ਝੋਨੇ ਨੂੰ ਛੱਡ ਕੇ ਹੋਰ ਬਦਲਵੀਆਂ ਫਸਲਾਂ ਬੀਜਣ ਦੀ ਦਿੱਤੀ ਸਲਾਹ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ‘ਆਪ’ ਸਰਕਾਰ ਨੇ ਕਿਸਾਨਾਂ ਨੂੰ ਕੁਝ ਅਪੀਲਾਂ ਕੀਤੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਹੋ ਕੇ ਕਿਸਾਨਾਂ ਨੂੰ ਪੰਜਾਬ ਵਿਚ ਬਦਲਵੀਆਂ ਫਸਲਾਂ ਬੀਜਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਚੀਫ ਸੈਕਟਰੀ ਦੀ ਅਗਵਾਈ ਵਿਚ ਇਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਇਹ ਕਮੇਟੀ ਵੱਖ-ਵੱਖ ਪਿੰਡਾਂ ਵਿਚ ਜਾ ਕੇ ਸਟੱਡੀ ਕਰਕੇ, ਆਪਣੀ ਰਿਪੋਰਟ ਸੌਂਪੇਗੀ। ਉਨ੍ਹਾਂ ਕਿਹਾ ਕਿ ਇਹ ਕਮੇਟੀ ਇਸ ਗੱਲ ਦੀ ਸਟੱਡੀ ਕਰੇਗੀ ਕਿ ਅਸੀਂ ਝੋਨੇ ਤੋਂ ਬਿਨਾ ਹੋਰ ਕਿਹੜੀਆਂ ਫਸਲਾਂ ਬੀਜ ਸਕਦੇ ਹਾਂ, ਜਿਨ੍ਹਾਂ ਵਿਚ ਪਾਣੀ ਦੀ ਘੱਟ ਵਰਤੋਂ ਹੁੰਦੀ ਹੋਵੇ। ਜਿਸਦੇ ਨਾਲ ਕਿਸਾਨਾਂ ਦਾ ਖਰਚਾ ਘੱਟ ਅਤੇ ਫਾਇਦਾ ਜ਼ਿਆਦਾ ਹੋਵੇ। ਭਗਵੰਤ ਮਾਨ ਨੇ ਨਰਮਾ ਅਤੇ ਕਪਾਹ ਦਾ ਰਕਬਾ ਵਧਾਉਣ ਦੀ ਗੱਲ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਪਹਿਲਾਂ ਵੀ ਵੱਖ-ਵੱਖ ਕਿਸਮ ਦੀਆਂ ਫਸਲਾਂ ਬੀਜੀਆਂ ਜਾਂਦੀਆਂ ਸਨ, ਕਿਉਂਕਿ ਸਾਡੇ ਪੰਜਾਬ ਦੀ ਧਰਤੀ ਬੇਹੱਦ ਉਪਜਾਊ ਹੈ। ਪਰ ਪਿਛਲੇ ਸਮੇਂ ਤੋਂ ਵੱਖ-ਵੱਖ ਫਸਲਾਂ ਨੂੰ ਛੱਡ ਕੇ ਸਾਡਾ ਸਾਰਾ ਧਿਆਨ ਝੋਨੇ ਵੱਲ ਹੋ ਗਿਆ ਹੈ ਅਤੇ ਜਿਸ ਕਾਰਨ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਝੋਨੇ ਦੀ ਫਸਲ ਬੀਜਣ ਨਾਲ ਬਿਜਲੀ ਦਾ ਪ੍ਰਬੰਧਨ, ਧਰਤੀ ਹੇਠਲਾ ਪਾਣੀ ਹੋਰ ਹੇਠਾਂ ਚਲੇ ਜਾਣਾ, ਪੰਜਾਬ ਦੀ 80 ਫੀਸਦੀ ਧਰਤੀ ਦਾ ਡਾਰਕ ਜ਼ੋਨ ਵਿਚ ਚਲੇ ਜਾਣਾ, ਪਰਾਲੀ ਨਾਲ ਸਬੰਧਤ ਸਮੱਸਿਆਵਾਂ, ਪਰਾਲੀ ਨੂੰ ਅੱਗ ਲਗਾਉਣ ਮਗਰੋਂ ਪ੍ਰਦੂਸ਼ਣ ਅਤੇ ਸਿਹਤ ਨਾਲ ਸਬੰਧਤ ਸਮੱਸਿਆਵਾਂ ਪੈਦਾ ਹੋ ਗਈਆਂ ਹਨ। ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਅਸੀਂ ਦਿਨ-ਰਾਤ ਮਿਹਨਤ ਕਰ ਰਹੇ ਹਾਂ।