ਲੱਖਾਂ ਦੀ ਗਿਣਤੀ ਵਿਚ ਸੰਗਤਾਂ ਪਹੁੰਚੀਆਂ ਸ੍ਰੀ ਆਨੰਦਪੁਰ ਸਾਹਿਬ
ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼
ਖਾਲਸਾ ਪੰਥ ਦੇ ਜਨਮ ਸਥਾਨ ਸ੍ਰੀ ਆਨੰਦਪੁਰ ਸਾਹਿਬ ਵਿਖੇ ਸਿੱਖ ਪੰਥ ਦੀ ਚੜ੍ਹਦੀ ਕਲਾ ਅਤੇ ਨਿਆਰੇਪਣ ਦਾ ਪ੍ਰਤੀਕ ਹੋਲਾ ਮਹੱਲਾ ਖ਼ਾਲਸਾਈ ਪ੍ਰੰਪਰਾਵਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੱਢੇ ਗਏ ਵਿਸ਼ਾਲ ਨਗਰ ਕੀਰਤਨ ਅਤੇ ਗੁਰੂ ਦੀਆਂ ਲਾਡਲੀਆਂ ਫੌਜਾਂ ਵੱਲੋਂ ਖੇਡੇ ਗਏ ਮਹੱਲੇ ਦੇ ਨਾਲ ਪੂਰੇ ਖਾਲਸਾਈ ਰੰਗਾਂ ਨਾਲ ਸੰਪੰਨ ਹੋ ਗਿਆ। 8 ਮਾਰਚ ਤੋਂ 10 ਮਾਰਚ ਤੱਕ ਕੀਰਤਪੁਰ ਸਾਹਿਬ ਅਤੇ 11 ਮਾਰਚ ਤੋਂ 13 ਮਾਰਚ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਏ ਗਏ ਮਹੱਲੇ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਗੁਰਦੁਆਰਾ ਸਾਹਿਬ ਵਿੱਚ ਨਤਮਤਸਕ ਹੋਏ।
ਇਸ ਵਾਰ ਸ਼ਰਧਾਲੂਆਂ ਦੇ ਉਤਸ਼ਾਹ ਵਿੱਚ ਪਿਛਲੇ ਸਾਲਾਂ ਦੇ ਮੁਕਾਬਲੇ ਰਿਕਾਰਡ ਵਾਧਾ ਦਰਜ ਕੀਤਾ ਗਿਆ। ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਅੰਤਿਮ ਦਿਨ ਸਵੇਰੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਗੁਰਦੁਆਰਿਆਂ ਵਿਖੇ 11 ਮਾਰਚ ਤੋਂ ਅਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਤੇ ਪੰਥ ਦੀ ਚੜ੍ਹਦੀਕਲਾ ਦੀ ਅਰਦਾਸ ਕੀਤੀ ਗਈ। ਅਰਦਾਸ ਕਰਨ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਂ ਪਿਆਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਰਵਾਨਾ ਕੀਤਾ ਗਿਆ ਜੋ ਬਾਅਦ ਵਿੱਚ ਕਿਲ੍ਹਾ ਅਨੰਦਗੜ੍ਹ ਸਾਹਿਬ, ਨਵੀਂ ਅਬਾਦੀ , ਵੇਰਕਾ ਚੌਂਕ ਤੇ ਬੱਸ ਅੱਡੇ ਆਦਿ ਤੋਂ ਹੁੰਦਾ ਹੋਇਆ ਆਪਣੇ ਅੰਤਿਮ ਪੜਾਅ ਵੱਲ ਵੱਧ ਗਿਆ।
ਸਮਾਜਿਕ ਕੁਰੀਤੀਆਂ ਤੋਂ ਬਚਣ ਦੀ ਅਪੀਲ : ਗਿਆਨੀ ਗੁਰਬਚਨ ਸਿੰਘ
ਸ੍ਰੀ ਅਕਾਲ ਤਖਤ ઠਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕੌਮ ਦੇ ਨਾਮ ਸੰਦੇਸ਼ ਜਾਰੀ ਕਰਦੇ ਹੋਏ ਸਮਾਜਿਕ ਕੁਰੀਤੀਆਂ ਤੋਂ ਬਚਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹੋਲੇ ਮਹੱਲੇ ਤੋਂ ਦੋ ਮਹੀਨੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਪੰਥਕ ਜਥੇਬੰਦੀਆਂ ਤੇ ਗੱਤਕਾ ਫੈਡਰੇਸ਼ਨਾਂ ਵੱਲੋਂ ਵਿਸ਼ਵ ਭਰ ਦੇ ਵਿੱਚ ਨੌਜੁਆਨਾਂ ਨੂੰ ਗੁਰੂ ਸਾਹਿਬ ਵੱਲੋਂ ਬਖਸ਼ੀ ਗੱਤਕੇ ਦੀ ਖੇਡ ਤੇ ਹੋਰ ਵਿਰਾਸਤ ਵਿਚ ਮਿਲੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਜਾਣ ਅਤੇ ਮੁੱਖ ਮੁਕਾਬਲੇ ਹੋਲੇ ਮਹੱਲੇ ਮੌਕੇ ਹੋਣ। ਇਸ ਨਗਰ ਕੀਰਤਨ ਤੋਂ ਪਹਿਲਾਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਨਿਹੰਗ ਸਿੰਘਾਂ ਦੀ ਸਿਰਮੌਰ ਜਥੇਬੰਦੀ ਬਾਬਾ ਬੁੱਢਾ ਦਲ ਦੇ ਮੁੱਖੀ ਬਾਬਾ ਬਲਵੀਰ ਸਿੰਘ 96ਵੇਂ ਕਰੋੜੀ ਦੀ ਅਗਵਾਈ ਵਿੱਚ ਵਿਸ਼ਾਲ ਮਹੱਲਾ ਕੱਢਿਆ ਗਿਆ। ਜਿਸ ਵਿੱਚ ਬਾਬਾ ਨਾਗਰ ਸਿੰਘ ਹਰੀਆਂ ਵੇਲਾਂ ਵਾਲੇ, ਬਾਬਾ ਅਵਤਾਰ ਸਿੰਘ, ਤਰਸੇਮ ਸਿੰਘ ਮੋਰਾਂਵਾਲੀ ਸਹਿਤ ਸੈਂਕੜਿਆਂ ਦੀ ਗਿਣਤੀ ਵਿੱਚ ਘੋੜਸਵਾਰ, ਹਾਥੀਆਂ ‘ਤੇ ਸਵਾਰ ਨਿਹੰਗ ਸਿੰਘ ਪੂਰੇ ਖਾਲਸਾਈ ਜਾਹੋ ਜਲ਼ਾਲ਼ ਦੇ ਨਾਲ ਖਾਲਸਾਈ ਰੰਗ ਵਿੱਚ ਰੰਗੇ ਨਜ਼ਰ ਆਏ। ਉਨ੍ਹਾਂ ਚਰਨਗੰਗਾ ਸਟੇਡੀਅਮ ਵਿੱਚ ਮੌਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੂੰ ਆਪਣੇ ਜੰਗਜੂ ਕਰਤੱਬਾਂ ਨਾਲ ਨਿਹਾਲ ਕੀਤਾ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …