ਜਲੰਧਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸਾਬਕਾ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਆਉਣ ਵਾਲੇ ਦਿਨਾਂ ਵਿਚ ਕਿਹੜੀ ਸਿਆਸੀ ਪਾਰਟੀ ਵਿਚ ਜਾਣਗੇ ਅਤੇ ਕੀ ਉਹ ਆਪਣਾ ਸਿਆਸੀ ਜੀਵਨ ਅੱਗੇ ਜਾਰੀ ਰੱਖਣਗੇ। ਅਜਿਹੇ ਸਵਾਲਾਂ ਬਾਰੇ ਗੁਰਪ੍ਰੀਤ ਸਿੰਘ ਘੁੱਗੀ ਦਾ ਕਹਿਣਾ ਹੈ ਕਿ ਉਹ ਸਿਆਸਤ ਵਿਚ ਨਹੀਂ ਆਉਣਾ ਚਾਹੁੰਦੇ ਸਨ ਪਰ ਆਮ ਆਦਮੀ ਪਾਰਟੀ ਧੱਕੇ ਨਾਲ ਉਨ੍ਹਾਂ ਨੂੰ ਸਿਆਸਤ ਵਿਚ ਲਿਆਈ, ਫਿਰ ਉਨ੍ਹਾਂ ਦੀ ਫਿਲਮੀ ਇਮੇਜ ਦਾ ਇਸਤੇਮਾਲ ਕੀਤਾ ਅਤੇ ਨਾ ਚਾਹੁੰਦੇ ਹੋਏ ਵੀ ਉਨ੍ਹਾਂ ਨੂੰ ਕਨਵੀਨਰ ਬਣਾਇਆ ਪਰ ਬਾਅਦ ਵਿਚ ਕੰਮ ਨਿਕਲ ਜਾਣ ‘ਤੇ ਆਮ ਆਦਮੀ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਦਾ ਫਿਲਮੀ ਕਰੀਅਰ ਅਤੇ ਇਮੇਜ ਖਰਾਬ ਕਰ ਦਿੱਤੀ।ઠਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਉਹ ਸਿਆਸਤ ਵਿਚ ਰਹਿਣਗੇ ਜਾਂ ਨਹੀਂ, ਇਸ ਗੱਲ ਦਾ ਫੈਸਲਾ ਉਹ ਜਲਦੀ ਹੀ ਲੈਣਗੇ।
ਉਨ੍ਹਾਂ ਨਵਜੋਤ ਸਿੰਘ ਸਿੱਧੂ ਵਲੋਂ ਕਾਂਗਰਸ ਵਿਚ ਆਉਣ ਦੇ ਸੱਦੇ ‘ਤੇ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਧੂ ਇਕ ਈਮਾਨਦਾਰ ਆਗੂ ਹਨ ਅਤੇ ਉਨ੍ਹਾਂ ਦਾ ਅਕਸ ਲੋਕਾਂ ਵਿਚ ਚੰਗਾ ਹੈ ਪਰ ਅਜੇ ਘੁੱਗੀ ਕਾਂਗਰਸ ਵਿਚ ਜਾਣਗੇ ਜਾਂ ਨਹੀਂ, ਉਨ੍ਹਾਂ ਨੇ ਇਹ ਪੱਤਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ। ਘੁੱਗੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਉਨ੍ਹਾਂ ਤੋਂ ਪੰਜਾਬ ਦੇ ਹੱਕਾਂ ਦੀ ਆਵਾਜ਼ ਉਠਾਉਣ ਦਾ ਬਦਲਾ ਲਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਫਰਜ਼ੀ ਚੋਣ ਪ੍ਰਕਿਰਿਆ ਕਰਕੇ ਮੇਰਾ ਕਨਵੀਨਰ ਦਾ ਅਹੁਦਾ ਵਾਪਸ ਲੈ ਲਿਆ। ਕੇਜਰੀਵਾਲ ਚਾਹੁੰਦੇ ਹਨ ਕਿ ਪਾਰਟੀ ਵਿਚ ਸਾਰੇ ਯੈੱਸਮੈਨ ਹੋਣ ਅਤੇ ਜੋ ਆਪਣੇ ਹੱਕ ਦੀ ਆਵਾਜ਼ ਚੁੱਕੇਗਾ, ਉਹ ਪਾਰਟੀ ਤੋਂ ਬਾਹਰ ਹੋਵੇਗਾ। ਉਨ੍ਹਾਂ ਕਿਹਾ ਕਿ ਨਿਗਮ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿਚ ਕਈ ਧਮਾਕੇ ਹੋਣਗੇ, ਜੋ ਪਾਰਟੀ ਦੀ ਅਸਲ ਸੱਚਾਈ ਨੂੰ ਸਾਹਮਣੇ ਲਿਆਉਣਗੇ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …