
ਮੌਸਮ ਵਿਭਾਗ ਵਲੋਂ ਆਉਂਦੇ ਦਿਨਾਂ ਦੌਰਾਨ ਵੀ ਭਾਰੀ ਮੀਂਹ ਦੀ ਚਿਤਾਵਨੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਪੈ ਰਹੇ ਮੀਂਹ ਨੇ ਪੰਜਾਬ ਵਿਚ ਤਬਾਹੀ ਮਚਾ ਦਿੱਤੀ ਹੈ। ਪਹਾੜੀ ਇਲਾਕਿਆਂ ਵਿਚ ਪੈ ਰਹੇ ਮੀਂਹ ਕਾਰਨ ਪੰਜਾਬ ਦੇ ਦਰਿਆਵਾਂ ’ਚ ਵਧੇ ਪਾਣੀ ਦੇ ਪੱਧਰ ਨੇ ਲੋਕਾਂ ’ਚ ਸਹਿਮ ਦਾ ਮਾਹੌਲ ਬਣਾ ਦਿੱਤਾ ਹੈ। ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਪਾਣੀ ਵਿਚ ਡੁੱਬ ਚੁੱਕੀ ਹੈ। ਪਠਾਨਕੋਟ, ਹੁਸ਼ਿਆਰਪੁਰ, ਗੁਰਦਾਸਪੁਰ, ਅੰਮਿ੍ਰਤਸਰ, ਫਾਜ਼ਿਲਕਾ ਅਤੇ ਕਪੂਰਥਲਾ ਜ਼ਿਲ੍ਹਿਆਂ ਵਿਚ ਹੜ੍ਹਾਂ ਦੇ ਪਾਣੀ ਨੇ ਜ਼ਿਆਦਾ ਨੁਕਸਾਨ ਕੀਤਾ ਹੈ। ਇਸੇ ਦੌਰਾਨ ਰਾਵੀ ਦਰਿਆ ’ਤੇ ਬਣਿਆ ਆਰਜ਼ੀ ਬੰਨ੍ਹ ਵੀ ਟੁੱਟ ਗਿਆ। ਬਿਆਸ ਅਤੇ ਸਤਲੁਜ ਦਰਿਆ ਵਿਚ ਵੀ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਵਧਿਆ ਹੈ। ਇਸੇ ਦੌਰਾਨ ਪੌਂਗ, ਭਾਖੜਾ ਅਤੇ ਰਣਜੀਤ ਸਾਗਰ ਡੈਮ ਵਿਚੋਂ ਪਾਣੀ ਛੱਡਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹੜ੍ਹਾਂ ਦੇ ਮੱਦੇਨਜ਼ਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਸਕੂਲ ਵੀ ਅੱਜ ਬੰਦ ਰਹੇ। ਇਸ ਦੇ ਚੱਲਦਿਆਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਮੌਸਮ ਵਿਭਾਗ ਨੇ ਆਉਂਦੇ ਦਿਨਾਂ ਦੌਰਾਨ ਵੀ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।

