ਕਿਹਾ : ਜਦੋਂ ਰਿਪੋਰਟਾਂ ‘ਚ ਆਰੋਪੀਆਂ ਦੇ ਨਾਂ ਸ਼ਾਮਲ ਹਨ ਤਾਂ ਉਨ੍ਹਾਂ ਦੇ ਨਾਵਾਂ ਕਿਉਂ ਨਹੀਂ ਹੋਏ ਕੇਸ ਦਰਜ
ਪਟਿਆਲਾ/ਬਿਊਰੋ ਨਿਊਜ਼
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਅੱਜ ਬੇਅਦਬੀ ਅਤੇ ਨਸ਼ਿਆਂ ਦੇ ਮਾਮਲੇ ‘ਚ ਆਪਣੀ ਹੀ ਸਰਕਾਰ ਨੂੰ ਘੇਰਦੇ ਹੋਏ ਨਜ਼ਰ ਆਏ। ਉਨ੍ਹਾਂ ਪੰਜਾਬ ਸਰਕਾਰ ‘ਤੇ ਸਿਧੇ ਸਵਾਲ ਚੁੱਕਦਿਆਂ ਆਖਿਆ ਕਿ, ਜਿਹੜੇ ਮੁੱਦੇ-ਭਾਵੇਂ ਉਹ ਨਸ਼ੇ ਦਾ ਹੋਵੇ ਜਾਂ ਬੇਅਦਬੀ ਦਾ ਹੋਵੇ, ਪੰਜਾਬ ਸਰਕਾਰ ਉਨ੍ਹਾਂ ਨੂੰ ਹੱਲ ਕਰਨ ‘ਚ ਅਸਫਲ ਰਹੀ ਹੈ। ਸਿੱਧੂ ਨੇ ਬੇਅਦਬੀ ਵਾਲੇ ਮਾਮਲੇ ‘ਤੇ ਬੋਲਦਿਆਂ ਕਿਹਾ ਕਿ ਜਦੋਂ ਐਸਆਈਟੀ ਦੀ ਰਿਪੋਰਟ ‘ਚ ਆਰੋਪੀਆਂ ਦੇ ਬਾਕਾਇਦਾ ਨਾਂ ਸ਼ਾਮਲ ਹਨ ਤਾਂ ਉਨ੍ਹਾਂ ਵਿਅਕਤੀਆਂ ਦੇ ਨਾਵਾਂ ‘ਤੇ ਕੇਸ ਦਰਜ ਕਿਉਂ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਦਰਜ ਹੋਈਆਂ ਐਫਆਈਆਰਜ਼ ਵਿਚ ਸਿਰਫ਼ ਅਣਪਛਾਤੇ ਵਿਅਕਤੀਆਂ ਦਾ ਜ਼ਿਕਰ ਹੁੰਦਾ ਰਿਹਾ ਹੈ ਜੋ ਕਿ ਸਰਕਾਰ ਦੀ ਨਲਾਇਕੀ ਨੂੰ ਸਾਬਤ ਕਰਦਾ ਹੈ। ਇਸੇ ਤਰ੍ਹਾਂ ਨਸ਼ਿਆਂ ਵਾਲੇ ਮਾਮਲੇ ਸਬੰਧੀ ਨਵਜੋਤ ਸਿੱਧੂ ਨੇ ਆਖਿਆ ਕਿ ਜਦੋਂ ਜਗਦੀਸ਼ ਭੋਲਾ ਅਤੇ ਬਿੱਟੂ ਔਲਖ ਵੱਲੋਂ ਕੁੱਝ ਪ੍ਰਮੁੱਖ ਵਿਅਕਤੀਆਂ ਦੇ ਨਾਂ ਲਏ ਗਏ ਸਨ ਤੇ ਉਨ੍ਹਾਂ ਨਾਵਾਂ ਨੂੰ ਵੀ ਨਜ਼ਰਅੰਦਾਜ਼ ਕੀਤਾ ਗਿਆ। ਸਿੱਧੂ ਨੇ ਆਖਿਆ ਕਿ ਉਨ੍ਹਾਂ ਨੇ ਇਹ ਸਾਰਾ ਮਾਮਲਾ ਪੰਜਾਬ ਵਿਧਾਨ ਸਭਾ ਵਿਚ ਵੀ ਚੁੱਕਿਆ ਸੀ ਪ੍ਰੰਤੂ ਇਸ ਦਾ ਕੋਈ ਅਸਰ ਨਹੀਂ ਹੋਇਆ ਤਾਂ ਅੱਜ ਮਜਬੂਰਨ ਉਨ੍ਹਾਂ ਨੂੰ ਫ਼ਿਰ ਤੋਂ ਇਹ ਮਾਮਲਾ ਮੀਡੀਆ ਸਾਹਮਣੇ ਲਿਆਉਣਾ ਪਿਆ।