Breaking News
Home / ਪੰਜਾਬ / ਨਵਜੋਤ ਸਿੱਧੂ ਦੇ ਸਲਾਹਕਾਰ ਮਾਲੀ ਨੇ ਦਿੱਤਾ ਅਸਤੀਫਾ

ਨਵਜੋਤ ਸਿੱਧੂ ਦੇ ਸਲਾਹਕਾਰ ਮਾਲੀ ਨੇ ਦਿੱਤਾ ਅਸਤੀਫਾ

ਕਿਹਾ, ਜੇਕਰ ਮੇਰਾ ਜਾਨੀ ਨੁਕਸਾਨ ਹੋਇਆ ਤਾਂ ਕੈਪਟਨ ਅਮਰਿੰਦਰ ਹੋਣਗੇ ਜ਼ਿੰਮੇਵਾਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਅਸਤੀਫਾ ਦੇ ਦਿੱਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਆਪਣੀ ਫੇਸਬੁੱਕ ’ਤੇ ਇਕ ਪੋਸਟ ਪਾ ਕੇ ਦਿੱਤੀ ਅਤੇ ਮਾਲੀ ਨੇ ਕਿਹਾ ਕਿ ਉਨ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਜੋ ਵੀ ਸਹਿਮਤੀ ਦਿੱਤੀ ਸੀ ਉਹ ਵਾਪਸ ਲੈਂਦੇ ਹਨ। ਜ਼ਿਕਰਯੋਗ ਹੈ ਕਿ ਸਿੱਧੂ ਨੇ ਆਪਣੇ ਚਾਰ ਸਲਾਹਕਾਰ ਲਗਾਏ ਸਨ, ਜਿਨ੍ਹਾਂ ਵਿਚ ਮਾਲਵਿੰਦਰ ਸਿੰਘ ਮਾਲੀ, ਡਾ. ਪਿਆਰੇ ਲਾਲ ਗਰਗ, ਡਾ. ਅਮਰ ਸਿੰਘ ਤੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਸ਼ਾਮਲ ਸਨ। ਪਰ ਮੁਹੰਮਦ ਮੁਸਤਫਾ ਨੇ ਉਦੋਂ ਹੀ ਸਲਾਹਕਾਰ ਬਣਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਫਿਰ ਉਨ੍ਹਾਂ ਨੂੰ ਹੋਰ ਜ਼ਿੰਮੇਵਾਰੀ ਦਿੱਤੀ ਗਈ ਸੀ।
ਮਾਲਵਿੰਦਰ ਮਾਲੀ ਨੇ ਪੋਸਟ ਪਾ ਕੇ ਲਿਖਿਆ ਕਿ ਦਿੱਲੀ ਵਾਲੀਆਂ ਹਾਈਕਮਾਂਡਾਂ ਤੇ ਪੰਜਾਬ ਇਨਚਾਰਜਾਂ ਲਈ ਪੰਜਾਬ ਤਾਂ ਸੋਨੇ ਦੀ ਖਾਣ ਬਣਿਆ ਹੋਇਆ ਹੈ ਤੇ ਇਹ ਅਕਸਰ ਬੱਚੇ ਖਾਣੀ ਸੱਪਣੀ ਵਰਗਾ ਰੋਲ ਨਿਭਾਉਂਦੀਆਂ ਆ ਰਹੀਆਂ ਹਨ। ਪੰਜਾਬ ਅੰਦਰ ਵੀ ਅਜਿਹੇ ਸਿਆਸਤਦਾਨਾਂ ਦੀ ਕਮੀ ਨਹੀ ਰਹੀ ਜਿਹੜੇ ਦਿੱਲੀ ਦੇ ਪੰਜਾਬ ਵਿਰੋਧੀ ਕੁਹਾੜੇ ਦਾ ਦਸਤਾ ਬਣਨ ਲਈ ਇਕ ਦੂਜੇ ਤੋਂ ਮੋਹਰੀ ਹੋਣ ਦੀ ਕਾਹਲ ਵਿੱਚ ਰਹੇ ਹਨ ਤੇ ਹੁਣ ਵੀ ਹਨ। ਮਾਲੀ ਨੇ ਕਿਹਾ ਕਿ ਪੰਜਾਬ ਆਪਣੇ ਸੱਚੇ ਸਪੂਤ ਦੀ ਭਾਲ ਵਿੱਚ ਅੱਜ ਵੀ ਦੁਬਿਧਾ ਤੇ ਭਟਕਣ ਦਾ ਸ਼ਿਕਾਰ ਹੈ।
ਮਾਲੀ ਨੇ ਲਿਖਿਆ ਕਿ ਆਮ ਆਦਮੀ ਪਾਰਟੀ ਦਾ ਤਜਰਬਾ ਤਾਂ ਤੁਹਾਡੇ ਸਾਹਮਣੇ ਹੀ ਹੈ ਤੇ ਕਾਂਗਰਸ ਪਾਰਟੀ ਬਾਰੇ ਅਜਿਹੇ ਦਿਲ ਰੌਂਗਟੇ ਖੜੇ ਕਰਨ ਵਾਲੇ ਤੱਥ ਜੱਗ ਜ਼ਾਹਰ ਹਨ ਤੇ ਕਈਆਂ ਦਾ ਮੈਂ ਸੁਲਤਾਨੀ ਗਵਾਹ ਹਾਂ , ਜੋ ਆਉਣ ਵਾਲੇ ਦਿਨਾਂ ਵਿੱਚ ਮੈਂ ਨਸ਼ਰ ਕਰਦਾ ਰਹਾਂਗਾ।’ ਮਾਲੀ ਨੇ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੁਝ ਹੁੰਦਾ ਹੈ ਤਾਂ ਇਸ ਲਈ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹੋਣਗੇ। ਧਿਆਨ ਰਹੇ ਕਿ ਮਾਲੀ ਨੇ ਪਿਛਲੇ ਦਿਨੀਂ ਕਸ਼ਮੀਰ ਨੂੰ ਲੈ ਕੇ ਵਿਵਾਦਤ ਟਿੱਪਣੀਆਂ ਕੀਤੀਆਂ ਸਨ ਅਤੇ ਉਦੋਂ ਤੋਂ ਹੀ ਮਾਲੀ ਖਿਲਾਫ ਕਾਰਵਾਈ ਕਰਨ ਨੂੰ ਲੈ ਮੰਗ ਕੀਤੀ ਜਾ ਰਹੀ ਸੀ।

Check Also

‘ਬੰਬਾਂ ਬਾਰੇ ਬਿਆਨ’: ਪ੍ਰਤਾਪ ਸਿੰਘ ਬਾਜਵਾ ਕੋਲੋਂ ਮੁਹਾਲੀ ਥਾਣੇ ਵਿਚ ਛੇ ਘੰਟੇ ਪੁੱਛ ਪੜਤਾਲ

ਮੁਹਾਲੀ ਦੇ ਸਾਈਬਰ ਅਪਰਾਧ ਥਾਣੇ ਦੇ ਬਾਹਰ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਧਰਨਾ ਮੁਹਾਲੀ/ਬਿਊਰੋ ਨਿਊਜ਼ …