Breaking News
Home / ਪੰਜਾਬ / ਕਰਫਿਊ : ਸੂਬੇ ‘ਚ ਦੁੱਧ ਦਾ ਕਾਰੋਬਾਰ ਠੱਪ

ਕਰਫਿਊ : ਸੂਬੇ ‘ਚ ਦੁੱਧ ਦਾ ਕਾਰੋਬਾਰ ਠੱਪ

ਦੁੱਧ ਦਾ ਬਣਦਾ ਮੁੱਲ ਨਾ ਮਿਲਣ ਕਾਰਨ ਘਾਟੇ ਦਾ ਸੌਦਾ ਡੇਅਰੀ ਫਾਰਮਿੰਗ ਦਾ ਧੰਦਾ
ਮੋਗਾ/ਬਿਊਰੋ ਨਿਊਜ਼ : ਸੂਬੇ ‘ਚ ਬੇਰੁਜ਼ਗਾਰੀ ਹੱਥੋਂ ਸਤਾਏ ਨੌਜਵਾਨਾਂ ਵੱਲੋਂ ਸਵੈ-ਰੁਜ਼ਗਾਰ ਤਹਿਤ ਅਪਣਾਇਆ ਗਿਆ ਡੇਅਰੀ ਫਾਰਮਿੰਗ ਦਾ ਧੰਦਾ ਦੁੱਧ ਦਾ ਬਣਦਾ ਮੁੱਲ ਨਾ ਮਿਲਣ ਕਾਰਨ ਘਾਟੇ ਦਾ ਸੌਦਾ ਬਣਦਾ ਜਾ ਰਿਹਾ ਹੈ। ਕਰਫਿਊ ਦੌਰਾਨ ਜਿਥੇ ਨੈਸਲੇ ਫੈਕਟਰੀ ਨੇ ਦੁੱਧ ਚੁੱਕਣ ਤੋਂ ਹੱਥ ਖੜੇ ਕਰ ਦਿੱਤੇ ਹਨ ਉਥੇ ਹਲਵਾਈਆਂ ਦੀਆਂ ਦੁਕਾਨਾਂ ਬੰਦ ਹੋਣ ਕਾਰਨ ਦੁੱਧ ਦੇ ਕਾਰੋਬਾਰ ਨੂੰ ਵੱਡੀ ਸੱਟ ਲੱਗੀ ਹੈ।
ਬੀਕੇਯੂ ਏਕਤਾ ਉਗਰਾਹਾਂ ਦੇ ਆਗੂ ਬਲੌਰ ਸਿੰਘ ਘਾਲੀ ਨੇ ਕਿਹਾ ਕਿ ਹਰੀ ਅਤੇ ਚਿੱਟੀ ਕ੍ਰਾਂਤੀ ਆਉਣ ਦੇ ਬਾਵਜੂਦ ਸੂਬੇ ਦੇ ਕਿਸਾਨਾਂ ਦੀ ਆਰਥਿਕ ਹਾਲਤ ਮਾੜੀ ਹੀ ਹੁੰਦੀ ਗਈ। ਪੰਜਾਬ ਦੇ ਛੋਟੇ ਕਿਸਾਨਾਂ ਵੱਲੋਂ ਸਖ਼ਤ ਮਿਹਨਤ ਨਾਲ ਲਿਆਂਦਾ ਚਿੱਟਾ ਇਨਕਲਾਬ ਹੁਣ ਨਿਘਾਰ ਵਲ ਵਧ ਰਿਹਾ ਹੈ ਕਿਉਂਕਿ ਡੇਅਰੀ ਫ਼ਾਰਮਿੰਗ ਦੇ ਧੰਦੇ ਵਿੱਚ ਆਮਦਨ ਦੇ ਮੁਕਾਬਲੇ ਖ਼ਰਚੇ ਕਿਤੇ ਜ਼ਿਆਦਾ ਹੋ ਗਏ ਹਨ।
ਬੀਕੇਯੂ ਕਾਦੀਆਂ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਅਤੇ ਗੁਲਜ਼ਾਰ ਸਿੰਘ ਘਾਲੀ ਨੇ ਕਿਹਾ ਕਿ ਨਕਲੀ ਦੁੱਧ ਤੇ ਪਦਾਰਥਾਂ ਕਾਰਨ ਵੀ ਕਾਰੋਬਾਰ ਨੂੰ ਢਾਹ ਲੱਗੀ ਹੈ। ਹਰੀ ਤੇ ਚਿੱਟੀ ਕ੍ਰਾਂਤੀ ਦੀ ਬਦਕਿਸਮਤੀ ਇਹ ਕਿ ਦੋਹਾਂ ਇਨਕਲਾਬਾਂ ਨੂੰ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਨੇ ਹੀ ਹੇਠਾਂ ਦੱਬ ਲਿਆ ਹੈ। ਇਕ ਚੰਗੀ ਨਸਲ ਦੀ ਮੱਝ ਜਿਹੜੀ ਰੋਜ਼ਾਨਾ 12-14 ਲਿਟਰ ਦੁੱਧ ਦਿੰਦੀ ਹੈ, ਦੀ ਕੀਮਤ ਜਿਥੇ 3-4 ਸਾਲ ਪਹਿਲਾਂ 25-30 ਹਜ਼ਾਰ ਰੁਪਏ ਸੀ, ਅੱਜ ਉਸ ਦਾ ਮੁੱਲ 80 ਹਜ਼ਾਰ ਤੋਂ ਉਪਰ ਪਹੁੰਚ ਚੁੱਕਾ ਹੈ। ਇਸੇ ਤਰ੍ਹਾਂ 25-30 ਲਿਟਰ ਦੁੱਧ ਰੋਜ਼ਾਨਾ ਦੇਣ ਵਾਲੀ ਵਲਾਇਤੀ ਗਊ ਪਹਿਲਾਂ 30-35 ਹਜ਼ਾਰ ਦੀ ਮਿਲ ਜਾਂਦੀ ਸੀ ਪਰ ਹੁਣ ਉਸ ਦੀ ਕੀਮਤ ਇਕ ਲੱਖ ਤੋਂ ਵੀ ਉੱਪਰ ਪਹੁੰਚ ਗਈ ਹੈ। ਪਸ਼ੂਆਂ ਨੂੰ ਪਾਉਣ ਵਾਲੀ ਫੀਡ ਵੀ ਤਿੰਨ ਗੁਣਾ ਮਹਿੰਗੀ ਹੋ ਗਈ ਹੈ। ਕਿਸਾਨਾਂ ਨੇ ਮਜਬੂਰੀ ਵੱਸ ਹੁਣ ਇਸ ਧੰਦੇ ਤੋਂ ਹੱਥ ਖਿੱਚਣੇ ਸ਼ੁਰੂ ਦਿੱਤੇ ਹਨ।
ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਨਿਰਵੈਰ ਸਿੰਘ ਬਰਾੜ ਨੇ ਦੱਸਿਆ ਕਿ ਸੂਬੇ ਵਿੱਚ ਪ੍ਰਤੀ ਦਿਨ ਔਸਤਨ 3.30 ਲੱਖ ਤੇ ਜ਼ਿਲ੍ਹੇ ‘ਚ 10.80 ਲੱਖ ਲਿਟਰ ਦੁੱਧ ਹੁੰਦਾ ਹੈ। ਉਨ੍ਹਾਂ ਦੁੱਧ ਦੇ ਭਾਅ ਵਿੱਚ ਆਈ ਗਿਰਾਵਟ ਨੂੰ ਆਰਜ਼ੀ ਦੱਸਦਿਆਂ ਕਿਹਾ ਕਿ ਕਰਫ਼ਿਊ ਮਗਰੋਂ ਹਲਵਾਈਆਂ ਦੀਆਂ ਦੁਕਾਨਾਂ ਖੁੱਲ੍ਹਣ ‘ਤੇ ਦੁੱਧ ਦੀ ਮੰਗ ਵਧਣ ਦੇ ਨਾਲ ਭਾਅ ਵਿੱਚ ਵੀ ਵਾਧਾ ਸੰਭਵ ਹੈ।
ਮਿਲਕ ਪਲਾਂਟ ਦੀ ਸਮਰੱਥਾ ਅਨੁਸਾਰ ਹੀ ਖਰੀਦਿਆ ਜਾ ਰਿਹੈ ਦੁੱਧ: ਅਧਿਕਾਰੀ
ਨੈਸਲੇ ਫੈਕਟਰੀ ਅਧਿਕਾਰੀ ਡਾ. ਬੀਐੱਸ ਭੁੱਲਰ ਨੇ ਦੱਸਿਆ ਕਿ ਪਲਾਂਟ ਵਿੱਚ ਤਕਰੀਬਨ 11.50 ਲੱਖ ਲਿਟਰ ਦੁੱਧ ਸਾਂਭਣ ਦੀ ਸਮਰੱਥਾ ਹੈ। ਉਨ੍ਹਾਂ ਦੱਸਿਆ ਕਿ ਕਰਫ਼ਿਊ ਦੌਰਾਨ ਫੈਕਟਰੀ ‘ਚ ਤਕਰੀਬਨ 16 ਲੱਖ ਲਿਟਰ ਦੁੱਧ ਆਉਣ ਲੱਗ ਪਿਆ। ਮੈਨੇਜਮੈਂਟ ਵੱਲੋਂ ਪਲਾਂਟ ਸਮਰੱਥਾ ਮੁਤਾਬਕ ਹੀ ਦੁੱਧ ਖਰੀਦਣ ਦਾ ਫ਼ੈਸਲੇ ਲੈਂਦਿਆਂ ਦੁੱਧ ਦੀ ਸਪਲਾਈ ਘਟਾ ਦਿੱਤੀ ਗਈ ਹੈ। ਨੈਸਲੇ ਵੱਲੋਂ ਦੁੱਧ ਉਤਪਾਦਕਾਂ ਨੂੰ 52 ਰੁਪਏ ਪ੍ਰਤੀ ਲਿਟਰ ਦਿੱਤਾ ਜਾ ਰਿਹਾ ਦੁੱਧ ਵੀ ਤਕਰੀਬਨ 39 ਰੁਪਏ ਲਿਟਰ ਕਰ ਦਿੱਤਾ ਗਿਆ ਹੈ। ਹੋਰਨਾਂ ਮਿਲਕ ਪਲਾਂਟਾਂ ਵੱਲੋਂ ਦੁੱਧ ਦਾ ਭਾਅ 32 ਰੁਪਏ ਲਿਟਰ ਕਰ ਦਿੱਤਾ ਗਿਆ ਹੈ, ਜਦੋਂ ਕਿ ਪਲਾਂਟਾਂ ਨੇ ਆਪਣੇ ਪਦਾਰਥਾਂ ਦੇ ਭਾਅ ‘ਚ ਕੋਈ ਕਮੀ ਨਹੀਂ ਕੀਤੀ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …