਸਿੰਘ ਗੜ੍ਹੀ

ਸ਼੍ਰੋਮਣੀ ਅਕਾਲੀ ਦਲ-ਬਸਪਾ ਦਾ ਗੱਠਜੋੜ ਅਟੁੱਟ : ਜਸਵੀਰ ਸਿੰਘ ਗੜ੍ਹੀ

ਪੰਜਾਬ ’ਚ ਅਕਾਲੀ ਦਲ ਦੀ ਡਟ ਕੇ ਹਮਾਇਤ ਦੇਣ ਦਾ ਐਲਾਨ ਕੀਤਾ
ਜਲੰਧਰ/ਬਿਊਰੋ ਨਿਊਜ਼
ਬਹੁਜਨ ਸਮਾਜ ਪਾਰਟੀ ਦੀ ਪੰਜਾਬ ਵਿਚਲੀ ਲੀਡਰਸ਼ਿਪ ਨੇ ਕਿਹਾ ਕਿ ਉਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਪੂਰੀ ਤਰ੍ਹਾਂ ਅਟੁੱਟ ਹੈ ਅਤੇ ਲੋਕ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਬਾਰੇ ਚਰਚਾ ਪਾਰਟੀ ਹਾਈ ਕਮਾਂਡ ਪੱਧਰ ’ਤੇ ਹੋਵੇਗੀ। ਇਸ ਤੋਂ ਪਹਿਲਾਂ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਸੀ ਕਿ ਕੋਈ ਗੱਠਜੋੜ ਨਹੀਂ ਕੀਤਾ ਜਾਵੇਗਾ ਤੇ ਪਾਰਟੀ ਆਗਾਮੀ ਸੰਸਦੀ ਚੋਣਾਂ ਇਕੱਲਿਆਂ ਲੜੇਗੀ। ਹੁਣ ਗੜ੍ਹੀ ਨੇ ਕਿਹਾ, ‘ਅਸੀਂ ਬਸਪਾ ਵੱਲੋਂ ਗੱਠਜੋੜ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦੇਵਾਂਗੇ ਅਤੇ ਇਸ ਨੂੰ ਪੂਰੀ ਹਮਾਇਤ ਕਰਾਂਗੇ।’ ਗੜ੍ਹੀ ਨੇ ਇਸ ਸਬੰਧੀ ਸੁਨੇਹਾ ਆਪਣੇ ਫੇਸਬੁੱਕ ਪੇਜ ’ਤੇ ਸਾਂਝਾ ਕੀਤਾ ਹੈ। ਗੜ੍ਹੀ ਨੇ ਕਿਹਾ, ‘ਅਸੀਂ  ਅਕਾਲੀ ਦਲ-ਬਸਪਾ ਗੱਠਜੋੜ ਤੇ ਪਾਰਟੀ ਦੀ ਮਜ਼ਬੂਤੀ ਲਈ ਬਸਪਾ ਦੇ ਕਾਡਰ ਨੂੰ ਸਾਰੇ ਹਲਕਿਆਂ ’ਚ ਆਪਣੇ ਨਾਲ ਜੋੜਨਾ ਜਾਰੀ ਰੱਖਾਂਗੇ। ਸੀਟਾਂ ਦੀ ਵੰਡ ਬਾਰੇ ਚਰਚਾ ਹਾਈ ਕਮਾਂਡ ਪੱਧਰ ’ਤੇ ਦੋਵਾਂ ਪਾਰਟੀਆਂ ਦੇ ਮੁਖੀਆਂ ਵਿਚਾਲੇ ਹੋਵੇਗੀ।’ ਆਪਣਾ ਫ਼ੈਸਲਾ ਬਦਲਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ, ‘ਮੈਂ ਸਿਰਫ਼ ਇਹ ਕਿਹਾ ਸੀ ਕਿ ਅਮਲੀ ਤੌਰ ’ਤੇ ਗੱਠਜੋੜ ਕੰਮ ਨਹੀਂ ਕਰ ਰਿਹਾ। ਮੈਂ ਸਿਰਫ਼ ਇਹ ਚਾਹੁੰਦਾ ਸੀ ਕਿ ਪਾਰਟੀ ਕਾਡਰ ਸਾਰੇ 13 ਹਲਕਿਆਂ ’ਚ ਸਰਗਰਮ ਰਹੇ। ਇਸ ਲਈ ਮੈਂ ਪਹਿਲਾਂ ਹੀ ਸਾਰੀਆਂ 13 ਸੀਟਾਂ ਦਾ ਦੌਰਾ ਕਰ ਰਿਹਾ ਹਾਂ ਅਤੇ ਪਾਰਟੀ ਵਰਕਰਾਂ ਤੇ ਹਮਾਇਤੀਆਂ ਨਾਲ ਮੀਟਿੰਗਾਂ ਕਰ ਰਿਹਾ ਹਾਂ। ਮਾਇਆਵਤੀ ਦੇ ਬਿਆਨ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ (ਮਾਇਆਵਤੀ) ਨੇ ਸਿਰਫ਼ ‘ਇੰਡੀਆ’ ਗੱਠਜੋੜ ਨੂੰ ਇਨਕਾਰ ਕੀਤਾ ਹੈ। ਉਨ੍ਹਾਂ ਹਾਲਾਂਕਿ ਖੇਤਰੀ ਪਾਰਟੀਆਂ ਨਾਲ ਗੱਠਜੋੜ ਦੇ ਰਾਹ ਖੁੱਲ੍ਹੇ ਰੱਖੇ ਹਨ।  ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ, ‘ਅਸੀਂ ਜਲਦੀ ਹੀ ਬਸਪਾ ਲੀਡਰਸ਼ਿਪ ਨਾਲ ਮੁਲਾਕਾਤ ਕਰਾਂਗੇ। ਸਾਡੇ ਵੱਲੋਂ ਕੋਈ ਗੁੱਸਾ ਗਿਲਾ ਨਹੀਂ ਹੈ ਤੇ ਅਸੀਂ ਹਮੇਸ਼ਾ ਗੱਠਜੋੜ ਲਈ ਤਿਆਰ ਸੀ।’

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਸਖਤ ਨਿਰਦੇਸ਼

ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ  ਦੇ ਹੁਕਮ ਚੰਡੀਗੜ੍ਹ/ਬਿਊਰੋ ਨਿਊਜ਼ ਨਸ਼ਿਆਂ ਖਿਲਾਫ ਪੰਜਾਬ ਦੀ ਭਗਵੰਤ …