ਕਿਹਾ ਫੈਸਲਾ ਲੈਣ ਦਾ ਅਧਿਕਾਰ ਨਾ ਮਿਲਿਆ ਤਾਂ ਇੱਟ ਨਾਲ ਇੱਟ ਖੜਕਾ ਦਿਆਂਗਾ
ਅੰਮਿ੍ਰਤਸਰ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਫਿਰ ਤੋਂ ਸਿਆਸੀ ਹਮਲਾਵਰ ਰੁਖ ਅਖਤਿਆਰ ਕੀਤਾ ਹੈ। ਸਿੱਧੂ ਨੇ ਆਪਣੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਦੇ ਅਸਤੀਫੇ ਤੋਂ ਬਾਅਦ ਕਿਹਾ ਹੈ ਕਿ ਉਨ੍ਹਾਂ ਨੇ ਹਾਈ ਕਮਾਂਡ ਨੂੰ ਕਹਿ ਦਿੱਤਾ ਹੈ ਕਿ ਉਹ ਅਜਿਹਾ ਦਰਸ਼ਨੀ ਘੋੜਾ ਬਣ ਕੇ ਪ੍ਰਧਾਨ ਨਹੀਂ ਰਹਿਣਾ ਚਾਹੁੰਦੇ, ਜਿਸ ਨੂੰ ਫੈਸਲੇ ਲੈਣ ਦਾ ਅਧਿਕਾਰ ਨਹੀਂ ਹੈ। ਸਿੱਧੂ ਨੇ ਹਾਈਕਮਾਂਡ ਨੂੰ ਸਿੱਧੀ ਸਿਆਸੀ ਧਮਕੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਨੂੰ ਫੈਸਲੇ ਲੈਣ ਦਾ ਅਧਿਕਾਰ ਨਾ ਦਿੱਤਾ ਗਿਆ ਤਾਂ ਉਹ ਇੱਟ ਦੇ ਨਾਲ ਇੱਟ ਖੜਕਾ ਦੇਣਗੇ।
ਧਿਆਨ ਰਹੇ ਕਿ ਨਵਜੋਤ ਸਿੱਧੂ ਅੰਮਿ੍ਰਤਸਰ ਵਿੱਚ ਆਪਣੇ ਸਮਰਥਕਾਂ ਨੂੰ ਸੰਬੋਧਨ ਕਰ ਰਹੇ ਸਨ। ਸਿੱਧੂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਨੀਤੀ ਅਨੁਸਾਰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਉਹ 20 ਸਾਲਾਂ ਤੱਕ ਕਾਂਗਰਸ ਦੇ ਰਾਜ ਨੂੰ ਯਕੀਨੀ ਬਣਾ ਦੇਣਗੇ। ਉਨ੍ਹਾਂ ਕਿਹਾ ਕਿ ਜੇ ਮੈਨੂੰ ਫੈਸਲੇ ਲੈਣ ਦੀ ਇਜਾਜ਼ਤ ਨਹੀਂ ਦਿੰਦੇ ਤਾਂ ਮੈਂ ਕਿਸੇ ਦੀ ਮਦਦ ਨਹੀਂ ਕਰ ਸਕਦਾ।
ਉਧਰ ਦੂਜੇ ਪਾਸੇ ਕਾਂਗਰਸ ਦੇ ਜਨਰਲ ਸਕੱਤਰ ਅਤੇ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਦਾ ਕਹਿਣਾ ਹੈ ਕਿ ਪਾਰਟੀ ਦੇ ਸੂਬਾ ਮੁਖੀਆਂ ਨੂੰ ਪਾਰਟੀ ਦੇ ਰੁਤਬੇ ਅਤੇ ਸੰਵਿਧਾਨ ਦੇ ਦਾਇਰੇ ਵਿੱਚ ਕੰਮ ਕਰਨ ਅਤੇ ਫੈਸਲੇ ਲੈਣ ਦੇ ਪੂਰੇ ਅਧਿਕਾਰ ਹਨ। ਧਿਆਨ ਰਹੇ ਕਿ ਪੰਜਾਬ ਕਾਂਗਰਸ ਵਿਚ ਚੱਲ ਰਿਹਾ ਕਾਟੋ ਕਲੇਸ਼ ਕਿੱਧਰ ਨੂੰ ਜਾਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਕਿਉਂਕਿ 2022 ਦੇ ਸ਼ੁਰੂ ਵਿਚ ਪੰਜਾਬ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਉਸ ਤੋਂ ਪਹਿਲਾਂ ਸਿਆਸੀ ਉਥਲ ਪੁਥਲ ਵੀ ਦੇਖਣ ਨੂੰ ਮਿਲੇਗੀ।