ਹਰਜੋਤ ਬੈਂਸ ਨੇ ਸਾਲ 2022 ਤੋਂ ਪਹਿਲਾਂ ਸਿੱਖਿਆ ਪ੍ਰਬੰਧਾਂ ‘ਤੇ ਸਵਾਲ ਉਠਾਏ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ‘ਚ ਸਕੂਲ ਆਫ਼ ਐਮੀਨੈਂਸ ਨੂੰ ਲੈ ਕੇ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਆਹਮੋ ਸਾਹਮਣੇ ਹਨ। ਇਸਦੇ ਚੱਲਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਕਾਂਗਰਸ ਦੇ ਸਾਬਕਾ ਮੰਤਰੀ ਪਰਗਟ ਸਿੰਘ ਦਰਮਿਆਨ ਸ਼ਬਦੀ ਜੰਗ ਭਖ ਗਈ ਹੈ। ਵਿਰੋਧੀ ਪਾਰਟੀਆਂ ਦੇ ਆਗੂਆਂ ਵਲੋਂ ਕੁੱਝ ਦਿਨਾਂ ਤੋਂ ਛੇਹਰਟਾ ਦੇ ‘ਸਕੂਲ ਆਫ਼ ਐਮੀਨੈਂਸ’ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਸਨ। ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਛੇਹਰਟਾ ਦੇ ‘ਸਕੂਲ ਆਫ਼ ਐਮੀਨੈਂਸ’ ਦੇ ਪੁਰਾਣੇ ਹਾਲ ਦਾ ਵੇਰਵਾ ਦਿੰਦਿਆਂ ਵਿਰੋਧੀ ਧਿਰ ਦੇ ਆਗੂਆਂ ਨੂੰ ਖੁੱਲ੍ਹੀ ਚੁਣੌਤੀ ਵੀ ਦੇ ਦਿੱਤੀ ਹੈ। ਇਸੇ ਦੌਰਾਨ ਹਰਜੋਤ ਬੈਂਸ ਨੇ ਵੀ ਅਕਾਲੀ ਅਤੇ ਕਾਂਗਰਸੀ ਆਗੂਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਵਿਰੋਧੀ ਆਗੂ ਮਾਰਚ 2022 ਤੋਂ ਪਹਿਲਾਂ ਦਾ ਸਿੱਖਿਆ ਬਾਰੇ ਆਪਣਾ ਇੱਕ ਵੀ ਟਵੀਟ ਦਿਖਾਉਣ। ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਬੈਂਸ ਦੀ ਚੁਣੌਤੀ ਕਬੂਲ ਕੀਤੀ ਹੈ। ਪਰਗਟ ਸਿੰਘ ਨੇ ਕਿਹਾ ਕਿ ਉਹ ਇਕੱਲੇ ਟਵੀਟ ਹੀ ਨਹੀਂ ਦਿਖਾਉਣਗੇ ਬਲਕਿ ਉਹ ਸਕੂਲ ਵੀ ਦਿਖਾਉਣਗੇ, ਜਿਹੜੇ ਕਾਂਗਰਸ ਰਾਜ ਦੌਰਾਨ ਸਮਾਰਟ ਬਣੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲ 2022 ਤੋਂ ਪਹਿਲਾਂ ਕੌਮੀ ਪੱਧਰ ‘ਤੇ ਰੇਟਿੰਗ ਵਿਚ ਪਹਿਲੇ ਨੰਬਰ ‘ਤੇ ਆਏ ਹਨ। ਪਤਾ ਲੱਗਾ ਹੈ ਕਿ ਪਰਗਟ ਸਿੰਘ ਆਉਂਦੇ ਦਿਨਾਂ ਵਿਚ ਸਕੂਲੀ ਸਿੱਖਿਆ ਵਿਚ ਲੰਘੇ ਪੰਜ ਵਰ੍ਹਿਆਂ ਵਿਚ ਹੋਏ ਕੰਮਾਂ ਬਾਰੇ ਵੇਰਵੇ ਪੇਸ਼ ਕਰਨਗੇ।
ਕੈਪਟਨ ਅਮਰਿੰਦਰ ਸਰਕਾਰ ਸਮੇਂ ਪੰਜਾਬ ਵਿਚ ਵੱਡੀ ਪੱਧਰ ‘ਤੇ ਸਮਾਰਟ ਸਕੂਲ ਬਣੇ ਸਨ। ਕਰੋਨਾ ਮਹਾਮਾਰੀ ਦੌਰਾਨ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਵੀ ਵਧੇ ਸਨ। ਮੌਜੂਦਾ ‘ਆਪ’ ਸਰਕਾਰ ਨੇ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚ 117 ‘ਸਕੂਲ ਆਫ਼ ਐਮੀਨੈਂਸ’ ਬਣਾਉਣ ਦਾ ਐਲਾਨ ਕੀਤਾ ਹੈ। ਪ੍ਰਿੰਸੀਪਲਾਂ ਨੂੰ ਸਿੰਗਾਪੁਰ ਤੋਂ ਸਿਖਲਾਈ ਦਿਵਾਉਣ ਦੀ ਮੁਹਿੰਮ ਵਿੱਢੀ ਹੋਈ ਹੈ ਅਤੇ ਮੁੱਖ ਅਧਿਆਪਕਾਂ ਨੂੰ ਅਹਿਮਦਾਬਾਦ ਤੋਂ ਸਿਖਲਾਈ ਦਿਵਾਈ ਜਾ ਰਹੀ ਹੈ। ਸਿਖਲਾਈ ਪ੍ਰੋਗਰਾਮ ਲਈ 20 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
ਸਿੱਖਿਆ ਮੰਤਰੀ ਬੈਂਸ ਨੇ ਆਖਿਆ ਹੈ ਕਿ ਪਹਿਲਾਂ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਸੀ ਅਤੇ ਪਿਛਲੀਆਂ ਸਰਕਾਰਾਂ ਨੇ ਸਿੱਖਿਆ ਲਈ ਕੁਝ ਨਹੀਂ ਕੀਤਾ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਅਕਾਲੀ-ਭਾਜਪਾ ਦੇ 10 ਵਰ੍ਹਿਆਂ ਦੌਰਾਨ ਸਿੱਖਿਆ ਖੇਤਰ ਵਿਚ ਹੋਏ ਕੰਮਾਂ ਦੀ ਸੂਚੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਉਨ੍ਹਾਂ ਦਰਜਨਾਂ ‘ਵਰਸਿਟੀਆਂ ਬਣਾਏ ਜਾਣ ਤੋਂ ਇਲਾਵਾ ਮੈਰੀਟੋਰੀਅਸ ਸਕੂਲ ਬਣਾਏ ਜਾਣ ਦੇ ਵੇਰਵੇ ਦਿੱਤੇ ਹਨ।