
ਮਨਪ੍ਰੀਤ ਬਾਦਲ ਬੋਲੇ – ਗੈਰ-ਜ਼ਿੰਮੇਵਾਰੀ ਦੀ ਹੋ ਗਈ ਹੱਦ
ਚੰਡੀਗੜ੍ਹ/ਬਿਊਰੋ ਨਿਊਜ਼
ਅਪ੍ਰੈਲ ਮਹੀਨੇ ਤੋਂ ਲੰਬਿਤ ਜੀਐੱਸਟੀ ਮੁਆਵਜਾ ਰਾਸ਼ੀ ਨਾ ਮਿਲਣ ਨੂੰ ਲੈ ਕੇ ਪਹਿਲਾਂ ਸੂਬਿਆਂ ਤੇ ਕੇਂਦਰ ਸਰਕਾਰ ਵਿਚ ਟਕਰਾਅ ਚੱਲ ਰਿਹਾ ਸੀ ਅਤੇ ਹੁਣ ਉਸ ਵਿਚ ਇਕ ਨਵਾਂ ਮੋੜ ਆ ਗਿਆ ਹੈ। ਕੇਂਦਰ ਸਰਕਾਰ ਨੇ 6 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ 16 ਸੂਬਿਆਂ ਤੇ 3 ਕੇਂਦਰ ਸਾਸ਼ਿਤ ਪ੍ਰਦੇਸ਼ਾਂ ਨੂੰ ਜਾਰੀ ਕਰ ਦਿੱਤੀ ਹੈ, ਜਿਸ ‘ਚ ਕਾਂਗਰਸ ਸ਼ਾਸਿਤ ਇੱਕ ਵੀ ਸੂਬਾ ਨਹੀਂ ਹੈ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਇਸਦੀ ਸਖ਼ਤ ਅਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਗ਼ੈਰ ਜ਼ਿੰਮੇਵਾਰੀ ਦੀ ਹੱਦ ਹੈ। ਮਨਪ੍ਰੀਤ ਬਾਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਰਜ਼ਾ ਲੈਣ ਦਾ ਜੋ ਪਲਾਨ ਤਿਆਰ ਕੀਤਾ ਗਿਆ ਸੀ, ਉਸ ‘ਤੇ ਜਿਨ੍ਹਾਂ ਸੂਬਿਆਂ ਨੇ ਦਸਤਖ਼ਤ ਨਹੀਂ ਕੀਤੇ ਸਨ, ਉਨ੍ਹਾਂ ਨੂੰ ਕਰਜ਼ਾ ਲੈਣ ਦੀ ਇਜਾਜ਼ਤ ਤੱਕ ਨਹੀਂ ਦਿੱਤੀ ਜਾ ਰਹੀ ਹੈ। ਮਨਪ੍ਰੀਤ ਨੇ ਦੱਸਿਆ ਕਿ ਜਿਨ੍ਹਾਂ 19 ਸੂਬਿਆਂ ਨੂੰ 6000 ਕਰੋੜ ਰੁਪਏ ਦੇ ਲਗਪਗ ਜੀਐੱਸਟੀ ਮੁਆਵਜ਼ਾ ਰਾਸ਼ੀ ਦਿੱਤੀ ਹੈ, ਉਸ ਵਿਚ ਪੰਜਾਬ ਦਾ ਨਾਮ ਸ਼ਾਮਲ ਨਹੀਂ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦਾ 9500 ਕਰੋੜ ਰੁਪਏ ਦੇ ਕਰੀਬ ਜੀਐਸਟੀ ਦਾ ਬਕਾਇਆ ਕੇਂਦਰ ਨੇ ਰੋਕ ਰੱਖਿਆ ਹੈ।