300 ਏਕੜ ਵਿਚ ਛਾਂਦਾਰ ਬੂਟੇ ਲਗਾਏ ਜਾਣਗੇ ਅਤੇ 100 ਏਕੜ ਵਿਚ ਕਣਕ ਤੇ ਮੱਕੀ ਦੀ ਹੋਵੇਗੀ ਬਿਜਾਈ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਦੇ ਨਾਲ ਲਗਦੀ 800 ਏਕੜ ਜ਼ਮੀਨ ਪਾਕਿ ਸਰਕਾਰ ਵਲੋਂ ਖ਼ਰੀਦੀ ਗਈ ਹੈ। ਇਸ ਵਿਚੋਂ 300 ਏਕੜ ਜ਼ਮੀਨ ‘ਤੇ ਵੱਖ-ਵੱਖ ਤਰ੍ਹਾਂ ਦੇ ਛਾਂਦਾਰ ਅਤੇ ਖ਼ੂਬਸੂਰਤ ਬੂਟੇ ਲਗਾਏ ਜਾਣਗੇ ਅਤੇ 100 ਏਕੜ ਜ਼ਮੀਨ ਵਿਚ ਕਣਕ ਤੇ ਮੱਕੀ ਦੀ ਬਿਜਾਈ ਦੇ ਨਾਲ-ਨਾਲ ਝੋਨੇ ਦੀ ਪਨੀਰੀ ਅਤੇ ਮੌਸਮੀ ਸਬਜ਼ੀਆਂ ਬੀਜੀਆਂ ਜਾਣਗੀਆਂ। ਇਸ ਦੇ ਇਲਾਵਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ‘ਤੇ ਗੁਰਦੁਆਰਾ ਸਾਹਿਬ ਪਹੁੰਚਣ ਵਾਲੀ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਬਾਗ਼ ਦੇ ਫ਼ਲ ਪ੍ਰਸ਼ਾਦ ਵਜੋਂ ਭੇਟ ਕਰਨ ਹਿਤ ਅਮਰੂਦਾਂ ਦਾ ਬਾਗ਼ ਵੀ ਲਗਾਇਆ ਜਾ ਰਿਹਾ ਹੈ। ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਕਰਤਾਰਪੁਰ) ਦੇ ਸੇਵਾਦਾਰਾਂ ਅਨੁਸਾਰ ਲਗਪਗ 4 ਏਕੜ ਜ਼ਮੀਨ ‘ਤੇ ਅਮਰੂਦਾਂ ਦਾ ਇਹ ਬਾਗ਼ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਹੀ ਲਗਾਇਆ ਜਾਵੇਗਾ, ਜਿਸ ਲਈ ਗੁਰਦੁਆਰਾ ਸਾਹਿਬ ਦੇ ਚੁਫੇਰੇ ਬਣੀ ਪੁਰਾਣੀ ਕੰਧ ਨੂੰ ਢਾਹ ਕੇ 300 ਫੁੱਟ ਲੰਬੀ ਨਵੀਂ ਕੰਧ ਬਣਾ ਲਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਜ਼ਮੀਨ ਵਿਚ ਇਹ ਬਾਗ਼ ਲਗਵਾਇਆ ਜਾ ਰਿਹਾ ਹੈ, ਉਹ ਜ਼ਮੀਨ ਗੁਰੂ ਨਾਨਕ ਦੇਵ ਜੀ ਦੀ ਸਮਾਧ ਦੇ ਨਾਂ ‘ਤੇ ਹੈ। ਲਾਂਘੇ ਦੀ ਉਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਵੀ ਗੁਰਦੁਆਰਾ ਸਾਹਿਬ ਦੇ ਬਾਹਰ ਅਮਰੂਦਾਂ ਅਤੇ ਹੋਰ ਫ਼ਲਾਂ ਦਾ ਬਾਗ਼ ਸੀ, ਜਿਸ ਨੂੰ ਉਸਾਰੀ ਦੇ ਚੱਲਦਿਆਂ ਖ਼ਤਮ ਕਰ ਦਿੱਤਾ ਗਿਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਪਹੁੰਚਣ ਵਾਲੀ ਸੰਗਤ ਨੂੰ ਲੰਗਰ ਵਿਚ ਹੋਰਨਾਂ ਪਕਵਾਨਾਂ ਦੇ ਨਾਲ-ਨਾਲ ਗੁਰੂ ਜੀ ਦੇ ਖੇਤਾਂ ਵਿਚ ਲਗਾਏ ਸਰ੍ਹੋਂ ਦੇ ਸਾਗ ਨਾਲ ਮੱਕੀ ਦੇ ਪ੍ਰਸ਼ਾਦੇ ਛਕਾਏ ਜਾਣਗੇ। ਦੱਸਣਯੋਗ ਹੈ ਕਿ ਕੁਝ ਵਿਦੇਸ਼ੀ ਜਥੇਬੰਦੀਆਂ ਨੇ ਪਾਕਿ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਸ਼ੁਰੂ ਕੀਤੀ ਉਸਾਰੀ ਦੇ ਚੱਲਦਿਆਂ ਸ੍ਰੀ ਕਰਤਾਰਪੁਰ ਸਾਹਿਬ ਕੰਪਲੈਕਸ ਦੇ ਮੂਲ ਢਾਂਚੇ ਵਿਚ ਕੋਈ ਤਬਦੀਲੀ ਨਾ ਕੀਤੀ ਜਾਵੇ। ਸ੍ਰੀ ਕਰਤਾਰਪੁਰ ਸਾਹਿਬ ਦੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ 100 ਏਕੜ ਜ਼ਮੀਨ ਵਿਚਲੇ ਖੇਤਾਂ, ਦਰੱਖ਼ਤਾਂ, ਬਾਗ਼ਾਂ, ਖੂਹਾਂ ਆਦਿ ਦੀ ਮੌਲਿਕਤਾ ਨੂੰ ਬਰਕਰਾਰ ਅਤੇ ਸੁਰੱਖਿਅਤ ਰੱਖਿਆ ਜਾਣਾ ਬੇਹੱਦ ਜ਼ਰੂਰੀ ਹੈ, ਕਿਉਂਕਿ ਸਿੱਖ ਸੰਗਤ ਕਰਤਾਰਪੁਰ ਸਾਹਿਬ ਜਾ ਕੇ ਹਰ ਉਸ ਥਾਂ ਦੇ ਦਰਸ਼ਨ ਕਰਨਾ ਚਾਹੁੰਦੀ ਹੈ ਜਿਥੇ ਗੁਰੂ ਨਾਨਕ ਦੇਵ ਜੀ ਰਹਿੰਦੇ ਸਨ, ਦਰੱਖ਼ਤਾਂ ਦੇ ਹੇਠਾਂ ਆਰਾਮ ਕਰਦੇ ਸਨ ਅਤੇ ਜਿਨ੍ਹਾਂ ਖੇਤਾਂ ਵਿਚ ਆਪਣੇ ਹੱਥੀਂ ਖੇਤੀਬਾੜੀ ਕਰਦੇ ਸਨ। ਇਸ ‘ਤੇ ਪਾਕਿ ਸਰਕਾਰ ਨੇ ਪੱਕੇ ਤੌਰ ‘ਤੇ ਭਰੋਸਾ ਦਿੱਤਾ ਹੈ ਕਿ ਲਾਂਘੇ ਦੀ ਉਸਾਰੀ ਦੇ ਦੂਜੇ ਪੜਾਅ ਦੌਰਾਨ ਯਾਤਰੂਆਂ ਲਈ ਬਣਾਏ ਜਾਣ ਵਾਲੇ ਸ਼ਾਪਿੰਗ ਮਾਲ, ਉਡੀਕ-ਘਰ, 500 ਕਮਰਿਆਂ ਦੀ ਸਰਾਂ, ਲੰਗਰ ਭਵਨ, ਸਰੋਵਰ ਅਤੇ ਹੋਟਲ ਆਦਿ ਦਾ ਨਿਰਮਾਣ ਗੁਰਦੁਆਰਾ ਸਾਹਿਬ ਦੀ ਕੰਧ ਦੇ ਬਾਹਰਵਾਰ ਕਰਵਾਇਆ ਜਾਵੇਗਾ। ਉਕਤ ਦੇ ਇਲਾਵਾ ਪਾਕਿ ਸਰਕਾਰ ਨੇ ਪੂਰੀ ਦੁਨੀਆ ਵਿਚ ਵਸਦੇ ਸਿੱਖਾਂ ਤੋਂ ਸ੍ਰੀ ਕਰਤਾਰਪੁਰ ਸਾਹਿਬ ਅਤੇ ਸ੍ਰੀ ਨਨਕਾਣਾ ਸਾਹਿਬ ਵਿਖੇ ਬਣ ਰਹੇ ਵਿੱਦਿਅਕ ਸੰਸਥਾਨਾਂ, ਹੋਟਲਾਂ ਤੇ ਸਨਅਤਾਂ ਵਿਚ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ।
ਕਰਤਾਰਪੁਰ ਲਾਂਘੇ ਸਬੰਧੀ ਭਾਰਤ ਤੇ ਪਾਕਿ ਇਕ-ਦੂਜੇ ਦੇ ਸੰਪਰਕ ‘ਚ : ਅਜੇ ਬਿਸਾਰੀਆઠ
ਇਸਲਾਮਾਬਾਦ : ਪਾਕਿਸਤਾਨ ਵਿਚ ਭਾਰਤ ਦੇ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੇ ਦੱਸਿਆ ਹੈ ਕਿ ਕਰਤਾਰਪੁਰ ਲਾਂਘੇ ਬਾਰੇ ਦੋਵੇਂ ਦੇਸ਼ ਇਕ-ਦੂਜੇ ਦੇ ਸੰਪਰਕ ਵਿਚ ਹਨ ਅਤੇ ਭਾਰਤ ਵਲੋਂ ਇਸ ਮਕਸਦ ਲਈ ਇਕ ਵਿਸ਼ੇਸ਼ (ਫੋਕਲ ਪ੍ਰਸਨ) ਅਧਿਕਾਰੀ ਦੀ ਨਿਯੁਕਤੀ ਕੀਤੀ ਗਈ ਹੈ। ਭਾਰਤੀ ਦੂਤਾਵਾਸ ਅਧਿਕਾਰੀ ਦਾ ਇਹ ਬਿਆਨ ਭਾਰਤ ਦੇ 70ਵੇਂ ਗਣਤੰਤਰ ਦਿਵਸ ਮੌਕੇ ਹੋਏ ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਸਾਹਮਣੇ ਆਇਆ। ਬਿਸਾਰੀਆ ਨੇ ਦੱਸਿਆ ਕਿ ਭਾਰਤ ਨੇ ਸਰਹੱਦ ਪਾਰ ਕਰਨ (ਜ਼ੀਰੋ ਪੁਆਇੰਟ) ਨੂੰ ਛੱਡ ਕੇ ਕਰਤਾਰਪੁਰ ਲਾਂਘੇ ਦੇ ਬੁਨਿਆਦੀ ਬਿੰਦੂਆਂ (ਬੇਸਕ ਪੁਆਇੰਟਸ) ‘ਤੇ ਸਹਿਮਤੀ ਦੇ ਦਿੱਤੀ ਹੈ, ਦੋਵੇਂ ਦੇਸ਼ ਇਸ ਸਬੰਧੀ ਇਕ-ਦੂਜੇ ਦੇ ਸੰਪਰਕ ਵਿਚ ਹਨ ਤੇ ਇਸ ਮੁੱਦੇ ‘ਤੇ ਕਈ ਬੈਠਕਾਂ ਹੋ ਚੁੱਕੀਆਂ ਹਨ। ਪਰ ਉਨ੍ਹਾਂ ਭਾਰਤ ਵਿਚ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਅਜੇ ਜਲਦ ਦੋਹਾਂ ਦੇਸ਼ਾਂ ਵਿਚਾਲੇ ਜਲਦ ਕਿਸੇ ਵੀ ਦੁਪਾਸੜ ਗੱਲਬਾਤ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਦੋਹਾਂ ਦੇਸ਼ਾਂ ਵਿਚਾਲੇ ਕੋਈ ਵੀ ਰਾਜਨੀਤਕ ਗੱਲਬਾਤ ਹੋਣ ਤੋਂ ਪਹਿਲਾਂ ਆਪਸੀ ਭਰੋਸਾ ਹੋਣਾ ਜ਼ਰੂਰੀ ਹੈ। ਪਿਛਲੇ ਹਫ਼ਤੇ ਭਾਰਤ ਵਲੋਂ ਪਾਕਿਸਤਾਨ ਨਾਲ ਇਸ ਲਾਂਘੇ ਸਬੰਧੀ ਤਾਲਮੇਲ ਲਈ ਜਾਣਕਾਰੀ ਸਾਂਝੀ ਕਰਦਿਆਂ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਜ਼ੀਰੋ ਪੁਆਇੰਟ ਬਾਰੇ ਆਪਣਾ ਪੱਖ ਰੱਖਿਆ ਗਿਆ ਸੀ। ਦੱਸਣਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੇਂ ਪ੍ਰਕਾਸ਼ ਪੁਰਬ ਮੌਕੇ ਦੋਹਾਂ ਦੇਸ਼ਾਂ ਵਲੋਂ ਸਿੱਖ ਭਾਈਚਾਰੇ ਦੀ ਲੰਬੇ ਸਮੇਂ ਦੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਦੀ ਮੰਗ ਨੂੰ ਮੰਨਦਿਆਂ ਲਾਂਘਾ ਖੋਲ੍ਹਣ ‘ਤੇ ਸਹਿਮਤੀ ਪ੍ਰਗਟਾਈ ਸੀ।
Check Also
ਅੰਮਿ੍ਰਤਸਰ ਅਤੇ ਜੰਮੂ ਜਾਣ ਵਾਲੀਆਂ 22 ਰੇਲ ਗੱਡੀਆਂ ਰੱਦ
ਅੰਬਾਲਾ/ਬਿਊਰੋ ਨਿਊਜ਼ : ਪਾਕਿਸਤਾਨ ਵੱਲੋਂ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੀਆਂ ਕੋਸਸ਼ਿਾਂ ਤੋਂ ਬਾਅਦ ਭਾਰਤ ਨੇ …