5.4 C
Toronto
Tuesday, November 4, 2025
spot_img
Homeਪੰਜਾਬਦਿੱਲੀ ਮੋਰਚੇ 'ਚ ਕਿਸਾਨਾਂ ਦੀ ਗਿਣਤੀ ਵਧਣ ਲੱਗੀ

ਦਿੱਲੀ ਮੋਰਚੇ ‘ਚ ਕਿਸਾਨਾਂ ਦੀ ਗਿਣਤੀ ਵਧਣ ਲੱਗੀ

ਕਿਸਾਨ ਆਗੂਆਂ ਦਾ ਆਰੋਪ : ਕੇਂਦਰ ਸਰਕਾਰ ਕਰੋਨਾ ਦੇ ਨਾਮ ‘ਤੇ ਕਿਸਾਨੀ ਸੰਘਰਸ਼ ਨੂੰ ਖਤਮ ਕਰਨ ਵੱਲ ਤੁਰੀ
ਚੰਡੀਗੜ੍ਹ/ਬਿਊਰੋ ਨਿਊਜ਼ : ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੀ ‘ਕਰੋਨਾ ਚਾਲ’ ਨੂੰ ਬੇਪਰਦ ਕੀਤਾ ਜਾਣ ਲੱਗਿਆ ਹੈ। ਪੰਜਾਬ ਵਿੱਚ ਚੱਲ ਰਹੇ ਪੱਕੇ ਧਰਨਿਆਂ ਨੂੰ 200 ਤੋਂ ਜ਼ਿਆਦਾ ਦਿਨ ਹੋ ਗਏ ਹਨ। ਹੁਣ ਜਦੋਂ ਕਰੋਨਾ ਦੀ ਦੂਸਰੀ ਲਹਿਰ ਸਿਖ਼ਰ ਵੱਲ ਵਧੀ ਹੈ ਤਾਂ ਕਿਸਾਨ ਆਗੂ ਧਰਨਿਆਂ ਵਿੱਚ ਜ਼ੋਰਦਾਰ ਤਰੀਕੇ ਨਾਲ ਗੱਲ ਉਭਾਰਨ ਲੱਗੇ ਹਨ ਕਿ ਕੇਂਦਰ ਸਰਕਾਰ ਕਰੋਨਾ ਦੇ ਨਾਮ ਹੇਠ ਕਿਸਾਨਾਂ ਨੂੰ ਦਿੱਲੀ ਤੋਂ ਖਦੇੜਨ ਦੀ ਚਾਲ ਚੱਲ ਸਕਦੀ ਹੈ।
ਪੰਜਾਬ ਵਿੱਚੋਂ ਦਿੱਲੀ ਮੋਰਚੇ ‘ਚ ਜਾਣ ਵਾਲੇ ਕਿਸਾਨਾਂ ਦੀ ਗਿਣਤੀ ਵਧਣ ਲੱਗੀ ਹੈ। ਵਾਢੀ ਦਾ ਕੰਮ ਨਿਬੇੜਨ ਕਰਕੇ ਕਿਸਾਨਾਂ ਕਾਫ਼ਲੇ ਦਿੱਲੀ ਵੱਲ ਜਾਣ ਲੱਗੇ ਹਨ। ਮੋਗਾ, ਫਿਰੋਜ਼ਪੁਰ, ਫਰੀਦਕੋਟ, ਸੰਗਰੂਰ, ਬਠਿੰਡਾ, ਮਾਨਸਾ, ਪਟਿਆਲਾ ਤੇ ਲੁਧਿਆਣਾ ਜ਼ਿਲ੍ਹਿਆਂ ਵਿੱਚੋਂ ਸੈਂਕੜੇ ਜਥੇ ਦਿੱਲੀ ਦੀ ਟਿਕਰੀ ਅਤੇ ਸਿੰਘੂ ਹੱਦ ਲਈ ਰਵਾਨਾ ਹੋਏ। ਜਦੋਂ ਤੋਂ ਕੇਂਦਰ ਸਰਕਾਰ ਨੇ ‘ਅਪਰੇਸ਼ਨ ਕਲੀਨ’ ਦਾ ਪ੍ਰਚਾਰ ਕੀਤਾ ਹੈ, ਉਦੋਂ ਤੋਂ ਪੰਜਾਬ ਦੇ ਲੋਕਾਂ ਦਾ ਮੁੜ ਖੂਨ ਖੌਲਿਆ ਹੈ। ਅਜਿਹੇ ਅਪਰੇਸ਼ਨ ਖਿਲਾਫ ਲੋਕ ਕੰਧ ਬਣ ਕੇ ਖੜ੍ਹਨ ਲਈ ਦਿੱਲੀ ਵੱਲ ਚੱਲੇ ਹਨ।
ਪੰਜਾਬ ਵਿੱਚ ਭਾਜਪਾ ਆਗੂਆਂ ਦੇ ਘਰਾਂ ਅੱਗੇ, ਕਾਰਪੋਰਟ ਘਰਾਣਿਆਂ ਦੇ ਕਾਰੋਬਾਰੀ ਟਿਕਾਣਿਆਂ ਅੱਗੇ ਅਤੇ ਕੁੱਲ ਸਵਾ ਸੌ ਦੇ ਕਰੀਬ ਧਰਨਿਆਂ ਵਿੱਚ ਕਿਸਾਨ ਆਗੂਆਂ ਨੇ ਮੁੱਖ ਧਿਆਨ ਕਰੋਨਾ ਦੀ ਦੂਸਰੀ ਲਹਿਰ ‘ਤੇ ਕੇਂਦਰਿਤ ਕੀਤਾ ਅਤੇ ਦੱਸਿਆ ਕਿ ਕਿਵੇਂ ਸਰਕਾਰ ਕੋਵਿਡ ਖਿਲਾਫ ਪ੍ਰਬੰਧ ਜੁਟਾਉਣ ਵਿੱਚ ਫੇਲ੍ਹ ਹੋਈ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨ ਤਾਂ ਕਰੋਨਾ ਤੋਂ ਵੀ ਵੱਧ ਖਤਰਨਾਕ ਹਨ, ਜਿਸ ਕਰਕੇ ਕਰੋਨਾ ਕਿਸਾਨਾਂ ਦੇ ਹੌਸਲੇ ਪਸਤ ਨਹੀਂ ਕਰ ਸਕੇਗਾ। ਆਗੂਆਂ ਨੇ ਕਿਹਾ ਕਿ ਕਰੋਨਾ ਨਾਲੋਂ ਵੱਧ ਅੱਜ ਖੇਤੀ ਕਾਨੂੰਨਾਂ ਖਿਲਾਫ ਲੜਨ ਦੀ ਲੋੜ ਹੈ।
ਬੀਕੇਯੂ ਡਕੌਂਦਾ ਦੀ ਅਗਵਾਈ ਹੇਠ ਰਿਲਾਇੰਸ ਮਾਲਜ਼ ਦੇ ਅੱਗੇ ਧਰਨੇ ਜਾਰੀ ਹਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਵੀ ਆਪਣੇ ਧਰਨੇ ਜਾਰੀ ਰੱਖੇ ਹੋਏ ਹਨ ਅਤੇ ਇਸ ਜਥੇਬੰਦੀ ਵੱਲੋਂ ਵਾਰੋਂ-ਵਾਰੀ ਦਿੱਲੀ ਦੀ ਟਿਕਰੀ ਹੱਦ ‘ਤੇ ਕਿਸਾਨ ਜਥੇ ਭੇਜੇ ਜਾ ਰਹੇ ਹਨ। ਇਸੇ ਤਰ੍ਹਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਮਾਝੇ ਵਿੱਚ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਜਾਰੀ ਹਨ।

 

RELATED ARTICLES
POPULAR POSTS