15.6 C
Toronto
Thursday, September 18, 2025
spot_img
Homeਪੰਜਾਬਪੰਜਾਬ 'ਚ ਨਵੇਂ ਚੁਣੇ ਸਰਪੰਚਾਂ ਲਈ ਸਹੁੰ ਚੁੱਕ ਸਮਾਗਮ 8 ਨਵੰਬਰ ਨੂੰ...

ਪੰਜਾਬ ‘ਚ ਨਵੇਂ ਚੁਣੇ ਸਰਪੰਚਾਂ ਲਈ ਸਹੁੰ ਚੁੱਕ ਸਮਾਗਮ 8 ਨਵੰਬਰ ਨੂੰ ਲੁਧਿਆਣਾ ‘ਚ ਹੋਵੇਗਾ

‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਹੋਣਗੇ ਸਮਾਗਮ ਦੇ ਮੁੱਖ ਮਹਿਮਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ 8 ਨਵੰਬਰ ਨੂੰ ਲੁਧਿਆਣਾ ਦੀ ਸਾਈਕਲ ਵੈਲੀ (ਧਨਾਨਸੂ) ‘ਚ ਸੂਬੇ ਦੇ ਨਵੇਂ ਚੁਣੇ ਸਰਪੰਚਾਂ ਨੂੰ ਸਹੁੰ ਚੁਕਾਏਗੀ। ਸੂਬੇ ਦੇ 19 ਜ਼ਿਲ੍ਹਿਆਂ ਦੇ ਨਵੇਂ ਚੁਣੇ 10,031 ਸਰਪੰਚਾਂ ਲਈ ਹੋ ਰਹੇ ਹਲਫਦਾਰੀ ਸਮਾਗਮ ਦਾ ਪੰਡਾਲ ਕਰੀਬ 40 ਏਕੜ ਵਿਚ ਸਜੇਗਾ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਸਹੁੰ ਚੁੱਕ ਸਮਾਗਮਾਂ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਪਹਿਲਾਂ ਸਰਕਾਰ ਦੀ ਪਿੰਡ ਸਰਾਭਾ ‘ਚ ਸਹੁੰ ਚੁੱਕ ਸਮਾਗਮ ਕਰਨ ਦੀ ਵਿਉਂਤ ਸੀ ਪਰ ਹੁਣ ਇਹ ਸਮਾਗਮ ਧਨਾਨਸੂ (ਲੁਧਿਆਣਾ) ਵਿਖੇ ਹੋਣਗੇ।
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਇਸ ਸਹੁੰ ਚੁੱਕ ਸਮਾਗਮ ਦੇ ਮੁੱਖ ਮਹਿਮਾਨ ਹੋਣਗੇ ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਨਵੇਂ ਸਰਪੰਚਾਂ ਨੂੰ ਸਹੁੰ ਚੁਕਾਏ ਜਾਣ ਦੀ ਰਸਮ ਅਦਾ ਕਰਨਗੇ। ਪੰਚਾਇਤ ਵਿਭਾਗ ਨੇ ਸੂਬੇ ਦੀਆਂ ਪੰਚਾਇਤਾਂ ਨੂੰ ਸਹੁੰ ਚੁੱਕਣ ਦਾ ਲਿਖਤੀ ਫਾਰਮ ਭੇਜ ਦਿੱਤਾ ਹੈ। ਨਵੇਂ ਚੁਣੇ ਸਰਪੰਚਾਂ ਵਾਰੇ ਪੁੱਛਿਆ ਜਾ ਰਿਹਾ ਹੈ ਕਿ ਕੀ ਉਹ ਪੰਜਾਬੀ ਭਾਸ਼ਾ ਵਿਚ ਸਹੁੰ ਚੁੱਕਣਗੇ। ਜੇ ਕੋਈ ਸਰਪੰਚ ਕਿਸੇ ਹੋਰ ਭਾਸ਼ਾ ਵਿਚ ਸਹੁੰ ਚੁੱਕਣੀ ਚਾਹੁੰਦਾ ਹੈ ਤਾਂ ਉਸ ਨੂੰ ਤਰਜਮਾ ਕਰਕੇ ਸਹੁੰ ਚੁੱਕ ਫਾਰਮ ਦੇਣ ਦੀ ਹਦਾਇਤ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਸਮਾਗਮਾਂ ਵਿਚ ਸਰਪੰਚਾਂ ਨੂੰ ਲਿਆਉਣ ਵਾਸਤੇ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੇ ਸਾਰੇ ਸਰਪੰਚ ਬੱਸਾਂ ‘ਤੇ ਆਉਣ ਲਈ ਹਾਮੀ ਭਰਦੇ ਹਨ ਤਾਂ 1535 ਬੱਸਾਂ ਦੇ ਪ੍ਰਬੰਧ ਕਰਨੇ ਪੈਣਗੇ। ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਪੰਚਾਇਤ ਵਿਭਾਗ ਵੱਲੋਂ ਸਰਪੰਚਾਂ ਤੋਂ ਪੁੱਛਿਆ ਜਾ ਰਿਹਾ ਹੈ ਕਿ ਕੀ ਉਹ ਆਪਣੇ ਨਿੱਜੀ ਵਾਹਨ ‘ਤੇ ਜਾਣਾ ਚਾਹੁਣਗੇ ਜਾਂ ਉਨ੍ਹਾਂ ਲਈ ਬੱਸ ਦਾ ਇੰਤਜ਼ਾਮ ਕੀਤਾ ਜਾਵੇ। ਸਹੁੰ ਚੁੱਕ ਸਮਾਗਮ ਵਿਚ 19 ਜ਼ਿਲ੍ਹਿਆਂ ਦੇ ਨਵੇਂ ਚੁਣੇ 10031 ਸਰਪੰਚਾਂ ਨੂੰ ਸਹੁੰ ਚੁਕਾਈ ਜਾਣੀ ਹੈ ਜਦੋਂ ਕਿ ਜ਼ਿਮਨੀ ਚੋਣਾਂ ਵਾਲੇ ਚਾਰ ਜ਼ਿਲ੍ਹਿਆਂ ਦੇ ਕਰੀਬ 3200 ਸਰਪੰਚਾਂ ਨੂੰ ਬਾਅਦ ਵਿਚ ਸਹੁੰ ਚੁਕਾਈ ਜਾਵੇਗੀ। ਨਵੇਂ ਚੁਣੇ ਪੰਚਾਇਤ ਮੈਂਬਰਾਂ ਨੂੰ ਦੂਸਰੇ ਪੜਾਅ ਵਿਚ ਜ਼ਿਲ੍ਹਾ ਵਾਈਜ਼ ਸਮਾਗਮ ਕਰਕੇ ਸਹੁੰ ਚੁਕਾਏ ਜਾਣ ਦਾ ਪ੍ਰੋਗਰਾਮ ਹੈ।
ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਇਨ੍ਹਾਂ ਸਮਾਗਮਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਨ੍ਹਾਂ ਸਮਾਰੋਹਾਂ ਵਿਚ ਕੈਬਨਿਟ ਮੰਤਰੀ ਵੀ ਪੁੱਜਣਗੇ। ਨਵੇਂ ਸਰਪੰਚਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਪੰਜਾਬ ਪੁਲਿਸ ਵੱਲੋਂ ਸਹੁੰ ਚੁੱਕ ਸਮਾਗਮਾਂ ਲਈ ਸੁਰੱਖਿਆ ਪ੍ਰਬੰਧ ਵੀ ਉਲੀਕੇ ਜਾ ਰਹੇ ਹਨ। ਅਮਰਿੰਦਰ ਸਰਕਾਰ ਮੌਕੇ ਸਰਪੰਚਾਂ ਤੇ ਪੰਚਾਂ ਨੂੰ ਜ਼ਿਲ੍ਹਾ ਵਾਰ ਸਮਾਗਮ ਕਰਕੇ ਸਹੁੰ ਚੁਕਾਈ ਗਈ ਸੀ ਜਦੋਂ ਕਿ ਤਤਕਾਲੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਟਿਆਲਾ ਵਿਖੇ ਨਵੇਂ ਚੁਣੇ ਪੰਚਾਇਤੀ ਨੁਮਾਇੰਦਿਆਂ ਨੂੰ ਸਹੁੰ ਚੁਕਾਈ ਸੀ। ਉਸ ਤੋਂ ਪਹਿਲਾਂ ਅਕਾਲੀ ਭਾਜਪਾ ਗੱਠਜੋੜ ਸਮੇਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਠਿੰਡਾ ਵਿਖੇ ਸਹੁੰ ਚੁੱਕ ਸਮਾਗਮਾਂ ਦੀ ਪ੍ਰਧਾਨਗੀ ਕੀਤੀ ਸੀ।

 

RELATED ARTICLES
POPULAR POSTS