-8.3 C
Toronto
Wednesday, January 21, 2026
spot_img
Homeਪੰਜਾਬਸੰਗਰੂਰ ਜ਼ਿਮਨੀ ਚੋਣ 'ਚ ਮੁਕਾਬਲਾ ਬਹੁਕੋਣਾ ਰਹਿਣ ਦੇ ਆਸਾਰ

ਸੰਗਰੂਰ ਜ਼ਿਮਨੀ ਚੋਣ ‘ਚ ਮੁਕਾਬਲਾ ਬਹੁਕੋਣਾ ਰਹਿਣ ਦੇ ਆਸਾਰ

16 ਉਮੀਦਵਾਰ ਅਜ਼ਮਾ ਰਹੇ ਹਨ ਆਪਣੀ ਕਿਸਮਤ
ਸੰਗਰੂਰ/ਬਿਊਰੋ ਨਿਊਜ਼ : ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵਿਚ ਭਾਵੇਂ ਕੁੱਲ 16 ਉਮੀਦਵਾਰ ਕਿਸਮਤ ਆਜ਼ਮਾ ਰਹੇ ਹਨ ਪਰ ਮੁੱਖ ਮੁਕਾਬਲਾ ਪੰਜ ਮੁੱਖ ਸਿਆਸੀ ਧਿਰਾਂ ‘ਆਪ’, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਦੇ ਉਮੀਦਵਾਰਾਂ ਵਿਚਾਲੇ ਹੋਣ ਦੇ ਆਸਾਰ ਹਨ। ਮੁੱਖ ਸਿਆਸੀ ਧਿਰਾਂ ਦੀ ਸੂਬਾਈ ਲੀਡਰਸ਼ਿਪ ਆਪੋ-ਆਪਣੇ ਉਮੀਦਵਾਰਾਂ ਦੀ ਜਿੱਤ ਲਈ ਪ੍ਰਚਾਰ ‘ਚ ਜੁਟੀ ਹੋਈ ਹੈ।
ਲੋਕ ਸਭਾ ਹਲਕੇ ਅਧੀਨ ਸੰਗਰੂਰ, ਬਰਨਾਲਾ ਤੇ ਮਲੇਰਕੋਟਲਾ ਜ਼ਿਲ੍ਹਿਆਂ ਦੇ 9 ਅਸੈਂਬਲੀ ਹਲਕੇ ਪੈਂਦੇ ਹਨ ਜਿਨ੍ਹਾਂ ‘ਚ ਲਗਭਗ 15,66,390 ਵੋਟਰ ਹਨ। ਮੁੱਖ ਸਿਆਸੀ ਧਿਰਾਂ ਦੇ ਪੰਜ ਉਮੀਦਵਾਰਾਂ ਵਿਚੋਂ ਸਿਰਫ ‘ਆਪ’ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਹੀ ਆਪਣੀ ਪਲੇਠੀ ਚੋਣ ਲੜ ਰਹੇ ਹਨ। ਉਹ ਪਿੰਡ ਘਰਾਚੋਂ ਦੇ ਸਰਪੰਚ ਹਨ ਜੋ ਕਿ ਸੰਨ 2014 ਤੋਂ ‘ਆਪ’ ਨਾਲ ਜੁੜੇ ਹੋਏ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਤਿ ਕਰੀਬੀ ਮੰਨੇ ਜਾਂਦੇ ਹਨ। ਬਾਕੀ ਚਾਰ ਉਮੀਦਵਾਰ ਪਹਿਲਾਂ ਵੀ ਚੋਣ (ਲੋਕ ਸਭਾ ਜਾਂ ਵਿਧਾਨ ਸਭਾ) ਲੜ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਸੱਤਵੀਂ ਵਾਰ ਸੰਗਰੂਰ ਲੋਕ ਸਭਾ ਹਲਕੇ ਦੇ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਆਜ਼ਮਾ ਰਹੇ ਹਨ। ਉਨ੍ਹਾਂ ਨੇ 1999 ਦੀ ਲੋਕ ਸਭਾ ਚੋਣ ਜਿੱਤੀ ਸੀ ਜਦਕਿ 1996, 1998, 2004, 2009 ਅਤੇ 2019 ਦੀਆਂ ਲੋਕ ਸਭਾ ਚੋਣਾਂ ‘ਚ ਉਹ ਸਫ਼ਲ ਨਹੀਂ ਹੋ ਸਕੇ। ਸਿਮਰਨਜੀਤ ਸਿੰਘ ਮਾਨ ਨੇ ਇਸੇ ਵਰ੍ਹੇ ਹਲਕਾ ਅਮਰਗੜ੍ਹ ਤੋਂ ਵਿਧਾਨ ਸਭਾ ਚੋਣ ਵੀ ਲੜੀ ਸੀ। ਇਸ ਤੋਂ ਪਹਿਲਾਂ ਮਾਨ ਹੋਰਾਂ ਨੇ 1989 ‘ਚ ਲੋਕ ਸਭਾ ਹਲਕਾ ਤਰਨਤਾਰਨ ਦੀ ਚੋਣ ਵੀ ਜਿੱਤੀ ਸੀ।
ਸ਼੍ਰੋਮਣੀ ਅਕਾਲੀ ਦਲ ਵਲੋਂ ਬੰਦੀ ਸਿੰਘਾਂ ਦੇ ਪਰਿਵਾਰਕ ਮੈਂਬਰ ਵਜੋਂ ਬੀਬੀ ਕਮਲਦੀਪ ਕੌਰ ਰਾਜੋਆਣਾ ਨੂੰ ਚੋਣ ਮੈਦਾਨ ‘ਚ ਉਤਾਰਿਆ ਹੈ ਜੋ ਕਿ ਫਾਂਸੀ ਦੀ ਸਜ਼ਾਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਹਨ। ਕਮਲਦੀਪ ਕੌਰ ਦੂਜੀ ਵਾਰ ਲੋਕ ਸਭਾ ਚੋਣ ਲੜ ਰਹੇ ਹਨ। ਇਸ ਤੋਂ ਪਹਿਲਾਂ ਸੰਨ 2014 ‘ਚ ਉਨ੍ਹਾਂ ਲੋਕ ਸਭਾ ਹਲਕਾ ਪਟਿਆਲਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਤੇ ਉਨ੍ਹਾਂ ਨੂੰ ਸਿਰਫ਼ 15,313 ਵੋਟਾਂ ਹੀ ਮਿਲੀਆਂ ਸਨ। ਭਾਜਪਾ ਵਲੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਵੀ ਦੂਜੀ ਵਾਰ ਲੋਕ ਸਭਾ ਚੋਣ ਲੜ ਰਹੇ ਹਨ।
ਢਿੱਲੋਂ ਨੇ 2019 ਦੀ ਲੋਕ ਸਭਾ ਚੋਣ ਕਾਂਗਰਸ ਉਮੀਦਵਾਰ ਵਜੋਂ ਲੜੀ ਸੀ ਪਰ ‘ਆਪ’ ਦੇ ਭਗਵੰਤ ਮਾਨ ਤੋਂ ਹਾਰ ਗਏ ਸਨ। ਇਸ ਤੋਂ ਪਹਿਲਾਂ ਉਹ ਕਾਂਗਰਸੀ ਉਮੀਦਵਾਰ ਵਜੋਂ ਸੰਨ 2007 ਅਤੇ 2012 ਵਿੱਚ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਜੇਤੂ ਰਹੇ ਪਰ 2017 ਵਿੱਚ ਚੋਣ ਹਾਰ ਗਏ ਸਨ ਜਦਕਿ ਇਸ ਸਾਲ ਅਸੈਂਬਲੀ ਚੋਣਾਂ ‘ਚ ਕਾਂਗਰਸ ਵਲੋਂ ਢਿੱਲੋਂ ਨੂੰ ਟਿਕਟ ਨਹੀਂ ਦਿੱਤੀ ਗਈ। ਹੁਣ ਭਾਜਪਾ ‘ਚ ਸ਼ਾਮਲ ਹੁੰਦਿਆਂ ਹੀ ਉਨ੍ਹਾਂ ਨੂੰ ਚੋਣ ਮੈਦਾਨ ‘ਚ ਉਤਾਰ ਦਿੱਤਾ ਗਿਆ ਹੈ।
ਕਾਂਗਰਸ ਨੇ ਦਲਵੀਰ ਸਿੰਘ ਨੂੰ ਚੋਣ ਪਿੜ ‘ਚ ਉਤਾਰਿਆ ਹੈ ਜਿਹੜੇ ਕਿ 2017 ‘ਚ ਧੂਰੀ ਵਿਧਾਨ ਸਭਾ ਹਲਕੇ ਤੋਂ ਜੇਤੂ ਰਹੇ ਸਨ ਪਰ ਇਸੇ ਵਰ੍ਹੇ ਅਸੈਂਬਲੀ ਚੋਣ ਵਿੱਚ ‘ਆਪ’ ਉਮੀਦਵਾਰ ਭਗਵੰਤ ਮਾਨ ਤੋਂ ਹਾਰ ਗਏ ਸਨ। ਉਹ ਲੋਕ ਸਭਾ ਲਈ ਪਹਿਲੀ ਵਾਰ ਕਿਸਮਤ ਅਜ਼ਮਾ ਰਹੇ ਹਨ।

 

RELATED ARTICLES
POPULAR POSTS