5.2 C
Toronto
Friday, October 31, 2025
spot_img
Homeਪੰਜਾਬਡਾ. ਲਖਵਿੰਦਰ ਸਿੰਘ ਜੌਹਲ ਸਰਬਸੰਮਤੀ ਨਾਲ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਬਣੇ

ਡਾ. ਲਖਵਿੰਦਰ ਸਿੰਘ ਜੌਹਲ ਸਰਬਸੰਮਤੀ ਨਾਲ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਬਣੇ

ਲੁਧਿਆਣਾ/ਬਿਊਰੋ ਨਿਊਜ਼ : ਪੰਜਾਬੀ ਸਾਹਿਤ ਅਕਾਦਮੀ ਦੀਆਂ ਦੋ-ਸਾਲਾ (2022-2024) ਚੋਣਾਂ ਭਾਵੇਂ 30 ਜਨਵਰੀ ਨੂੰ ਹੋਣੀਆਂ ਹਨ ਪਰ ਡਾ. ਲਖਵਿੰਦਰ ਸਿੰਘ ਜੌਹਲ ਬਿਨਾਂ ਮੁਕਾਬਲਾ ਸਰਬਸੰਮਤੀ ਨਾਲ ਅਕਾਦਮੀ ਦੇ ਪ੍ਰਧਾਨ ਬਣ ਗਏ ਹਨ। ਹੁਣ ਸੀਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦਿਆਂ ਲਈ ਸਖਤ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਮੌਜੂਦਾ ਸਮੇਂ ‘ਚ ਵੱਖ-ਵੱਖ ਅਹੁਦਿਆਂ ਲਈ 25 ਉਮੀਦਵਾਰ ਮੈਦਾਨ ਵਿੱਚ ਹਨ। ਡਾ. ਜੌਹਲ ਦੇ ਵਿਰੁੱਧ ਖੜ੍ਹੇ ਸਾਰੇ ਹੀ ਉਮੀਦਵਾਰਾਂ ਵੱਲੋਂ ਆਪਣੇ ਕਾਗਜ਼ ਵਾਪਸ ਲੈਣ ਤੋਂ ਬਾਅਦ ਉਨ੍ਹਾਂ ਨੂੰ ਸਰਬਸੰਮਤੀ ਨਾਲ ਅਕਾਦਮੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਹੁਣ 30 ਜਨਵਰੀ ਨੂੰ ਮੁੱਖ ਮੁਕਾਬਲਾ ਸੀਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਡਾ. ਸੁਰਜੀਤ ਸਿੰਘ ਤੇ ਡਾ.ਸ਼ਿਆਮ ਸੁੰਦਰ ਦੀਪਤੀ ਅਤੇ ਜਨਰਲ ਸਕੱਤਰ ਲਈ ਡਾ.ਗੁਲਜ਼ਾਰ ਸਿੰਘ ਪੰਧੇਰ ਤੇ ਡਾ. ਗੁਰਇਕਬਾਲ ਸਿੰਘ ਵਿਚਕਾਰ ਹੋਵੇਗਾ। ਅਕਾਦਮੀ ਵਿੱਚ ਪ੍ਰਧਾਨ ਤੋਂ ਬਾਅਦ ਇਨ੍ਹਾਂ ਦੋਵੇਂ ਅਹੁਦਿਆਂ ਦੀ ਬਹੁਤ ਅਹਿਮੀਅਤ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਪੰਜ ਮੀਤ ਪ੍ਰਧਾਨਾਂ ਵਿੱਚੋਂ ਪੰਜਾਬ ਦੇ ਬਾਹਰ ਦੇ ਇਕੱਲੇ ਉਮੀਦਵਾਰ ਹੋਣ ਕਰਕੇ ਡਾ. ਹਰਵਿੰਦਰ ਸਿੰਘ ਸਿਰਸਾ ਬਿਨਾਂ ਮੁਕਾਬਲਾ ਮੀਤ ਪ੍ਰਧਾਨ ਬਣ ਗਏ ਹਨ, ਜਦਕਿ ਹੁਣ ਡਾ.ਗੁਰਮੀਤ ਕੱਲਰਮਾਜਰੀ, ਸੁਖਦਰਸ਼ਨ ਗਰਗ, ਭਗਵੰਤ ਰਸੂਲਪੁਰੀ, ਸਹਿਜਪ੍ਰੀਤ ਸਿੰਘ ਮਾਂਗਟ, ਤ੍ਰੈਲੋਚਨ ਲੋਚੀ, ਸਿਮਰਤ ਸੁਮੈਰਾ, ਡਾ.ਭਗਵੰਤ ਸਿੰਘ ਆਦਿ ਸੱਤ ਮੈਂਬਰਾਂ ਵਿੱਚੋਂ ਚਾਰ ਮੀਤ ਪ੍ਰਧਾਨ ਚੁਣੇ ਜਾਣੇ ਹਨ।
ਪ੍ਰਬੰਧਕੀ ਬੋਰਡ ਦੇ ਕੁੱਲ ਪੰਦਰਾਂ ਮੈਂਬਰ ਚੁਣੇ ਜਾਣੇ ਹਨ, ਜਿਨ੍ਹਾਂ ਵਿੱਚ ਦੋ ਮਹਿਲਾ ਮੈਂਬਰ-ਇੰਦਰਾ ਵਿਰਕ ਅਤੇ ਪਰਮਜੀਤ ਕੌਰ ਮਹਿਕ ਬਿਨਾਂ ਮੁਕਾਬਲਾ ਜੇਤੂ ਹਨ। ਇੱਕ ਮੈਂਬਰ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਤੋਂ ਬਲਜੀਤ ਸਿੰਘ ਰੈਣਾਂ ਅਤੇ ਬਾਕੀ ਭਾਰਤ ਵਿੱਚੋਂ ਅਸ਼ੋਕ ਵਸ਼ਿਸ਼ਟ ਬਿਨਾਂ ਮੁਕਾਬਲਾ ਜੇਤੂ ਹਨ। ਇਸ ਤਰ੍ਹਾਂ ਗਿਆਰਾਂ ਮੈਂਬਰ ਹੋਰ ਚੁਣੇ ਜਾਣੇ ਹਨ, ਜਿਨ੍ਹਾਂ ਵਿੱਚ ਹਰਦੀਪ ਢਿੱਲੋਂ, ਜਸਵੀਰ ਝੱਜ, ਕਰਮ ਸਿੰਘ ਜ਼ਖ਼ਮੀ, ਹਰਬੰਸ ਮਾਲਵਾ, ਸੰਤੋਖ ਸਿੰਘ ਸੁੱਖੀ, ਡਾ. ਗੁਰਮੇਲ ਸਿੰਘ, ਕੇ. ਸਾਧੂ ਸਿੰਘ, ਰੋਜ਼ੀ ਸਿੰਘ, ਬਲਵਿੰਦਰ ਸਿੰਘ, ਗੁਰਸੇਵਕ ਸਿੰਘ ਢਿੱਲੋਂ, ਬਲਦੇਵ ਸਿੰਘ ਝੱਜ ਅਤੇ ਪਰਮਜੀਤ ਸਿੰਘ ਮਾਨ ਸਮੇਤ ਬਾਰਾਂ ਮੈਂਬਰ ਚੋਣ ਮੈਦਾਨ ਵਿੱਚ ਹਨ। ਮੁੱਖ ਚੋਣ ਅਧਿਕਾਰੀ ਡਾ. ਕੁਲਦੀਪ ਸਿੰਘ ਅਤੇ ਸਹਾਇਕ ਚੋਣ ਅਧਿਕਾਰੀ ਹਕੀਕਤ ਸਿੰਘ ਮਾਂਗਟ ਨੇ ਦੱਸਿਆ ਕਿ ਇਹ ਚੋਣਾਂ 30 ਜਨਵਰੀ ਨੂੰ ਪੰਜਾਬੀ ਭਵਨ ਲੁਧਿਆਣਾ ਵਿੱਚ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਹੋਣਗੀਆਂ।

RELATED ARTICLES
POPULAR POSTS