Breaking News
Home / ਪੰਜਾਬ / ਸਿਮਰਜੀਤ ਸਿੰਘ ਬੈਂਸ ਖਿਲਾਫ ਕੇਸ ਦਰਜ

ਸਿਮਰਜੀਤ ਸਿੰਘ ਬੈਂਸ ਖਿਲਾਫ ਕੇਸ ਦਰਜ

ਗੁਰਦਾਸਪੁਰ ਦੇ ਡੀਸੀ ਨੂੰ ਧਮਕਾਇਆ ਅਤੇ ਕੀਤੀ ਬਦਸਲੂਕੀ
ਬਟਾਲਾ : ਬਟਾਲਾ ਵਿਚ ਪਟਾਕਾ ਫੈਕਟਰੀ ‘ਚ ਧਮਾਕੇ ਤੋਂ ਬਾਅਦ ਪੀੜਤਾਂ ਅਤੇ ਜ਼ਖਮੀਆਂ ਦੀ ਸਾਰ ਲੈਣ ਪਹੁੰਚੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਸਿਵਲ ਹਸਪਤਾਲ ਬਟਾਲਾ ‘ਚ ਗੁਰਦਾਸਪੁਰ ਦੇ ਡੀਸੀ ਵਿਪੁਲ ਉਜਵਲ ਨੂੰ ਧਮਕਾਉਣ, ਬਦਸਲੂਕੀ ਕਰਨ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਬਟਾਲਾ ਪੁਲਿਸ ਨੇ ਵਿਧਾਇਕ ਅਤੇ ਉਸ ਦੇ ਸਾਥੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਧਿਆਨ ਰਹੇ ਇਹ ਘਟਨਾ 5 ਸਤੰਬਰ ਦੀ ਹੈ। ਥਾਣਾ ਸਿਟੀ ਬਟਾਲਾ ਦੀ ਪੁਲਿਸ ਨੇ ਬਟਾਲਾ ਦੇ ਐੱਸਡੀਐੱਮ ਬਲਬੀਰ ਰਾਜ ਸਿੰਘ ਦੇ ਬਿਆਨਾਂ ‘ਤੇ ਇਹ ਕੇਸ ਦਰਜ ਕੀਤਾ ਹੈ। ਡੀਐੱਸਪੀ ਸਿਟੀ ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਐੱਸਡੀਐੱਮ ਬਟਾਲਾ ਬਲਬੀਰ ਰਾਜ ਸਿੰਘ ਨੇ ਦੱਸਿਆ ਕਿ 4 ਸਤੰਬਰ ਨੂੰ ਬਟਾਲਾ ਸ਼ਹਿਰ ‘ਚ ਇੱਕ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਣ ਦੀ ਘਟਨਾ ਤੋਂ ਬਾਅਦ 5 ਸਤੰਬਰ ਨੂੰ ਬਾਅਦ ਦੁਪਹਿਰ ਬਚਾਅ ਕਾਰਜਾਂ ਦਾ ਜਾਇਜ਼ਾ ਲੈਣ ਅਤੇ ਲਾਸ਼ਾਂ ਦੀ ਸ਼ਨਾਖਤ ਕਰਨ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਚੱਲ ਰਹੀ ਸੀ ਜਿਸ ਵਿੱਚ ਐੱਸਐੱਸਪੀ ਬਟਾਲਾ ਓਪਿੰਦਰਜੀਤ ਸਿੰਘ ਘੁੰਮਣ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਦਾਸਪੁਰ ਤਜਿੰਦਰਪਾਲ ਸਿੰਘ ਸੰਧੂ, ਸਿਵਲ ਸਰਜਨ ਗੁਰਦਾਸਪੁਰ ਡਾ. ਕਿਸ਼ਨ ਚੰਦ, ਐੱਸਐੱਮਓ ਬਟਾਲਾ ਡਾ. ਸੰਜੀਵ ਭੱਲਾ ਅਤੇ ਹੋਰ ਅਧਿਕਾਰੀ ਸ਼ਾਮਲ ਸਨ। ਇਸੇ ਦੌਰਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਆਪਣੇ ਕਰੀਬ 20 ਸਾਥੀਆਂ ਸਮੇਤ ਐੱਸਐੱਮਓ ਦਫ਼ਤਰ ਵਿੱਚ ਜ਼ਬਰਦਸਤੀ ਦਾਖਲ ਹੋਏ ਅਤੇ ਮ੍ਰਿਤਕ ਸਤਨਾਮ ਸਿੰਘ ਵਾਸੀ ਕੋਟ ਖਾਲਸਾ ਅੰਮ੍ਰਿਤਸਰ ਦੀ ਸ਼ਨਾਖਤ ਨੂੰ ਲੈ ਕੇ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਡਿਪਟੀ ਕਮਿਸ਼ਨਰ ਨੂੰ ਅਪਸ਼ਬਦ ਕਹੇ। ਉਨ੍ਹਾਂ ਦੱਸਿਆ ਕਿ ਵਿਧਾਇਕ ਬੈਂਸ ਨਾਲ ਆਏ ਉਸ ਦੇ ਸਾਥੀਆਂ ਨੇ ਮੋਬਾਈਲ ਫੋਨ ‘ਚ ਵੀਡੀਓ ਬਣਾ ਕੇ ਉਸ ਨੂੰ ਐਡਿਟ ਕਰਕੇ ਵਾਇਰਲ ਕਰ ਦਿੱਤਾ ਜਿਸ ਨਾਲ ਡਿਪਟੀ ਕਮਿਸ਼ਨਰ ਦਾ ਅਕਸ ਖਰਾਬ ਹੋਇਆ ਹੈ।
ਅਫਸਰਾਂ ਨਾਲ ਬਦਸਲੂਕੀ ਬਰਦਾਸ਼ਤ ਨਹੀਂ ਕਰਾਂਗੇ : ਕੈਪਟਨ ਅਮਰਿੰਦਰ
ਮੁਹਾਲੀ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਈਏਐਸ ਤੇ ਹੋਰ ਸਿਵਲ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਹੱਕ ਵਿੱਚ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨਾਲ ਦੁਰਵਿਹਾਰ ਦੀ ਘਟਨਾ ਨੂੰ ਮੰਦਭਾਗਾ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੀਨੀਅਰ ਅਧਿਕਾਰੀਆਂ ਨਾਲ ਬਦਸਲੂਕੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਮੁਹਾਲੀ ‘ਚ ਕਿਹਾ ਕਿ ਡੀਸੀ ਨਾਲ ਦੁਰਵਿਹਾਰ ਦੀ ਵੀਡੀਓ ਖ਼ੁਦ ਦੇਖਣ ਮਗਰੋਂ ਹੀ ਉਨ੍ਹਾਂ ਬੈਂਸ ਖ਼ਿਲਾਫ਼ ਪੁਲਿਸ ਕਾਰਵਾਈ ਲਈ ਲੋੜੀਂਦੀਆਂ ਹਦਾਇਤਾਂ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸਰਕਾਰੀ ਅਧਿਕਾਰੀ ਦੇ ਦਫ਼ਤਰ ਜਾ ਕੇ ਬਦਤਮੀਜ਼ੀ ਕਰਨ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਲੋਕ ਨੁਮਾਇੰਦਿਆਂ ਨੂੰ ਸਮਾਜਿਕ ਜ਼ਾਬਤੇ ਵਿੱਚ ਰਹਿਣ ਲਈ ਕਿਹਾ। ਉਨ੍ਹਾਂ ਸਮੂਹ ਡੀਸੀਜ਼ ਤੇ ਹੋਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਮ ਲੋਕਾਂ ਅਤੇ ਚੁਣੇ ਹੋਏ ਨੁਮਾਇੰਦਿਆਂ ਦਾ ਸਤਿਕਾਰ ਕਰਨ ਅਤੇ ਲੋਕਾਂ ਦੇ ਕੰਮਾਂ ਨੂੰ ਪਹਿਲੀ ਤਰਜੀਹ ਦੇਣ।
ਮੈਂ ਆਪਣੇ ਦਫਤਰ ਬੈਠਾਂ, ਕੈਪਟਨ ਜਦੋਂ ਮਰਜ਼ੀ ਗ੍ਰਿਫਤਾਰ ਕਰਵਾ ਲੈਣ : ਬੈਂਸ
ਲੁਧਿਆਣਾ : ਗੁਰਦਾਸਪੁਰ ਦੇ ਡੀਸੀ ਤੇ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਮਾਮਲਾ ਭਖਦਾ ਹੀ ਜਾ ਰਿਹਾ ਹੈ। ਪਿਛਲੇ ਦਿਨੀਂ ਬਟਾਲਾ ਵਿੱਚ ਵਿਧਾਇਕ ਬੈਂਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਸਾਫ਼ ਕੀਤਾ ਗਿਆ ਕਿ ਕੇਸ ਉਨ੍ਹਾਂ ਵੱਲੋਂ ਦਰਜ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਵਿਧਾਇਕ ਬੈਂਸ ਵਲੋਂ ਲੁਧਿਆਣਾ ਕੋਟ ਮੰਗਲ ਸਿੰਘ ਨਗਰ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਮਿਲਣੀ ਕੀਤੀ। ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਚੁਣੌਤੀ ਕਬੂਲ ਹੈ, ਉਹ ਆਪਣੇ ਦਫ਼ਤਰ ਵਿੱਚ ਕੰਮ ਕਰ ਰਿਹਾ ਹੈ, ਮੁੱਖ ਮੰਤਰੀ ਜਦੋਂ ਮਰਜ਼ੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾ ਲੈਣ। ਬੈਂਸ ਨੇ ਦੱਸਿਆ ਕਿ ਉਹ ਮੁੱਖ ਮੰਤਰੀ ਦੀ ਧਮਕੀ ਤੋਂ ਨਹੀਂ ਡਰਦੇ।

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …