ਕਿਹਾ : ਹੋ ਸਕਦਾ ਹੈ ਕਿ ਮੇਰੀ ਕਾਰਗੁਜ਼ਾਰੀ ‘ਚ ਕੋਈ ਕਮੀ ਹੋਵੇ
ਚੰਡੀਗੜ੍ਹ/ਬਿਊਰੋ ਨਿਊਜ਼ : ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਆਪਣੀ ਕੈਬਨਿਟ ਦੀ ਚੋਣ ਕਰ ਲਈ ਹੈ, ਜਿਸ ਵਿਚ 10 ਨਵੇਂ ਕੈਬਨਿਟ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰੰਤੂ ਨਵੀਂ ਬਣੀ ਕੈਬਨਿਟ ਵਿਚ ਅਮਨ ਅਰੋੜਾ, ਬਲਜਿੰਦਰ ਕੌਰ, ਸਰਬਜੀਤ ਕੌਰ ਮਾਣੂਕੇ, ਕੁਲਵੰਤ ਪੰਡੋਰੀ, ਪ੍ਰਿੰਸੀਪਲ ਬੁੱਧਰਾਮ ਧੀਮਾਨ ਨੂੰ ਜਗ੍ਹਾ ਨਹੀਂ ਦਿੱਤੀ ਗਈ। ਇਸ ‘ਤੇ ਬੋਲਦਿਆਂ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਹੋ ਸਕਦਾ ਹੈ ਕਿ ਮੇਰੀ ਕਾਰਗੁਜ਼ਾਰੀ ਵਿਚ ਕੋਈ ਕਮੀ ਹੋਵੇਗੀ, ਜਿਸ ਕਰਕੇ ਕੈਬਨਿਟ ਵਿਚ ਜਗ੍ਹਾ ਨਹੀਂ ਮਿਲੀ, ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਪਾਰਟੀ ਦਾ ਸਭ ਤੋਂ ਛੋਟਾ ਤੇ ਨਿਮਾਣਾ ਵਰਕਰ ਹਾਂ ਅਤੇ ਮੈਂ ਅਹੁਦਿਆਂ ਦੀ ਦੌੜ ਵਿਚ ਵਿਸ਼ਵਾਸ ਨਹੀਂ ਰੱਖਦਾ। ਦੂਜੇ ਪਾਸੇ ਤਲਵੰਡੀ ਸਾਬੋ ਤੋਂ ਵਿਧਾਇਕ ਬੀਬੀ ਬਲਜਿੰਦਰ ਕੌਰ ਨੇ ਕਿਹਾ ਕਿ ਪਾਰਟੀ ਦਾ ਹਰ ਫੈਸਲਾ ਉਨ੍ਹਾਂ ਨੂੰ ਮਨਜ਼ੂਰ ਹੈ ਅਤੇ ਉਹ ਹਰ ਸਮੇਂ ਪਾਰਟੀ ਦੇ ਨਾਲ ਖੜ੍ਹੇ ਹਨ। ਅੱਜ ਚੁਣੀ ਗਈ ਨਵੀਂ ਕੈਬਨਿਟ ਵਿਚ ਦੋ ਵਾਰ ਜਿੱਤੇ ਵਿਧਾਇਕਾਂ ਵਿਚੋਂ ਸਿਰਫ਼ ਹਰਪਾਲ ਚੀਮਾ ਅਤੇ ਮੀਤ ਨੂੰ ਜਗ੍ਹਾ ਦਿੱਤੀ ਗਈ ਜਦਕਿ ਪਹਿਲੀ ਵਾਰ ਜਿੱਤੇ 8 ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ ਹੈ।