ਸਿੱਧੂ ਨੇ ‘ਆਪ’ ਵਲੋਂ ਪੇਸ਼ ਕੀਤੇ ਅੰਕੜੇ ਨੂੰ ਦੱਸਿਆ ਘੁਟਾਲਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ‘ਆਪ’ ਵੱਲੋਂ ਪੇਸ਼ ਕੀਤੇ ਅੰਕੜੇ ਨੂੰ ਇੱਕ ਵੱਡਾ ਘੁਟਾਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਉਹ ‘ਆਪ’ ਆਗੂਆਂ ਦੇ ਮਖੌਟੇ ਨੂੰ ਉਤਾਰ ਦੇਣਗੇ ਕਿਉਂਕਿ ‘ਆਪ’ ਦਾ ਮੁੱਖ ਮੰਤਰੀ ਚਿਹਰੇ ਵਾਲਾ ਸਰਵੇ ਇੱਕ ਸਕੈਂਡਲ ਹੈ। ਸਿੱਧੂ ਨੇ ਕਿਹਾ ਕਿ ਚਾਰ ਦਿਨਾਂ ਵਿਚ 21 ਲੱਖ ਫੋਨ ਆਉਣੇ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹਨ। ਉਨ੍ਹਾਂ ਕਿਹਾ ਕਿ ‘ਆਪ’ ਨੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ਼ ਬਣਾਇਆ ਗਿਆ ਹੈ ਜਿਸ ਦੇ ਬਦਲੇ ਵਿਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਸਿੱਧੂ ਨੇ ਕਿਹਾ ਕਿ ‘ਆਪ’ ਵੱਲੋਂ ਜੋ 21 ਲੱਖ ਦਾ ਅੰਕੜਾ ਪੇਸ਼ ਕੀਤਾ ਗਿਆ ਹੈ, ਉਹ ਤਾਂ ਕੰਪਿਊਟਰ ਵੀ ਐਨੀ ਛੇਤੀ ਨਹੀਂ ਦਿਖਾ ਸਕਦਾ ਹੈ। ਉਹ ਇਸ ਬਾਰੇ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਵੀ ਭੇਜ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਵੱਲੋਂ ਝੂਠੀ ਪ੍ਰਚਾਰ ਮੁਹਿੰਮ ਚਲਾਈ ਗਈ ਅਤੇ ਇਸ ਤਰ੍ਹਾਂ ਦੀ ਧੋਖਾਧੜੀ ਕਰਕੇ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪ੍ਰਚਾਰ ਕਰਨ ਦੀ ਇਹ ਵਿਧੀ ਚੋਣ ਜ਼ਾਬਤੇ ਦੀ ਪੂਰੀ ਤਰ੍ਹਾਂ ਉਲੰਘਣਾ ਹੈ ਅਤੇ ਚੋਣ ਕਮਿਸ਼ਨ ਨੂੰ ਇਸ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ‘ਆਪ’ ਨੇ ਝੂਠੀ ਪ੍ਰਚਾਰ ਮੁਹਿੰਮ ਖੜ੍ਹੀ ਕਰਕੇ ਇੱਕ ਹਾਈਬ੍ਰਿਡ ਮਾਡਲ ਤਿਆਰ ਕੀਤਾ ਹੈ ਅਤੇ ਇਸ ਵਾਸਤੇ ਮਾਰਕੀਟਿੰਗ ਬਜਟ ਰੱਖਿਆ ਗਿਆ। ਨਵਜੋਤ ਸਿੱਧੂ ਨੇ ਅਰਵਿੰਦ ਕੇਜਰੀਵਾਲ ਨੂੰ ਝੂਠਾ ਮੌਸਮੀ ਲੀਡਰ ਦੱਸਿਆ ਅਤੇ ਕਿਹਾ ਕਿ ਪਰਵਾਸੀ ਭਾਰਤੀਆਂ ਨੂੰ ਵੀ ਕੇਜਰੀਵਾਲ ਨੇ ਧੋਖਾ ਦਿੱਤਾ ਹੈ, ਜਿਨ੍ਹਾਂ ਦਾ ਪੈਸਾ ਨਿੱਜੀ ਲਾਭਾਂ ਅਤੇ ਏਜੰਡੇ ਲਈ ਵਰਤਿਆ ਗਿਆ ਹੈ। ਸਿੱਧੂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੇਤਨ ਰਹਿਣ ਅਤੇ ‘ਆਪ’ ਦੀ ਬੁਰੀ ਨੀਅਤ ਅਤੇ ਝੂਠੀਆਂ ਪ੍ਰਚਾਰ ਮੁਹਿੰਮਾਂ ਦੇ ਝਾਂਸੇ ਵਿਚ ਨਾ ਆਉਣ।
ਐਨਆਰਆਈਜ਼ ਲਈ ਤਿਆਰ ਹੋਵੇਗਾ ਵਿਸ਼ੇਸ਼ ਮੈਨੀਫੈਸਟੋ : ਸਿੱਧੂ
ਚੰਡੀਗੜ੍ਹ : ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਕਾਂਗਰਸ ਵੱਲੋਂ ਐਨਆਰਆਈਜ਼ ਲਈ ਵਿਸ਼ੇਸ਼ ਮੈਨੀਫੈਸਟੋ ਤਿਆਰ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਦੇ ਮਸਲਿਆਂ ਨੂੰ ਤਰਜੀਹੀ ਆਧਾਰ ‘ਤੇ ਨਜਿੱਠਿਆ ਜਾ ਸਕੇ। ਓਵਰਸੀਜ਼ ਇੰਡੀਅਨ ਕਾਂਗਰਸ ਦੇ ਪਲੇਟਫਾਰਮ ਤੋਂ ਪਰਵਾਸੀ ਪੰਜਾਬੀਆਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਇਹ ਜਾਣਕਾਰੀ ਦਿੱਤੀ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਤਰਜੀਹ ਹੋਵੇਗੀ ਕਿ ਪਰਵਾਸੀਆਂ ਦੇ ਕਾਨੂੰਨੀ ਅਧਿਕਾਰ ਯਕੀਨੀ ਬਣਾਏ ਜਾਣ ਕਿਉਂਕਿ ਇਸ ਵੇਲੇ ਜਾਇਦਾਦਾਂ ਦੇ ਝਗੜਿਆਂ ਆਦਿ ਦੇ 10 ਹਜ਼ਾਰ ਤੋਂ ਜ਼ਿਆਦਾ ਕੇਸ ਬਕਾਇਆ ਪਏ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਕਾਂਗਰਸ ਇਹ ਟੀਚਾ ਲੈ ਕੇ ਚੱਲੀ ਹੈ ਕਿ ਇੱਕ ਟ੍ਰਿਬਿਊਨਲ ਬਣਾਇਆ ਜਾਵੇ ਜਿਸ ਨਾਲ ਐਨ.ਆਰ.ਆਈਜ਼ ਦੇ ਝਗੜਿਆਂ ਆਦਿ ਦਾ ਨਿਪਟਾਰਾ ਤੇਜ਼ ਗਤੀ ਨਾਲ ਹੋ ਸਕੇ। ਉਨ੍ਹਾਂ ਦੱਸਿਆ ਕਿ ਚੋਣ ਮਨੋਰਥ ਪੱਤਰ ਵਿਚ ਪਰਵਾਸੀਆਂ ਭਾਰਤੀਆਂ ਲਈ ਲੀਗਲ ਏਡ ਸੈਂਟਰ, ਹੈਲਪ ਲਾਈਨ ਅਤੇ ਸੰਪਤੀ ਦੇ ਮੁਫ਼ਤ ਅਦਾਨ-ਪ੍ਰਦਾਨ ਦੀ ਸੁਵਿਧਾ ਦੇਣ ਦੇ ਨੁਕਤੇ ਨੂੰ ਸ਼ਾਮਲ ਕੀਤਾ ਜਾਵੇਗਾ। ਨਵਜੋਤ ਸਿੱਧੂ ਨੇ ਕਿਹਾ ਕਿ ਐਨਆਰਆਈਜ਼ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਐਨਆਰਆਈ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ। ਵਿੱਤੀ ਮਾਮਲਿਆਂ ਅਤੇ ਸ਼ੋਸ਼ਣ ਦੇ ਮਸਲਿਆਂ ਦੇ ਨਿਪਟਾਰੇ ਲਈ ਇਹ ਵਿਵਸਥਾ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਐਨਆਰਆਈਜ਼ ਲਈ ਸਪੈਸ਼ਲ ਐਨਆਰਆਈ ਕਾਰਡ ਬਣਾਏ ਜਾਣਗੇ ਤਾਂ ਜੋ ਪੰਜਾਬ ਦੇ ਸਰਕਾਰੀ ਦਫਤਰਾਂ ਵਿਚ ਉਨ੍ਹਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਇਹ ਵੀ ਕਿਹਾ ਕਿ ਵਿਦੇਸ਼ੀ ਨਿਵੇਸ਼ ਲਈ ਸਿੰਗਲ ਵਿੰਡੋ ਕਲੀਅਰੈਂਸ ਸਿਸਟਮ ਦੀ ਵਿਵਸਥਾ ਕੀਤੀ ਜਾਵੇਗੀ।