13 C
Toronto
Wednesday, October 15, 2025
spot_img
Homeਭਾਰਤਕੇਜਰੀਵਾਲ ਨੇ ਸੋਨੂੰ ਸੂਦ ਨੂੰ ਬਣਾਇਆ ਬਰਾਂਡ ਅੰਬੈਸਡਰ

ਕੇਜਰੀਵਾਲ ਨੇ ਸੋਨੂੰ ਸੂਦ ਨੂੰ ਬਣਾਇਆ ਬਰਾਂਡ ਅੰਬੈਸਡਰ

ਆਮ ਆਦਮੀ ਪਾਰਟੀ ’ਚ ਵੀ ਸ਼ਾਮਲ ਹੋਣ ਦੀ ਚਰਚਾ
ਨਵੀਂ ਦਿੱਲੀ/ਬਿਊਰੋ ਨਿਊਜ਼
ਫਿਲਮ ਅਦਾਕਾਰ ਅਤੇ ਸਮਾਜ ਸੇਵਕ ਸੋਨੂੰ ਸੂਦ ਦਿੱਲੀ ਸਰਕਾਰ ਦੇ ‘ਦੇਸ਼ ਦੇ ਮੈਂਟਰਸ’ ਪ੍ਰੋਗਰਾਮ ਦੇ ਬਰਾਂਡ ਅੰਬੈਸਡਰ ਬਣੇ ਹਨ। ਅੱਜ ਸ਼ੁੱਕਰਵਾਰ ਸਵੇਰੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਅਦਾਕਾਰ ਸੋਨੂੰ ਸੂਦ ਦੀ ਮੁਲਾਕਾਤ ਹੋਈ, ਜਿਸ ਤੋਂ ਬਾਅਦ ਇਕ ਸਾਂਝੀ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਸੋਨੂੰ ਸੂਦ ਨੂੰ ਇਸ ਪ੍ਰੋਗਰਾਮ ਦਾ ਬਰਾਂਡ ਅੰਬੈਸਡਰ ਐਲਾਨ ਦਿੱਤਾ। ਇਸ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਅਤੇ ਰਾਘਵ ਚੱਢਾ ਵੀ ਹਾਜ਼ਰ ਰਹੇ। ਮੀਡੀਆ ਨੇ ਜਦੋਂ ਕੇਜਰੀਵਾਲ ਨੂੰ ਪੁੱਛਿਆ ਕਿ ਸੋਨੂ ਸੂਦ ਨਾਲ ਸਿਆਸਤ ਦੀ ਚਰਚਾ ਵੀ ਹੋਈ ਹੈ ਤਾਂ ਉਨ੍ਹਾਂ ਕਿਹਾ ਕਿ ਸਾਡੇ ਵਿਚ ਸਿਆਸਤ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਹੋਈ। ਦੂਜੇ ਪਾਸੇ ਸੋਨੂੰ ਸੂਦ ਨੇ ਕਿਹਾ ਕਿ ਕੁਝ ਵੀ ਸਿਆਸਤ ਨਹੀਂ ਹੈ, ਬੱਚਿਆਂ ਦੇ ਭਵਿੱਖ ਦਾ ਮੁੱਦਾ ਸਿਆਸਤ ਤੋਂ ਵੀ ਵੱਡਾ ਹੈ। ਉਨ੍ਹਾਂ ਕਿਹਾ ਕਿ ਮੇਰੀ ਸਿਆਸਤ ਵਿਚ ਕੋਈ ਦਿਲਚਸਪੀ ਨਹੀਂ ਹੈ।
ਅਰਵਿੰਦ ਕੇਜਰੀਵਾਲ ਨੇ ਸੋਨੂੰ ਸੂਦ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅੱਜ ਸੋਨੂੰ ਸੂਦ ਪੂਰੇ ਦੇਸ਼ ਲਈ ਮਾਰਗ ਦਰਸ਼ਕ ਬਣ ਗਏ ਹਨ। ਦੇਸ਼ ਦੇ ਲੋਕ ਸ਼ੋਸ਼ਲ ਮੀਡੀਆ ਤੇ ਹੋਰ ਸਾਧਨਾਂ ਜ਼ਰੀਏ ਸੋਨੂੰ ਸੂਦ ਦੇ ਘਰ ਪਹੁੰਚ ਕੇ ਇਨ੍ਹਾਂ ਕੋਲੋਂ ਮੱਦਦ ਮੰਗਦੇ ਹਨ। ਕੇਜਰੀਵਾਲ ਨੇ ਕਿਹਾ ਕਿ ਇਹ ਆਪਣੇ ਆਪ ਵਿਚ ਮਹਾਨਤਾ ਅਤੇ ਕ੍ਰਿਸ਼ਮਾ ਹੈ ਜੋ ਕੰਮ ਸਰਕਾਰਾਂ ਨਹੀਂ ਕਰ ਸਕੀਆਂ, ਉਹ ਸੋਨੂੰ ਸੂਦ ਕਰ ਰਹੇ ਹਨ ਅਤੇ ਉਹ ਸਭ ਦੀ ਮੱਦਦ ਕਰਦੇ ਵੀ ਹਨ। ਕੇਜਰੀਵਾਲ ਹੋਰਾਂ ਨੇ ਕਿਹਾ ਕਿ ਉਨ੍ਹਾਂ ਨੇ ਸੋਨੂੰ ਸੂਦ ਨਾਲ ਵਿਸਥਾਰ ਵਿਚ ਚਰਚਾ ਵੀ ਕੀਤੀ ਹੈ।
ਧਿਆਨ ਰਹੇ ਕਿ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਸੋਨੂੰ ਸੂਦ ਨੇ ਦੇਸ਼ ਦਾ ਧਿਆਨ ਆਪਣੇ ਵੱਲ ਉਦੋਂ ਖਿੱਚਿਆ ਸੀ ਜਦੋਂ ਕਰੋਨਾ ਮਹਾਮਾਰੀ ਦੇ ਚੱਲਦਿਆਂ ਦੇਸ਼ ਵਿਚ ਲੌਕਡਾਊਨ ਲੱਗ ਗਿਆ ਸੀ। ਉਸ ਸਮੇਂ ਪਰਵਾਸੀ ਕਾਮੇ ਪੈਦਲ ਚੱਲ ਕੇ ਹੀ ਆਪਣੇ ਘਰਾਂ ਨੂੰ ਜਾਣ ਲਈ ਮਜਬੂਰ ਹੋ ਗਏ ਸਨ ਅਤੇ ਸੋਨੂੰ ਸੂਦ ਨੇ ਅੱਗੇ ਵਧ ਕੇ ਇਨ੍ਹਾਂ ਪਰਵਾਸੀ ਕਾਮਿਆਂ ਦੀ ਮੱਦਦ ਕੀਤੀ ਅਤੇ ਉਨ੍ਹਾਂ ਨੂੰ ਆਪੋ-ਆਪਣੇ ਘਰੀਂ ਪਹੁੰਚਾਇਆ ਸੀ। ਜ਼ਿਕਰਯੋਗ ਹੈ ਕਿ ਸੋਨੂੰ ਸੂਦ ਨੇ ਕਰੋਨਾ ਦੀ ਦੂਜੀ ਲਹਿਰ ਦੌਰਾਨ ਵੀ ਜ਼ਰੂਰਤ ਮੰਦਾਂ ਨੂੰ ਆਕਸੀਜਨ ਅਤੇ ਹੋਰ ਵਸਤਾਂ ਮੁਹੱਈਆ ਕਰਵਾਈਆਂ ਸਨ।

 

RELATED ARTICLES
POPULAR POSTS