ਕਿਹਾ : ਮੁੱਖ ਮੰਤਰੀ ਭੰਗੜੇ ਨੂੰ ਛੱਡ ਗ੍ਰਹਿ ਵਿਭਾਗ ਨੂੰ ਕਰਨ ਚੌਕਸ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ‘ਤੇ ਚੰਗੇ ਰਗੜੇ ਲਾਏ। ਫਿਰੋਜ਼ਪੁਰ ਬਾਰਡਰ ਏਰੀਏ ‘ਚ ਡਰੋਨ ਮਿਲਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ‘ਤੇ ਵੱਡਾ ਹਮਲਾ ਬੋਲਿਆ। ਕੈਪਟਨ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭੰਗੜਾ ਪਾਉਣ ਦੀ ਥਾਂ ਪੰਜਾਬ ਵੱਲ ਧਿਆਨ ਦੇਣ ਅਤੇ ਉਨ੍ਹਾਂ ਨੂੰ ਆਪਣੇ ਸੁੱਤੇ ਗ੍ਰਹਿ ਮੰਤਰੀ ਨੂੰ ਐਕਟਿਵ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਵੀ ਨਹੀਂ ਬਖਸ਼ਿਆ। ਕੈਪਟਨ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਨੂੰ ਆਪਣੇ ਪਾਰਟੀ ਪ੍ਰਧਾਨ ਨੂੰ ਕਹਿਣਾ ਚਾਹੀਦਾ ਹੈ ਕਿ ਉਹ ਆਪਣੇ ਵੱਡੇ ਭਰਾ ਇਮਰਾਨ ਖਾਨ ਨੂੰ ਕਹਿਣ ਕਿ ਪੰਜਾਬ ਵਿਚ ਗੜਬੜ ਫੈਲਾਉਣ ਦੀਆਂ ਕੋਸ਼ਿਸ਼ਾਂ ਨਾ ਕਰੇ। ਕੈਪਟਨ ਨੇ ਮੁੱਖ ਮੰਤਰੀ ਅਤੇ ਸਿੱਧੂ ‘ਤੇ ਤੰਜ ਕਸਦਿਆਂ ਕਿਹਾ ਕਿ ਜੇਕਰ ਸਿੱਧੂ ਉਨ੍ਹਾਂ ਦੀ ਗੱਲ ਸੁਣਦੇ ਹੋਣ ਤਾਂ ਹੀ ਅਜਿਹਾ ਸੰਭਵ ਹੋ ਸਕਦਾ ਹੈ। ਕੈਪਟਨ ਅਮਰਿੰਦਰ ਸਿੰਘ ਡਰੋਨ ਰਾਹੀਂ ਪੰਜਾਬ ‘ਚ ਹਥਿਆਰ ਅਤੇ ਨਸ਼ਾ ਭੇਜਣ ਦੇ ਮੁੱਦੇ ਨੂੰ ਕਈ ਵਾਰ ਚੁੱਕੇ ਹਨ। ਉਨ੍ਹਾਂ ਨੇ ਇਸ ਨੂੰ ਪੰਜਾਬ ਅਤੇ ਰਾਸ਼ਟਰੀ ਸੁਰੱਖਿਆ ਲਈ ਖਤਰਾ ਦੱਸਿਆ। ਕੈਪਟਨ ਨੇ ਸਿੱਧੂ ‘ਤੇ ਤੰਜ ਇਸ ਲਈ ਕਸਿਆ ਕਿਉਂਕਿ ਕੁਝ ਦਿਨ ਪਹਿਲਾਂ ਨਵਜੋਤ ਸਿੱਧੂ ਕਰਤਾਰਪੁਰ ਕੋਰੀਡੋਰ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਗਏ ਸਨ। ਉਥੇ ਸਿੱਧੂ ਦਾ ਜ਼ੋਰਦਾਰ ਸਵਾਗਤ ਹੋਇਆ, ਜਿਸ ਤੋਂ ਬਾਅਦ ਗਦਗਦ ਹੋਏ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਵੱਡਾ ਭਰਾ ਆਖ ਦਿੱਤਾ ਸੀ, ਜਿਸ ਦੀ ਭਾਰਤ ‘ਚ ਖੂਬ ਆਲੋਚਨਾ ਹੋਈ ਸੀ। ਕੈਪਟਨ ਨੇ ਸਿੱਧੂ ਦੇ ਪਾਕਿਸਤਾਨੀ ਪ੍ਰਧਾਨ ਮੰਤਰੀ ਅਤੇ ਆਰਮੀ ਚੀਫ਼ ਕਮਰ ਬਾਜਵਾ ਨਾਲ ਸਬੰਧਾਂ ਨੂੰ ਲੈ ਸਵਾਲ ਚੁੱਕੇ ਹਨ।