Breaking News
Home / ਪੰਜਾਬ / ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਰਨਾਲਾ ਵਿਚ ਧਾਲੀਵਾਲ ਦੇ ਹੱਕ ‘ਚ ਰੋਡ ਸ਼ੋਅ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਰਨਾਲਾ ਵਿਚ ਧਾਲੀਵਾਲ ਦੇ ਹੱਕ ‘ਚ ਰੋਡ ਸ਼ੋਅ

‘ਆਪ’ ਦੀ ਕਾਰਗੁਜ਼ਾਰੀ ਦੇ ਆਧਾਰ ‘ਤੇ ਵੋਟਾਂ ਮੰਗੀਆਂ; ਕੇਵਲ ਢਿੱਲੋਂ ‘ਤੇ ਨਿਸ਼ਾਨੇ ਸਾਧੇ
ਬਰਨਾਲਾ/ਬਿਊਰੋ ਨਿਊਜ਼ : ਪੰਜਾਬ ‘ਚ ਜ਼ਿਮਨੀ ਚੋਣਾਂ ਲਈ ਚੋਣ ਪਿੜ ਪੂਰੀ ਤਰ੍ਹਾਂ ਭਖ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਬਰਨਾਲਾ ਵਿੱਚ ‘ਆਪ’ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੇ ਹੱਕ ‘ਚ ਰੋਡ ਸ਼ੋਅ ਕੀਤਾ।
ਇਸ ਦੌਰਾਨ ਭਗਵੰਤ ਮਾਨ ਨੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ, ਕਾਂਗਰਸੀ ਅਤੇ ਅਕਾਲੀ ਆਗੂਆਂ ਸਮੇਤ ਆਪਣੇ ਵਿਰੋਧੀਆਂ ‘ਤੇ ਜ਼ੋਰਦਾਰ ਸਿਆਸੀ ਹਮਲੇ ਕੀਤੇ। ਮੁੱਖ ਮੰਤਰੀ ਮਾਨ ਨੇ ਕਿਹਾ, ”ਮੈਨੂੰ ਆਪਣੇ ਸ਼ੁਰੂਆਤੀ ਦਿਨ ਯਾਦ ਹਨ ਜਦੋਂ ਮੈਂ ਇੱਥੇ ਆਪਣੀ ਪੇਸ਼ਕਾਰੀ ਲਈ ਆਇਆ ਕਰਦਾ ਸੀ ਅਤੇ ਆਪਣੀ ਪਹਿਲੀ ਚੋਣ ਦੌਰਾਨ ਵੀ।
ਅੱਜ ਲੋਕਾਂ ਵਿੱਚ ਨੇਤਾਵਾਂ ਪ੍ਰਤੀ ਨਫ਼ਰਤ ਭਰ ਗਈ ਹੈ, ਫਿਰ ਵੀ ਤੁਸੀਂ ਫੁੱਲਾਂ ਦੀ ਵਰਖਾ ਕਰ ਰਹੇ ਹੋ।” ਇਸ ਦੌਰਾਨ ਭਗਵੰਤ ਮਾਨ ਨੇ ‘ਆਪ’ ਸਰਕਾਰ ਦੀਆਂ ਪਿਛਲੇ ਢਾਈ ਸਾਲਾਂ ਦੀਆਂ ਪ੍ਰਾਪਤੀਆਂ ਬਾਰੇ ਗੱਲ ਕੀਤੀ ਅਤੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ‘ਆਪ’ ਦੀ ਕਾਰਗੁਜ਼ਾਰੀ ਦੇ ਆਧਾਰ ‘ਤੇ ਉਨ੍ਹਾਂ ਦਾ ਸਾਥ ਦੇਣ।
ਉਨ੍ਹਾਂ ਜ਼ਿਮਨੀ ਚੋਣ ਲਈ ਚਾਰ ਭਰੋਸੇਯੋਗ ਉਮੀਦਵਾਰ ਨਾ ਲੱਭਣ ਉੱਤੇ ਸ਼੍ਰੋਮਣੀ ਅਕਾਲੀ ਦਲ ‘ਤੇ ਵਿਅੰਗ ਕਸਦਿਆਂ ਕਿਹਾ ਕਿ ਜਿਹੜੇ ਲੋਕ ਪੰਜਾਬ ‘ਤੇ 25 ਸਾਲ ਰਾਜ ਕਰਨ ਦਾ ਦਾਅਵਾ ਕਰਦੇ ਸਨ, ਉਨ੍ਹਾਂ ਨੂੰ ਇਹ ਚੋਣ ਲੜਨ ਲਈ ਚਾਰ ਉਮੀਦਵਾਰ ਵੀ ਨਹੀਂ ਮਿਲੇ। ਇਸ ਮੌਕੇ ਮੁੱਖ ਮੰਤਰੀ ਨੇ ਪੰਜਾਬ ਵਿੱਚ ਬੇਅਦਬੀ ਦੀਆਂ ਘਟਨਾਵਾਂ ਅਤੇ ਬੇਇਨਸਾਫ਼ੀ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਉਣ ਦੇ ਆਪਣੇ ਵਾਅਦੇ ਦੀ ਪੁਸ਼ਟੀ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਉਮੀਦਵਾਰ ਕੇਵਲ ਢਿੱਲੋਂ ਹਰ ਵਾਰ ਨਾਮਜ਼ਦਗੀ ਪੱਤਰ ਦਾਖਲ ਕਰਨ ਬਰਨਾਲਾ ਆਉਂਦੇ ਹਨ ਤੇ ਹਾਰ ਕੇ ਚਲੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਢਿੱਲੋਂ ਦਾ ਚੋਣ ਨਿਸ਼ਾਨ ਬਦਲ ਗਿਆ ਹੋਵੇ, ਪਰ ਉਸ ਦੀ ਕਿਸਮਤ ਉਹੀ ਰਹੇਗੀ। ਇਕ ਵਾਰ ਫਿਰ ਬਰਨਾਲਾ ਦੇ ਲੋਕ ਉਸ ਨੂੰ ਹਰਾਉਣਗੇ।
ਉਨ੍ਹਾਂ ਕਿਹਾ ਕਿ ਹੁਣ ‘ਆਪ’ ਤੋਂ ਬਾਅਦ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਉਨ੍ਹਾਂ ਐਲਾਨ ਕੀਤਾ ਕਿ 20 ਨਵੰਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਬਹੁਤ ਅਹਿਮ ਹਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਜੇ ਉਹ ‘ਆਪ’ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹਨ ਤਾਂ ਹਰਿੰਦਰ ਸਿੰਘ ਧਾਲੀਵਾਲ ਨੂੰ ਵੋਟ ਪਾਉਣ।
ਇਸ ਮੌਕੇ ਮੌਜੂਦ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਪਾਰਟੀ ਦੀ ਸੂਬਾ ਸਰਕਾਰ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੀ ਕਿਸੇ ਵੀ ਸਰਕਾਰ ਨੇ ਸਥਾਨਕ ਬੁਨਿਆਦੀ ਢਾਂਚੇ ਲਈ ਇੰਨਾ ਪੈਸਾ ਨਹੀਂ ਦਿੱਤਾ, ਜਿੰਨਾ ‘ਆਪ’ ਨੇ ਦਿੱਤਾ ਹੈ। ਮੀਤ ਹੇਅਰ ਨੇ ਕਿਹਾ ਕਿ ਹਰਿੰਦਰ ਧਾਲੀਵਾਲ ਦੀ ਅਗਵਾਈ ਹੇਠ ਇਹ ਇਲਾਕਾ ਵਿਕਾਸ ਦੀ ਲੀਹ ‘ਤੇ ਅੱਗੇ ਵਧੇਗਾ।
ਰੋਡ ਸ਼ੋਅ ਦੀ ਥਾਂ ਮੰਡੀਆਂ ‘ਚ ਕਿਸਾਨਾਂ ਦੀ ਸਾਰ ਲੈਣ ਮੁੱਖ ਮੰਤਰੀ : ਕੇਵਲ ਸਿੰਘ ਢਿੱਲੋਂ
ਬਰਨਾਲਾ :ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਰਨਾਲਾ ਵਿੱਚ ਰੋਡ ਸ਼ੋਅ ਕਰਨ ‘ਤੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਚੰਗਾ ਹੁੰਦਾ ਮੁੱਖ ਮੰਤਰੀ ਰੋਡ ਸ਼ੋਅ ਦੀ ਥਾਂ ਮੰਡੀਆਂ ਵਿੱਚ ਰੁਲਦੇ ਕਿਸਾਨਾਂ ਦੀ ਸਾਰ ਲੈਂਦੇ। ਆਪਣੀ ਪਾਰਟੀ ਲਈ ਚੋਣ ਪ੍ਰਚਾਰ ਕਰਨਾ ਹਰ ਵਿਅਕਤੀ ਦਾ ਫਰਜ਼ ਬਣਦਾ ਹੈੰ ਪਰ ਇਸ ਤੋਂ ਪਹਿਲਾਂ 2022 ਵਿੱਚ ਲੋਕਾਂ ਵਲੋਂ ਦਿੱਤੇ ਫਤਵੇ ‘ਤੇ ਮੁੱਖ ਮੰਤਰੀ ਖ਼ਰੇ ਉਤਰਦੇ। ਉਨ੍ਹਾਂ ਕਿਹਾ ਕਿ ਸਰਕਾਰ ਹਰ ਫ਼ਰੰਟ ‘ਤੇ ਫੇਲ੍ਹ ਹੋ ਚੁੱਕੀ ਹੈ। ਝੋਨੇ ਦੇ ਸੀਜ਼ਨ ਦੌਰਾਨ ਕੇਂਦਰ ਸਰਕਾਰ ਵਲੋਂ 43 ਹਜ਼ਾਰ ਕਰੋੜ ਭੇਜੇ ਜਾਣ ਦੇ ਬਾਵਜੂਦ ਸਰਕਾਰ ਖ਼ਰੀਦ ਪ੍ਰਬੰਧ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ 2022 ਵਿੱਚ ਲੋਕਾਂ ਨੂੰ ਆਮ ਆਦਮੀ ਪਾਰਟੀ ਨੇ ਇੱਕ ਵਾਰ ਠੱਗ ਲਿਆ ਪਰ ਹੁਣ ਜ਼ਿਮਨੀ ਚੋਣਾਂ ‘ਚ ਪੰਜਾਬ ਦੇ ਲੋਕ ਇਨ੍ਹਾਂ ਨੂੰ ਸਬਕ ਸਿਖਾਉਣਗੇ। ਭਾਜਪਾ ਉਮੀਦਵਾਰ ਢਿੱਲੋਂ ਨੂੰ ਪਿੰਡ ਫਰਵਾਹੀ ਵਾਸੀਆਂ ਵੱਲੋਂ ਚੰਗਾਂ ਹੁਲਾਰਾ ਦਿੱਤਾ ਗਿਆ।

 

Check Also

‘ਆਪ’ ਦੇ ਤਿੰਨ ਵਿਧਾਇਕਾਂ ਨੇ ਜਗਜੀਤ ਸਿੰਘ ਡੱਲੇਵਾਲ ਨਾਲ ਕੀਤੀ ਮੁਲਾਕਾਤ

ਕਿਹਾ : ਕਿਸਾਨਾਂ ਦੀ ਮੰਗਾਂ ਮੰਨ ਕੇ ਡੱਲੇਵਾਲ ਦੀ ਭੁੱਖ ਹੜਤਾਲ ਖਤਮ ਕਰਵਾਏ ਕੇਂਦਰ ਸਰਕਾਰ …