ਇੰਗਲੈਂਡ, ਕੈਨੇਡਾ ਅਤੇ ਆਸਟਰੇਲੀਆ ਵਿਚੋਂ ਕਿਸੇ ਇਕ ਦੇਸ਼ ਦੀ ਕਰਨੀ ਪਵੇਗੀ ਚੋਣ
ਚੰਡੀਗੜ੍ਹ : ਪੰਜਾਬ ਦੇ ਵਿਧਾਇਕ ਸਰਕਾਰੀ ਤੌਰ ‘ਤੇ ਵਿਦੇਸ਼ ਦੌਰੇ ‘ਤੇ ਜਾਣ ਦੀਆਂ ਤਿਆਰੀਆਂ ਵਿਚ ਹਨ। ਉਨ੍ਹਾਂ ਦੇ ਇੰਗਲੈਂਡ, ਕੈਨੇਡਾ ਅਤੇ ਆਸਟਰੇਲੀਆ ਜਾਣ ਦਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ। ਵਿਧਾਇਕਾਂ ਨੂੰ ਇਨ੍ਹਾਂ ਤਿੰਨਾਂ ਦੇਸ਼ਾਂ ਵਿਚੋਂ ਇਕ ਦੇਸ਼ ਦੇ ਦੌਰੇ ‘ਤੇ ਜਾਣ ਦੀ ਚੋਣ ਕਰਨੀ ਹੋਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਜਿਹੜੇ ਵਿਧਾਇਕ ਵਿਦੇਸ਼ ਜਾਣਾ ਚਾਹੁੰਦੇ ਹਨ, ਉਨ੍ਹਾਂ ਨੂੰ ਪਹਿਲਾਂ ਪੰਜਾਹ ਹਜ਼ਾਰ ਰੁਪਏ ਪੰਜਾਬ ਵਿਧਾਨ ਸਭਾ ਕੋਲ ਜਮ੍ਹਾਂ ਕਰਵਾਉਣੇ ਹੋਣਗੇ ਤੇ ਇਹ ਪੈਸੇ ਬਾਅਦ ਵਿਚ ਵਾਪਸ ਕਰ ਦਿੱਤੇ ਜਾਣਗੇ ਅਤੇ ਦੌਰੇ ‘ਤੇ ਸਾਰਾ ਖ਼ਰਚਾ ਪੰਜਾਬ ਵਿਧਾਨ ਸਭਾ ਕਰੇਗੀ। ਇਸ ਸਬੰਧ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਵਿਧਾਇਕਾਂ ਦੇ ਵਿਦੇਸ਼ ਦੌਰੇ ‘ਤੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਵਿਧਾਇਕਾਂ ਨੂੰ ਦੂਜੇ ਦੇਸ਼ਾਂ ਦੇ ਪਾਰਲੀਮਾਨੀ ਪ੍ਰਬੰਧ, ਸੰਸਦੀ ਰਵਾਇਤਾਂ ਤੋਂ ਸਿੱਖਣ ਦੇ ਮਕਸਦ ਨਾਲ ਵਿਦੇਸ਼ ਦੌਰੇ ‘ਤੇ ਜਾਣਗੇ। ਵਿਦੇਸ਼ ਦੌਰੇ ‘ਤੇ ਜਾਣ ਲਈ ਹਾਕਮ ਧਿਰ ਨਾਲ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਵੀ ਬਰਾਬਰ ਦਾ ਮੌਕਾ ਹੋਵੇਗਾ। ਇਸ ਵੇਲੇ ਤਿੰਨ ਦੇਸ਼ਾਂ ਦੇ ਦੌਰੇ ‘ਤੇ ਜਾਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਵਿਧਾਇਕਾਂ ਨੂੰ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਤਿੰਨ ਦੇਸ਼ਾਂ ਵਿਚੋਂ ਜਿਹੜੇ ਦੇਸ਼ ਵਿੱਚ ਜਾਣਾ ਚਾਹੁੰਦੇ ਹਨ, ਉਸ ਬਾਰੇ ਆਪਣੀ ਪਸੰਦ ਲਿਖਤੀ ਤੌਰ ‘ਤੇ ਵਿਧਾਨ ਸਭਾ ਸਕੱਤਰੇਤ ਨੂੰ ਦੱਸ ਦੇਣ। ਪਤਾ ਲੱਗਾ ਹੈ ਕਿ ਬਹੁਤੇ ਵਿਧਾਇਕ ਕੈਨੇਡਾ ਤੇ ਆਸਟਰੇਲੀਆ ਹੀ ਜਾਣਾ ਚਾਹੁੰਦੇ ਹਨ।
ਵਿਧਾਇਕਾਂ ਨੂੰ ਇਸ ਗੱਲ ਦੀ ਛੋਟ ਦਿੱਤੀ ਗਈ ਹੈ ਕਿ ਉਹ ਆਪਣੇ ਨਾਲ ਆਪਣੀ ਪਤਨੀ ਨੂੰ ਵੀ ਲਿਜਾ ਸਕਦੇ ਹਨ ਪਰ ਪਤਨੀ ਦਾ ਖ਼ਰਚਾ ਉਨ੍ਹਾਂ ਨੂੰ ਖ਼ੁਦ ਕਰਨਾ ਪਵੇਗਾ ਤੇ ਵਿਧਾਨ ਸਭਾ ਕੇਵਲ ਵਿਧਾਇਕ ਦਾ ਹੀ ਖ਼ਰਚਾ ਦੇਵੇਗੀ। ਪੰਜਾਬ ਵਿਧਾਨ ਸਭਾ ਦੇ ਇਤਿਹਾਸ ਵਿਚ ਇਹ ਪਹਿਲਾਂ ਮੌਕਾ ਹੋਵੇਗਾ ਜਦੋਂ ਵਿਧਾਇਕ ਵਿਦੇਸ਼ਾਂ ਦੀ ਧਰਤੀ ‘ਤੇ ਸੰਸਦੀ ਕੰਮ ਕਾਜ ਦੇਖਣ ਲਈ ਸਰਕਾਰੀ ਤੌਰ ‘ਤੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਵਿਧਾਇਕਾਂ ਦੇ ਵਿਦੇਸ਼ ਦੌਰੇ ਦੀਆਂ ਤਾਰੀਕਾਂ ਅਜੇ ਤੈਅ ਨਹੀਂ ਹੋ ਸਕੀਆਂ। ਇਸ ਬਾਰੇ ਵੀ ਵਿਧਾਇਕਾਂ ਦੀ ਸਹਿਮਤੀ ਲਈ ਜਾਵੇਗੀ ਤੇ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇਗਾ ਕਿ ਜਿਹੜੇ ਦੇਸ਼ਾਂ ਵਿਚ ਵਿਧਾਇਕਾਂ ਨੇ ਜਾਣਾ ਹੋਵੇਗਾ ਤਾਂ ਉਨ੍ਹਾਂ ਦਿਨਾਂ ਵਿਚ ਉਨ੍ਹਾਂ ਦੇਸ਼ਾਂ ਦੀਆਂ ਵਿਧਾਨ ਸਭਾਵਾਂ ਜਾਂ ਪਾਰਲੀਮੈਂਟ ਦੇ ਸੈਸ਼ਨ ਚਲਦੇ ਹੋਣੇ ਚਾਹੀਦੇ ਹਨ ਤਾਂ ਕਿ ਵਿਦੇਸ਼ ਦੌਰੇ ਦਾ ਪੂਰਾ ਲਾਹਾ ਲਿਆ ਜਾ ਸਕੇ। ਬਹੁਤੇ ਵਿਧਾਇਕਾਂ ਦੇ ਕਰੀਬੀ ਰਿਸ਼ਤੇਦਾਰ ਆਸਟਰੇਲੀਆ, ਕੈਨੇਡਾ ਅਤੇ ਇੰਗਲੈਂਡ ਵਿਚ ਰਹਿੰਦੇ ਹਨ ਤੇ ਕਈ ਵਿਧਾਇਕਾਂ ਲਈ ਵਿਦੇਸ਼ ਜਾਣਾ ਆਮ ਗੱਲ ਹੈ ਤੇ ਉਹ ਵਿਧਾਇਕ ਵਿਦੇਸ਼ ਦੌਰ ‘ਤੇ ਜਾਣ ਸਮੇਂ ਉਸ ਦੇਸ਼ ਦੀ ਚੋਣ ਕਰਨ ਨੂੰ ਤਰਜ਼ੀਹ ਦੇ ਰਹੇ ਹਨ ਜਿਹੜੇ ਦੇਸ਼ ਵਿਚ ਉਹ ਅਜੇ ਤਕ ਨਹੀਂ ਗਏ। ਦੋ ਵਿਧਾਇਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਹ-ਪੰਜਾਹ ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੱਤੇ ਹਨ ਤੇ ਵਿਦੇਸ਼ ਦੌਰੇ ‘ਤੇ ਜਾਣ ਲਈ ਤਿਆਰ ਹਨ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …