Breaking News
Home / ਪੰਜਾਬ / ਭਗਵੰਤ ਮਾਨ ਵਲੋਂ ਆਮ ਆਦਮੀ ਪਾਰਟੀ ਦਾ ਪੰਜਾਬ ਯੂਨਿਟ ਭੰਗ

ਭਗਵੰਤ ਮਾਨ ਵਲੋਂ ਆਮ ਆਦਮੀ ਪਾਰਟੀ ਦਾ ਪੰਜਾਬ ਯੂਨਿਟ ਭੰਗ

ਕਿਹਾ, ਪਾਰਟੀ ਨੂੰ ਮਜ਼ਬੂਤ ਕਰਨ ਲਈ ਦੁਬਾਰਾ ਸਾਰੇ ਵਿੰਗ ਬਣਾਵਾਂਗੇ
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਨਵ-ਨਿਯੁਕਤ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਿੱਲੀ ਦੀ ਲੀਡਰਸ਼ਿਪ ਵੱਲੋਂ ਸੂਬੇ ਦੇ ਬਣਾਏ ਜਥੇਬੰਦਕ ਢਾਂਚੇ ਨੂੰ ਭੰਗ ਕਰਕੇ ਇੱਕ ਮਹੀਨੇ ਵਿੱਚ ਪੰਜਾਬ ਦੀ ਨਵੀਂ ਬਾਡੀ ਬਣਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਵਿਰੋਧੀ ਧਿਰ ਦੇ ਆਗੂ ਐਚ.ਐਸ. ਫੂਲਕਾ, ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਉਪ ਪ੍ਰਧਾਨ ਅਮਨ ਅਰੋੜਾ ਅਤੇ ਵਿਧਾਇਕ ਸੁਖਪਾਲ ਖਹਿਰਾ ਨਾਲ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਨਾਲ ਮੀਟਿੰਗਾਂ ਤੋਂ ਬਾਅਦ ਪੰਜਾਬ ਇਕਾਈ ਭੰਗ ਕਰਨ ਦਾ ਐਲਾਨ ਕੀਤਾ। ਪਾਰਟੀ ਦੀ ਮੁੱਖ ਲੀਡਰਸ਼ਿਪ ਨੇ ਅਣਕਿਆਸੀ ਹਾਰ ਤੋਂ ਬਾਅਦ ਪਹਿਲੀ ਵਾਰ ਇਕੱਠਿਆਂ ਮੀਡੀਆ ਅੱਗੇ ਆ ਕੇ ਪਾਰਟੀ ਵਿੱਚ ਸਭ ਕੁਝ ਠੀਕ ਹੋਣ ਦਾ ਸੰਕੇਤ ਦੇਣ ਦਾ ਯਤਨ ਕੀਤਾ। ਮਾਨ ਨੇ ਪ੍ਰਮੁੱਖ ਲੀਡਰਾਂ ਸਮੇਤ ਦਾਅਵਾ ਕੀਤਾ ਕਿ ਪਾਰਟੀ ਵਿੱਚ ਸਭ ਠੀਕ-ਠਾਕ ਹੈ। ਉਨ੍ਹਾਂ ਕਿਹਾ ਕਿ ਲੀਡਰਸ਼ਿਪ ਨੇ ਮੁੜ ਆਪਣੇ-ਆਪ ਨੂੰ ਲਾਮਬੰਦ ਕਰਨ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਸਮੁੱਚੀ ਲੀਡਰਸ਼ਿਪ ਨਾਲ ਹਾਰ ਦਾ ਆਤਮ ਮੰਥਨ ਕੀਤਾ ਹੈ ਅਤੇ ਉਹ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਵੀ ਸ਼ੁਰੂ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ, ਕਾਂਗਰਸ ਅਤੇ ਅਕਾਲੀ ਦਲ ਦੇ ਕੂੜ ਪ੍ਰਚਾਰ ਨਾਲ ਪੰਜਾਬ ਜਾਂ ਦਿੱਲੀ ਦੀਆਂ ਪਾਰਟੀ ਇਕਾਈਆਂ ਉਪਰ ਕੋਈ ਅਸਰ ਨਹੀਂ ਹੈ ਅਤੇ ਉਹ ਸੂਬੇ ਵਿੱਚ ਹੋ ਰਹੀਆਂ ਨਗਰ ਨਿਗਮ ਚੋਣਾਂ ਸਮੇਤ 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਪੂਰੇ ਜ਼ੋਰ ਨਾਲ ਨਿੱਤਰਨਗੇ। ਉਹ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਵੀ ਲੜਨਗੇ। ਉਨ੍ਹਾਂ ਕਿਹਾ ਕਿ ਲੋਕਾਂ ਨੇ ‘ਆਪ’ ਨੂੰ ਸਮਰਥਨ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਸਾਡੇ (ਲੀਡਰਾਂ) ਵਿੱਚ ਹੀ ਕੁਝ ਖਾਮੀਆਂ ਰਹਿ ਗਈਆਂ ਸਨ। ਹੁਣ ਫੂਲਕਾ ਵਿਧਾਨ ਸਭਾ ਅਤੇ ਉਹ ਸਮੁੱਚੀ ਲੀਡਰਸ਼ਿਪ ਸਮੇਤ ਪੰਜਾਬ ਵਿੱਚ ਕੈਪਟਨ ਸਰਕਾਰ ਦੇ ਫੋਕੇ ਵਾਅਦਿਆਂ ਵਿਰੁੱਧ ਆਵਾਜ਼ ਬੁਲੰਦ ਕਰਨਗੇ। ਮਾਨ, ਫੂਲਕਾ, ਅਰੋੜਾ, ਸਾਧੂ ਸਿੰਘ ਅਤੇ ਖਹਿਰਾ ਨੇ ਸਾਰਾ ਦਿਨ ਪੰਜਾਬ ਦੇ 13 ਲੋਕ ਸਭਾ ਹਲਕਿਆਂ ਦੇ ਜ਼ੋਨਾਂ ਦੀ ਸਮੁੱਚੀ ਲੀਡਰਸ਼ਿਪ, ਵਿਧਾਇਕਾਂ, ਚੋਣ ਹਾਰੇ ਉਮੀਦਵਾਰਾਂ ਅਤੇ ਵੱਖ-ਵੱਖ ਵਿੰਗਾਂ ਦੇ ਮੁਖੀਆਂ ਨਾਲ ਮੀਟਿੰਗਾਂ ਕਰਨ ਉਪਰੰਤ ਦਾਅਵਾ ਕੀਤਾ ਕਿ ਸੂਬੇ ਵਿੱਚ ਮੁੜ ਝਾੜੂ ਦਾ ਬੋਲਬਾਲਾ ਕਾਇਮ ਕੀਤਾ ਜਾਵੇਗਾ। ਇਸ ਮੌਕੇ ਖਹਿਰਾ ਨੇ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਉਹ ਕੇਂਦਰੀ ਲੀਡਰਸ਼ਿਪ ਵੱਲੋਂ ਪੰਜਾਬ ਦਾ ਪ੍ਰਧਾਨ ਬਣਾਉਣ ਲਈ ਅਪਣਾਈ ਨੀਤੀ ਦੇ ਵਿਰੁੱਧ ਹਨ ਪਰ ਭਗਵੰਤ ਮਾਨ ਨਾਲ ਉਨ੍ਹਾਂ ਦਾ ਕੋਈ ਨਿੱਜੀ ਮਤਭੇਦ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਦੇ ਬੁਲਾਰੇ ਅਤੇ ਵਿਧਾਇਕ ਦਲ ਦੇ ਚੀਫ਼ ਵਿਪ੍ਹ ਦੇ ਅਹੁਦੇ ਤੋਂ ਉਨ੍ਹਾਂ ਵੱਲੋਂ ਦਿੱਤੇ ਅਸਤੀਫ਼ੇ ਅੱਜ ਵੀ ਬਰਕਰਾਰ ਹਨ। ਪਾਰਟੀ ਦੇ ਨਵ-ਨਿਯੁਕਤ ਸਹਿ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਉਹ 18 ਮਈ ਤੋਂ ਪੰਜਾਬ ਦਾ ਦੌਰਾ ਸ਼ੁਰੂ ਕਰਨਗੇ ਅਤੇ ਇੱਕ ਮਹੀਨੇ ਵਿੱਚ ਪੰਜਾਬ ਇਕਾਈ ਦਾ ਗਠਨ ਕਰ ਦਿੱਤਾ ਜਾਵੇਗਾ।
ਪੰਜਾਬ ਦੇ ਹਰ ਵਿਧਾਇਕ ਨੂੰ ਦਿੱਲੀ ਦੀ ਤਰਜ਼ ‘ਤੇ ਹਰ ਸਾਲ 3 ਕਰੋੜ ਰੁਪਏ ਮਿਲਣ
ਚੰਡੀਗੜ੍ਹ : ਐਚ ਐਸ ਫੂਲਕਾ ਨੇ ਕਿਹਾ ਕਿ “ਦਿੱਲੀ ਦੀ ਤਰਜ਼ ‘ਤੇ ਪੰਜਾਬ ਦੇ ਹਰ ਵਿਧਾਇਕ ਨੂੰ ਪ੍ਰਤੀ ਸਾਲ 3 ਕਰੋੜ ਰੁਪਏ ਮਿਲਣੇ ਚਾਹੀਦੇ ਹਨ ਤਾਂ ਕਿ ਉਹ ਆਪਣੇ ਹਲਕੇ ਦਾ ਵਿਕਾਸ ਕਰਵਾ ਸਕੇ। ਅਸੀਂ ਇਸ ਸਬੰਧੀ ਵਿਧਾਨ ਸਭਾ ਵਿਚ ਪ੍ਰਾਈਵੇਟ ਬਿੱਲ ਵੀ ਲੈ ਕੇ ਆਵਾਂਗੇ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਕੇਜਰੀਵਾਲ ਸਰਕਾਰ ਹਰ ਪਾਰਟੀ ਦੇ ਵਿਧਾਇਕ ਨੂੰ ਚਾਰ ਕਰੋੜ ਰੁਪਇਆ ਦਿੰਦੀ ਹੈ ਤੇ ਅੱਗੇ ਇਸ ਨੂੰ 14 ਕਰੋੜ ਕਰਨ ਦੀ ਤਜ਼ਵੀਜ ਹੈ।

Check Also

ਕੰਗਣਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦਾ ਡਟਵਾਂ ਵਿਰੋਧ

ਐਸਜੀਪੀਸੀ ਵਲੋਂ ਸਿਨੇਮਾ ਘਰਾਂ ਦੇ ਬਾਹਰ ਕੀਤੇ ਗਏ ਰੋਸ ਪ੍ਰਦਰਸ਼ਨ ਅੰਮਿ੍ਰਤਸਰ/ਬਿਊਰੋ ਨਿਊਜ਼ ਭਾਜਪਾ ਦੀ ਸੰਸਦ …