Breaking News
Home / ਪੰਜਾਬ / ਘੁੱਗੀ, ਬਿੱਟੀ, ਮਾਨ, ਸਦੀਕ ਹਾਰੇ, ਨਵਜੋਤ ਤੇ ਪਰਗਟ ਜਿੱਤੇ

ਘੁੱਗੀ, ਬਿੱਟੀ, ਮਾਨ, ਸਦੀਕ ਹਾਰੇ, ਨਵਜੋਤ ਤੇ ਪਰਗਟ ਜਿੱਤੇ

ਗਾਇਕਾਂ-ਕਲਾਕਾਰਾਂ ਦਾ ਨਹੀਂ ਲੱਗਿਆ ਦਾਅ
ਬਰਨਾਲਾ/ਬਿਊਰੋ ਨਿਊਜ਼
‘ਮਿਸ਼ਨ 2017’ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਨਾਂ ਕਰਕੇ ਵਿਰੋਧੀ ਸਿਆਸੀ ਪਾਰਟੀਆਂ ਦੇ ਖਾਨੇ ਚਿੱਤ ਕਰ ਦਿੱਤੇ ਹਨ। ਇਸ ਮਿਸ਼ਨ ਦੇ ਸਿਆਸੀ ਪਿੜ ਵਿਚ ਗਾਇਕ ਫਨਕਾਰਾਂ ਦਾ ਦਾਅ ਨਹੀਂ ਲੱਗਿਆ। ਨਵੀਂ ਬਣੀ ਕਾਂਗਰਸ ਸਰਕਾਰ ਦਾ ਵਿਰੋਧੀ ਧਿਰ ਵਿਚ ਕੋਈ ਵੀ ਗਾਇਕ ਫਨਕਾਰ ਜਾਂ ਫਿਲਮੀ ਅਦਾਕਾਰ ਚੋਣ ਜਿੱਤ ਕੇ ਪੰਜਾਬ ਵਿਧਾਨ ਸਭਾ ਵਿਚ ਹਾਜ਼ਰ ਨਾ ਹੋ ਸਕਿਆ, ਜਦਕਿ ਪਿਛਲੀ ਅਕਾਲੀ ਸਰਕਾਰ ਵਿਚ ਵਿਰੋਧੀ ਧਿਰ ਕਾਂਗਰਸ ਵਿਚ ਦੋਗਾਣਾ ਗਾਇਕੀ ਦੇ ਯੁੱਗ ਜਨਾਬ ਮੁਹੰਮਦ ਸਦੀਕ ਰਿਜ਼ਰਵ ਹਲਕਾ ਭਦੌੜ ਤੋਂ ਸਾਬਕਾ ਪ੍ਰਮੁੱਖ ਸਕੱਤਰ ਦਰਬਾਰਾ ਸਿੰਘ ਗੁਰੂ ਨੂੰ ਹਰਾ ਕੇ ਤੁਰਲੇ ਵਾਲੀ ਪੱਗ ਬੰਨ੍ਹ ਕੇ ਆਪਣੇ ਗਾਇਕੀ ਅੰਦਾਜ਼ ਵਿਚ ਵਿਧਾਨ ਸਭਾ ਪੁੱਜੇ ਸਨ।
ਭਾਵੇਂ ਉਨ੍ਹਾਂ ਦੇ ਵਿਧਾਨ ਸਭਾ ‘ਚ ਗਾਉਣ ਨੂੰ ਲੈ ਕੇ ਸਿਆਸੀ ਹਲਚਲ ਹੋਈ ਸੀ ਪਰ ਫਿਰ ਵੀ ਉਹ ਆਪਣੇ ਪੰਜ ਸਾਲ ਵਿਧਾਇਕੀ ਅਹੁਦੇ ਨੂੂੰ ਬਰਕਰਾਰ ਰੱਖਣ ਵਿਚ ਕਾਮਯਾਬ ਹੋਏ ਸਨ। ਜਿੱਥੇ ਉਨ੍ਹਾਂ ਵਿਧਾਨ ਸਭਾ ਵਿਚ ਹਾਜ਼ਰੀ ਜਾਰੀ ਰੱਖੀ, ਉਥੇ ਹੀ ਅਦਾਲਤਾਂ ਦੇ ਵੀ ਪੰਜ ਸਾਲ ਨਿਰੰਤਰ ਚੱਕਰ ਕੱਟਦੇ ਰਹੇ, ਪਰ ਇਸ ਵਾਰ ਉਨ੍ਹਾਂ ਦੀ ਟਿਕਟ ਭਦੌੜ ਤੋਂ ਕੱਟ ਕੇ ਰਿਜ਼ਰਵ ਹਲਕਾ ਜੈਤੋਂ ਕਾਂਗਰਸ ਪਾਰਟੀ ਨੇ ਉਮੀਦਵਾਰ ਐਲਾਨਿਆ ਸੀ, ਜਿੱਥੇ ਉਹ ਆਪਣਾ ਜਿੱਤ ਦਾ ਪਰਚਮ ਲਹਿਰਾਉਣ ਵਿਚ ਅਸਫਲ ਹੋ ਗਏ। ਆਪ ਦੇ ਉਮੀਦਵਾਰ ਬਲਦੇਵ ਸਿੰਘ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਰਹੇ ਮੁਹੰਮਦ ਸਦੀਕ 9993 ਵੋਟਾਂ ‘ਤੇ ਹਾਰ ਗਏ। ਇਸੇ ਤਰ੍ਹਾਂ ਹੀ ਕਾਂਗਰਸ ਪਾਰਟੀ ਵਲੋਂ ਪ੍ਰਸਿੱਧ ਗਾਇਕਾ ਸਤਵਿੰਦਰ ਕੌਰ ਬਿੱਟੀ ਨੂੰ ਹਲਕਾ ਸਾਹਨੇਵਾਲ ਤੋਂ ਟਿਕਟ ਦੇ ਕੇ ਚੋਣ ਪਿੜ ਵਿਚ ਉਤਾਰਿਆ ਗਿਆ ਸੀ ਪਰ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ਼ ਆਗੂ ਸ਼ਰਨਜੀਤ ਸਿੰਘ ਢਿੱਲੋਂ ਤੋਂ 4551 ਵੋਟਾਂ ਨਾਲ ਹਾਰ ਗਏ।
ਉਹ ਪਹਿਲੀ ਵਾਰ ਚੋਣ ਪਿੜ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਸਨ। ਭਾਵੇਂ ਪੂਰੇ ਸੂਬੇ ਵਿਚੋਂ 77 ਹਲਕਿਆਂ ‘ਚੋਂ ਕਾਂਗਰਸ ਨੇ ਚੋਣ ਜਿੱਤੀ, ਪਰ ਹਾਲਕਾ ਸਾਹਨੇਵਾਲ ‘ਤੇ ਖੇਡਿਆ ਗਿਆ ਕਾਂਗਰਸ ਦਾ ਸੈਲੀਬ੍ਰਿਟੀ ਵਾਲਾ ਪੱਤਾ ਵੀ ਇਹ ਸੀਟ ਪਾਰਟੀ ਦੀ ਝੋਲੀ ਨਾ ਪਵਾ ਸਕਿਆ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੀ ਲੋਕਪ੍ਰਿਅਤਾ ਦੇਖਦਿਆਂ ਇੰਟਰਨੈਸ਼ਨਲ ਕਮੇਡੀਅਨ ਗੁਰਪ੍ਰੀਤ ਸਿੰਘ ਘੁੱਗੀ ਨੂੰ ਪਾਰਟੀ ਵਿਚ ਜੁਆਇਨ ਕਰਵਾ ਕੇ ਪਾਰਟੀ ਦਾ ਕਨਵੀਨਰ ਲਾ ਦਿੱਤਾ ਸੀ। ਪਾਰਟੀ ਵਲੋਂ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਬਟਾਲਾ ਤੋਂ ਜਦੋਂ ਉਮੀਦਵਾਰ ਐਲਾਨਿਆ ਗਿਆ ਤਦ ਹੀ ਸਿਆਸੀ ਗਲਿਆਰਿਆਂ ਵਿਚ ਪੰਜਾਬ ਵਿਚ ‘ਆਪ’ ਦੀ ਸਰਕਾਰ ਬਣਨ ‘ਤੇ ਗੁਰਪ੍ਰੀਤ ਸਿੰਘ ਘੁੱਗੀ ਨੂੰ ਮੁੱਖ ਮੰਤਰੀ ਉਮੀਦਵਾਰ ਦਾ ਦਾਅਵੇਦਾਰ ਦੱਸਿਆ ਜਾ ਰਿਹਾ ਸੀ, ਪਰ ਉਹ ਆਪਣੀ ਪਹਿਲੀ ਸਿਆਸੀ ਪਾਰੀ ਵਿਚ ਹੀ ਤਿਲਕ ਗਏ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਲਖਬੀਰ ਸਿੰਘ ਲੋਧੀਨੰਗਲ ਤੋਂ 8215 ਵੋਟਾਂ ‘ਤੇ ਹਾਰ ਕੇ ਤੀਜਾ ਸਥਾਨ ਹਾਸਲ ਕਰ ਸਕੇ। ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਪ੍ਰਸਿੱਧ ਕਾਮੇਡੀਅਨ ਭਗਵੰਤ ਮਾਨ ਦੇ ਵੀ ਮੁਕੱਦਰ ਵਿਚ ਹਾਲੇ ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨਾ ਨਹੀਂ ਲਿਖਿਆ। ਜਿੱਥੇ ਉਹ ਪਹਿਲਾਂ ਹਲਕਾ ਲਹਿਰਾਗਾਗਾ ਤੋਂ ਬੀਬੀ ਰਾਜਿੰਦਰ ਕੌਰ ਭੱਠਲ ਤੋਂ ਚੋਣ ਹਾਰੇ ਸਨ, ਇਸ ਵਾਰ ਵੀ ਉਹ ਹਲਕਾ ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ 18,500 ਵੋਟਾਂ ‘ਤੇ ਹਾਰ ਗਏ ਹਨ। ਭਾਵੇਂ ਉਹ ਲੋਕ ਸਭਾ ਵਿਚ ਹਲਕਾ ਸੰਗਰੂਰ ਤੋਂ ਚੋਣ ਜਿੱਤ ਕੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਦੇ ਮੈਂਬਰ ਹਨ ਪਰ ਉਨ੍ਹਾਂ ਦਾ ਪੰਜਾਬ ਦੇ ਵਿਧਾਇਕ ਬਣਨ ਦਾ ਸੁਪਨਾ ਇਸ ਵਾਰ ਵੀ ਪੂਰਾ ਨਾ ਹੋਇਆ। ਸੋਸ਼ਲ ਮੀਡੀਆ ‘ਤੇ ਭਾਵੇਂ ਉੋਨ੍ਹਾਂ ‘ਆਪ’ ਦੀ ਸਰਕਾਰ ਬਣਨ ‘ਤੇ ਪੰਜਾਬ ਦੇ ਮੁੱਖ ਮੰਤਰੀ ਹੋਣ ਦਾ ਪ੍ਰਚਾਰ ਕੀਤਾ ਜਾ ਰਿਹਾ ਸੀ, ਪਰ ਉਹ ਵਿਧਾਇਕ ਦੀ ਸਹੁੰ ਚੁੱਕਣ ਤੋਂ ਅਸਮਰਥ ਹੋ ਗਏ।

ਖਿਡਾਰੀਆਂ ਦੇ ਸਿਰ ਸਜਿਆ ਤਾਜ
ਪੰਜਾਬ ਵਿਚ ਕਾਂਗਰਸ ਦੀ ਨਵੀਂ ਸਰਕਾਰ ਵਿਚ ਦੋ ਚੋਟੀ ਦੇ ਖਿਡਾਰੀਆਂ ਨੇ ਸਿਆਸੀ ਪਿੜ ਵਿਚ ਮੱਲਾਂ ਮਾਰੀਆਂ ਹਨ। ਇੰਟਰਨੈਸ਼ਨਲ ਪ੍ਰਸਿੱਧ ਕ੍ਰਿਕਟਰ ਨਵਜੋਤ ਸਿੱਧੂ ਨੇ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਹੀ ਆਪਣਾ ਪਾਲਾ ਬਦਲਦਿਆਂ ਭਾਜਪਾ ਤੋਂ ਕਾਂਗਰਸ ਪਾਰਟੀ ਵਿਚ ਧੜੱਲੇਦਾਰ ਸ਼ਿਰਕਤ ਕਰਦਿਆਂ ਪਾਰਟੀ ਵਲੋਂ ਜਿੱਥੇ ਉਹਨਾਂ ਨੂੰ ਸਟਾਰ ਪ੍ਰਚਾਰਕ ਦੇ ਤੌਰ ‘ਤੇ ਸਿਆਸੀ ਸਟੇਜਾਂ ਤੋਂ ਉਤਾਰਿਆ ਗਿਆ, ਉਥੇ ਹੀ ਅੰਮ੍ਰਿਤਸਰ ਪੂਰਬੀ ਤੋਂ ਉਮੀਦਵਾਰ ਐਲਾਨਿਆ ਗਿਆ, ਜਿੱਥੇ ਉਨ੍ਹਾਂ ਨੇ ਭਾਜਪਾ ਦੇ ਉਮੀਦਵਾਰ ਦਾ 42809 ਵੋਟਾਂ ਦੀ ਲੀਡ ਲੈ ਕੇ ਖਾਨਾ ਚਿੱਤ ਕਰ ਦਿੱਤਾ। ਪਾਰਟੀ ਵਲੋਂ ਵੀ ਉਨ੍ਹਾਂ ਨੂੰ ਮਾਣ ਸਨਮਾਨ ਦਿੰਦਿਆਂ ਉਪ ਮੁੱਖ ਮੰਤਰੀ ਦਾ ਅਹੁਦਾ ਦੇ ਕੇ ਨਿਵਾਜਣ ਦੀਆਂ ਚਰਚਾਵਾਂ ਸਿਆਸੀ ਮਾਹਿਰਾਂ ਵਿਚ ਚੱਲ ਰਹੀਆਂ ਹਨ। ਇਸੇ ਤਰ੍ਹਾਂ ਹੀ ਨਵਜੋਤ ਸਿੰਘ ਸਿੱਧੂ ਦੇ ਨੇੜਲੇ ਸਾਥੀ ਤੇ ਹਾਕੀ ਨੈਸ਼ਨਲ ਖਿਡਾਰੀ ਸਾਬਕਾ ਵਿਧਾਇਕ ਪਰਗਟ ਸਿੰਘ ਨੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕਾਂਗਰਸ ਦਾ ਹੱਥ ਫੜ ਲਿਆ ਸੀ ਤਾਂ ਪਾਰਟੀ ਨੇ ਉਸ ਨੂੰ ਜਲੰਧਰ ਛਾਉਣੀ ਤੋਂ ਸਿਆਸੀ ਪਿੜ ਵਿਚ ਉਤਾਰ ਦਿੱਤਾ ਤਾਂ ਉਸ ਨੇ ਅਕਾਲੀ ਦਲ ਦੇ ਉਮੀਦਵਾਰ ਨੂੰ 29124 ਵੋਟਾਂ ‘ਤੇ ਹਰਾ ਕੇ ਜਿੱਤ ਦੇ ਝੰਡੇ ਗੱਡ ਦਿੱਤੇ।

Check Also

ਭਾਜਪਾ ਆਗੂ ਰੌਬਿਨ ਸਾਂਪਲਾ ਆਮ ਆਦਮੀ ਪਾਰਟੀ ’ਚ ਸ਼ਾਮਲ

ਸਾਬਕਾ ਮੰਤਰੀ ਵਿਜੇ ਸਾਂਪਲਾ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਰੌਬਿਨ ਸਾਂਪਲਾ ਜਲੰਧਰ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ …