Breaking News
Home / ਪੰਜਾਬ / ਅਕਾਲੀ ਦਲ ਤੇ ਭਾਜਪਾ ਵਲੋਂ 12 ਜੂਨ ਨੂੰ ਰਾਣਾ ਗੁਰਜੀਤ ਖਿਲਾਫ ਦਿੱਤੇ ਜਾਣਗੇ ਧਰਨੇ

ਅਕਾਲੀ ਦਲ ਤੇ ਭਾਜਪਾ ਵਲੋਂ 12 ਜੂਨ ਨੂੰ ਰਾਣਾ ਗੁਰਜੀਤ ਖਿਲਾਫ ਦਿੱਤੇ ਜਾਣਗੇ ਧਰਨੇ

ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਮੀਟਿੰਗ ‘ਚ ਲਿਆ ਫੈਸਲਾ
ਜਲੰਧਰ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਸਾਂਝੇ ਤੌਰ ‘ਤੇ ਐਲਾਨ ਕੀਤਾ ਹੈ ਕਿ ਰੇਤੇ ਦੀਆਂ ਖੱਡਾਂ ਦੀ ਬੇਨਾਮੀ ਨਿਲਾਮੀ ਵਿਚ ਫਸੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਵਿਰੁੱਧ 12 ਜੂਨ ਨੂੰ ਪੰਜਾਬ ਭਰ ਵਿਚ ਧਰਨੇ ਦਿੱਤੇ ਜਾਣਗੇ ਤੇ 14 ਜੂਨ ਨੂੰ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਉਨ੍ਹਾਂ ਨੂੰ ਮੰਤਰੀ ਮੰਡਲ ਵਿਚੋਂ ਬਰਖਾਸਤ ਕਰਨ ਅਤੇ ਉਨ੍ਹਾਂ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਕੀਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਤਾਲਮੇਲ ਕਮੇਟੀ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਸਿੰਘ ਬਾਦਲ ਤੇ ਵਿਜੇ ਸਾਂਪਲਾ ਨੇ ਕਿਹਾ ਕਿ ਰੇਤੇ ਦੀਆਂ ਖੱਡਾਂ ਦੀ ਨਿਲਾਮੀ ਵਿਚ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਹੋਇਆ ਹੈ ਤੇ ਰਾਣਾ ਗੁਰਜੀਤ ਨੇ ਆਪਣੇ ਮੁਲਾਜ਼ਮਾਂ ਦੇ ਨਾਂ ‘ਤੇ ਬੇਨਾਮੀ ਖੱਡਾਂ ਲਈਆਂ ਹਨ।
ਸੁਖਬੀਰ ਬਾਦਲ ਨੇ ਰਾਣਾ ਗੁਰਜੀਤ ਸਿੰਘ ਵਿਰੁੱਧ ਬਣਾਏ ਗਏ ਨਿਆਂਇਕ ਜਾਂਚ ਕਮਿਸ਼ਨ ਨੂੰ ਰੱਦ ਕਰਦਿਆਂ ਦੋਸ਼ ਲਾਇਆ ਕਿ ਸੇਵਾਮੁਕਤ ਜਸਟਿਸ ਜੇ.ਐਸ. ਨਾਰੰਗ ਦਾ ਰੋਜ਼ਾਨਾ ਰਾਤ ਦਾ ਖਾਣਾ ਰਾਣਾ ਗੁਰਜੀਤ ਸਿੰਘ ਦੇ ਘਰ ਹੁੰਦਾ ਹੈ। ਉਨ੍ਹਾਂ ਦਾਅਵਾ ઠਕੀਤਾ ਕਿ ਰਾਣਾ ਗੁਰਜੀਤ ਦੀ ਮਰਜ਼ੀ ਅਨੁਸਾਰ ਹੀ ਜਸਟਿਸ ਨਾਰੰਗ ਨੂੰ ਜਾਂਚ ਵਾਸਤੇ ਲਾਇਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਮੰਗ ਕੀਤੀ ਕਿ ਜਸਟਿਸ ਨਾਰੰਗ ਦੀ ਥਾਂ ਹਾਈਕੋਰਟ ਦੇ ਕਿਸੇ ਮੌਜੂਦਾ ਜੱਜ ਕੋਲੋਂ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ। ਸੁਖਬੀਰ ਨੇ ਦਾਅਵਾ ਕੀਤਾ ਕਿ ਰੇਤੇ ਦੀਆਂ ਖੱਡਾਂ ਲੈਣ ਦੇ ਮਾਮਲੇ ਵਿਚ ਇਕੱਲਾ ਰਾਣਾ ਗੁਰਜੀਤ ਹੀ ਨਹੀਂ ਸਗੋਂ ਕਾਂਗਰਸ ਦੇ 10-11 ਵਿਧਾਇਕ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਢਾਈ ਮਹੀਨਿਆਂ ਵਿਚ ਹੀ ਕਾਂਗਰਸ ਸਰਕਾਰ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ। ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਕਿਹਾ ਕਿ 14 ਜੂਨ ਨੂੰ ਪੰਜਾਬ ਦੇ ਰਾਜਪਾਲ ਨੂੰ ਮਿਲਣ ਸਮੇਂ ਦੋਵੇਂ ਪਾਰਟੀਆਂ ਦੇ ਸਾਰੇ ਵਿਧਾਇਕ, ਮੈਂਬਰ ਪਾਰਲੀਮੈਂਟ ਤੇ ਕੋਰ ਕਮੇਟੀ ਦੇ ਮੈਂਬਰ ਸ਼ਾਮਲ ਹੋਣਗੇ।

Check Also

ਪੰਜਾਬ ਵਿਚ ਬਦਲੀਆਂ ਦੇ ਹੁਕਮ ਪੰਜਾਬੀ ਭਾਸ਼ਾ ’ਚ ਹੋਣ ਲੱਗੇ ਜਾਰੀ

ਪਹਿਲਾਂ ਬਦਲੀਆਂ ਦੇ ਹੁਕਮ ਜਾਰੀ ਹੁੰਦੇ ਸਨ ਅੰਗਰੇਜ਼ੀ ਭਾਸ਼ਾ ’ਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …