Breaking News
Home / ਪੰਜਾਬ / ਆਮ ਆਦਮੀ ਪਾਰਟੀ ਵਲੋਂ ਰਾਣਾ ਗੁਰਜੀਤ ਖਿਲਾਫ ਜਲੰਧਰ ‘ਚ ਧਰਨਾ

ਆਮ ਆਦਮੀ ਪਾਰਟੀ ਵਲੋਂ ਰਾਣਾ ਗੁਰਜੀਤ ਖਿਲਾਫ ਜਲੰਧਰ ‘ਚ ਧਰਨਾ

ਧਰਨੇ ਵਿਚ ਵਾਲੰਟੀਅਰਾਂ ਦੀ ਗਿਣਤੀ ਘੱਟ ਰਹਿਣ ਤੋਂ ਖਫ਼ਾ ਹੋਏ ਖਹਿਰਾ
ਜਲੰਧਰ : ਰੇਤੇ ਦੀਆਂ ਖੱਡਾਂ ਦੀ ਨਿਲਾਮੀ ਸਬੰਧੀ ਬੇਨਿਯਮੀਆਂ ਦੇ ਦੋਸ਼ਾਂ ਵਿੱਚ ਘਿਰੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਿਰੁੱਧ ਦਿੱਤੇ ਰੋਸ ਧਰਨੇ ਵਿੱਚ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਉਮੀਦ ਨਾਲੋਂ ਘੱਟ ਪੁੱਜਣ ‘ਤੇ ਧਰਨੇ ਦੀ ਅਗਵਾਈ ਕਰ ਰਹੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਜਨਤਕ ਤੌਰ ‘ਤੇ ਕਹਿਣਾ ਪਿਆ ਕਿ ਜਾਂ ਤਾਂ ਉਹ ਠੀਕ ਢੰਗ ਨਾਲ ਕੰਮ ਕਰਨ ਨਹੀਂ ਤਾਂ ਘਰ ਬੈਠ ਜਾਣ। ਖਹਿਰਾ ਨੇ ਚੋਣਾਂ ਲੜ ਚੁੱਕੇ ਉਮੀਦਵਾਰਾਂ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਜ਼ਿੰਮੇਵਾਰ ਸਮਝਦਿਆਂ ਚੋਣਾਂ ਲੜਾਈਆਂ ਸਨ ਤੇ ਹੁਣ ਲੋਕਾਂ ਦੇ ਮਸਲਿਆਂ ‘ਤੇ ਇਕੱਠ ਕਰਨਾ ਵੀ ਉਨ੍ਹਾਂ ਦਾ ਫਰਜ਼ ਬਣਦਾ ਹੈ। ਜੇ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਘਰ ਬੈਠ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਵਿਚ ਧਰਨਾ ਹੈ ਅਤੇ ਇਸ ਵੇਲੇ ਧਰਨੇ ਵਿਚ ਸ਼ਾਮਲ ਵਾਲੰਟੀਅਰਾਂ ਵਿਚੋਂ 70 ਫ਼ੀਸਦ ਵਾਲੰਟੀਅਰ ਉਨ੍ਹਾਂ ਦੇ ਹਲਕੇ ਭੁਲੱਥ ਦੇ ਹਨ, ਜਿਹੜੇ ਉਨ੍ਹਾਂ ਨਾਲ ਆਏ ਹਨ। ਖਹਿਰਾ ਨੇ ਕਿਹਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਣਾ ਗੁਰਜੀਤ ਨੂੰ ‘ਬਚਾਉਣ’ ਦੀ ਕੋਸ਼ਿਸ਼ ਕਰ ਰਹੇ ਹਨ ਉਸ ਨੂੰ ਦੇਖਦਿਆਂ ਕੈਪਟਨ ਨੂੰ ਵੀ ਜਾਂਚ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੀ ਕੋਸ਼ਿਸ਼ਾਂ ਜ਼ਾਹਰ ਹੈ ਕਿ ਖੱਡ ਨਿਲਾਮੀ ਮਾਮਲੇ ਵਿਚ ਕਥਿਤ ਤੌਰ ‘ਤੇ ਕੈਪਟਨ ਦੇ ਵੀ ਹਿੱਤ ਜੁੜੇ ਹੋ ਸਕਦੇ ਹਨ। ਉਨ੍ਹਾਂ ਮੰਗ ਕੀਤੀ ਕਿ ਹਾਈਕੋਰਟ ਦੇ ਮੌਜੂਦਾ ਜੱਜਾਂ ਵਿਚੋਂ ਕਿਸੇ ਨੂੰ ਵੀ ਇਸ ਮਾਮਲੇ ਦੀ ਜਾਂਚ ਸੌਂਪ ਦਿੱਤੀ ਜਾਵੇ। ਉਹ ਜਸਟਿਸ ਜੇ.ਐਸ. ਨਾਰੰਗ ਤੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਉਮੀਦ ਨਹੀਂ ਕਰ ਸਕਦੇ। ਉਨ੍ਹਾਂ ਫਿਰ ਮੰਗ ਕੀਤੀ ਕਿ ਜਾਂਚ ਪੂਰੀ ਹੋਣ ਤੱਕ ਰਾਣਾ ਗੁਰਜੀਤ ਸਿੰਘ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ।
ਰਾਣਾ ਗੁਰਜੀਤ ਖਿਲਾਫ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਵਫਦ ਰਾਜਪਾਲ ਨੂੰ ਮਿਲਿਆ
ਚੰਡੀਗੜ੍ਹ : ਮਾਇਨਿੰਗ ਮਾਮਲੇ ਵਿੱਚ ਫਸੇ ਪੰਜਾਬ ਦੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਨੂੰ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਘੇਰਿਆ ਜਾ ਰਿਹਾ ਹੈ। ਇਸੇ ਦੇ ਚੱਲਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਲੀਡਰ ਐਚਐਸ ਫੂਲਕਾ ਦੀ ਅਗਵਾਈ ਵਿੱਚ ਸਾਰੇ ਵਿਧਾਇਕਾਂ ਨੇ ਪੰਜਾਬ ਦੇ ਰਾਜਪਾਲ ਵੀਪੀ ਬਦਨੌਰ ਨਾਲ ਮੁਲਾਕਾਤ ਕੀਤੀ।ਆਮ ਆਦਮੀ ਪਾਰਟੀ ਵੱਲੋਂ ਗਵਰਨਰ ਨੂੰ ਮੰਗ ਪੱਤਰ ਸੌਂਪ ਕੇ ਮਾਮਲੇ ਦੀ ਜਾਂਚ ਸਿਟਿੰਗ ਜੱਜ ਤੋਂ ਕਰਵਾਉਣ ਦੀ ਗੱਲ ਆਖੀ ਹੈ। ਐਚਐਸ ਫੂਲਕਾ ਨੇ ਕਿਹਾ ਕਿ ਰਾਣਾ ਗੁਰਜੀਤ ਤੋਂ ਅਸਤੀਫਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਮਾਮਲੇ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਇਸ ਮਸਲੇ ਨੂੰ ਲੋਕ ਸਭਾ ਵਿੱਚ ਚੁੱਕਣਗੇ। ਮਾਨ ਨੇ ਕਿਹਾ ਕਿ ਸਰਕਾਰ ਦੇ ਬਣਾਏ ਨਾਰੰਗ ਕਮਿਸ਼ਨ ਦਾ ਬਾਈਕਾਟ ਕਰਾਂਗੇ। ਇਹ ਕਮਿਸ਼ਨ ਕਲੀਨ ਚਿੱਟ ਦੇਣ ਲਈ ਬਣਾਇਆ ਗਿਆ ਹੈ। ਮਾਨ ਨੇ ਕਿਹਾ ਕਿ ਜੇਕਰ ਰਾਣਾ ਗੁਰਜੀਤ ਨੂੰ ਬਰਖਾਸਤ ਨਾ ਕੀਤਾ ਗਿਆ ਤਾਂ ਪੰਜਾਬ ਦੀਆਂ ਸੜਕਾਂ ‘ਤੇ ਸਰਕਾਰ ਖਿਲਾਫ ਧਰਨੇ ਲਾਵਾਂਗੇ।
ਰਾਣਾ ਗੁਰਜੀਤ ਖਿਲਾਫ ਖਹਿਰਾ ਨੇ ਈਡੀ ਕੋਲ ਤੇ ਭਾਜਪਾ ਨੇ ਲੋਕਪਾਲ ਕੋਲ ਕੀਤੀ ਸ਼ਿਕਾਇਤ
ਜਲੰਧਰ, ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਡਾਇਰੈਕਟੋਰੇਟ ਆਫ਼ ਐਨਫੋਰਸਮੈਂਟ (ਈਡੀ) ਨੂੰ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਉਸ ਦੇ ਖਾਨਸਾਮੇ ਅਮਿਤ ਬਹਾਦੁਰ ਵਿਰੁੱਧ ਸ਼ਿਕਾਇਤ ਕਰ ਕੇ ਮੰਗ ਕੀਤੀ ਹੈ ਕਿ ਅਮਿਤ ਬਹਾਦੁਰ ਕੋਲ ਆਏ ਕਰੋੜਾਂ ਰੁਪਏ ਦੀ ਜਾਂਚ ਕੀਤੀ ਜਾਵੇ। ਉੱਧਰ ਭਾਜਪਾ ਨੇ ਪੰਜਾਬ ਦੇ ਲੋਕਪਾਲ ਨੂੰ ਸ਼ਿਕਾਇਤ ਦੇ ਕੇ ਇਸ ਮਾਮਲੇ ਸਬੰਧੀ ਕਾਰਵਾਈ ਦੀ ਮੰਗ ਕੀਤੀ ਹੈ। ‘ਆਪ’ ਦੇ ਵਿਧਾਇਕ ਨੇ ਆਪਣੀ ਸ਼ਿਕਾਇਤ ਦੇ ਨਾਲ ਦਸਤਾਵੇਜ਼ ਵੀ ਭੇਜੇ ਹਨ, ਜਿਨ੍ਹਾਂ ਵਿੱਚ ਅਮਿਤ ਬਹਾਦੁਰ ਦੇ ਬੈਂਕ ਖਾਤਿਆਂ ਦੇ ਵੇਰਵੇ ਅਤੇ ਉਸ ਵੱਲੋਂ ਭਰੀ ਜਾਣ ਵਾਲੀ ਆਮਦਨ ਕਰ ਰਿਟਰਨ ਵੀ ਸ਼ਾਮਲ ਹੈ। ਉਨ੍ਹਾਂ ਦੋਸ਼ ਲਾਇਆ ਕਿ ਰੇਤ ਖੱਡਾਂ ਲਈ ਵਰਤੀ ਗਈ ਕਰੋੜਾਂ ਰੁਪਏ ਦੀ ਰਕਮ ਹਵਾਲੇ ਦੀ ਵੀ ਹੋ ਸਕਦੀ ਹੈ। ਉਨ੍ਹਾਂ ਨੇ ਈਡੀ ਦੇ ਅਧਿਕਾਰੀਆਂ ਤੋਂ ਇਸ ਮਾਮਲੇ ਦੀ ਸਮਾਂਬੱਧ ਜਾਂਚ ਕਰਵਾਉਣ ਦੀ ਮੰਗ ਕੀਤੀ। ਖਹਿਰਾ ਨੇ ਦਾਅਵਾ ਕੀਤਾ ਕਿ ਰਾਣਾ ਗੁਰਜੀਤ ਸਿੰਘ ਦੀਆਂ ਕੰਪਨੀਆਂ ਵਿਚ ਕੰਮ ਕਰਦੇ ਰਹੇ ਅਮਿਤ ਬਹਾਦੁਰ ਦੀ ਪ੍ਰਤੀ ਮਹੀਨਾ ਤਨਖਾਹ ਸਿਰਫ 11,000 ਰੁਪਏ ਸੀ ਅਤੇ ਆਪਣੀ 2015-16 ਦੀ ਇਨਕਮ ਟੈਕਸ ਰਿਟਰਨ ਵਿੱਚ ਉਸ ਨੇ ਆਪਣੀ ਸਾਲਾਨਾ ਆਮਦਨ 92,680 ਰੁਪਏ ਦਿਖਾਈ ਹੈ। ਇਸੇ ਤਰ੍ਹਾਂ ਕੁਲਵਿੰਦਰਪਾਲ ਸਿੰਘ ਵੀ ਰਾਣਾ ਗੁਰਜੀਤ ਸਿੰਘ ਦੀ ਖੰਡ ਮਿੱਲ ਵਿੱਚ ਕੁਝ ਹਜ਼ਾਰ ਰੁਪਏ ਤਨਖ਼ਾਹ ਲੈਂਦਾ ਹੈ। ਦੂਜੇ ਪਾਸੇ ਭਾਜਪਾ ਦੇ ਆਗੂਆਂ ਹਰਜੀਤ ਸਿੰਘ ਗਰੇਵਾਲ ਅਤੇ ਇਕਬਾਲ ਸਿੰਘ ਲਾਲਪੁਰਾ, ਸੂਬਾ ਸਕੱਤਰ ਵਿਨੀਤ ਜੋਸ਼ੀ ਤੇ ਵਿਜੈ ਪੁਰੀ ਅਤੇ ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਰਾਏ ਨੇ ਪੰਜਾਬ ਦੇ ਲੋਕਪਾਲ ਜਸਟਿਸ (ਸੇਵਾ ਮੁਕਤ) ਐਸ.ਕੇ. ਮਿੱਤਲ ਨੂੰ ਸ਼ਿਕਾਇਤ ਦੇ ਕੇ ઠਰੇਤ ਖੱਡਾਂ ਦੀ ਬੋਲੀ ਮਾਮਲੇ ਵਿੱਚ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਅਤੇ ਕਾਂਗਰਸ ਦੇ ઠਪੰਜ ਵਿਧਾਇਕਾਂ ਖ਼ਿਲਾਫ਼ ਲੋਕਪਾਲ ਐਕਟ 1996 ઠਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਵਿਨੀਤ ਜੋਸ਼ੀ ਨੇ ઠਦੱਸਿਆ ਕਿ ਰਾਣਾ ਗੁਰਜੀਤ ਸਮੇਤ ਕੁਸ਼ਲਦੀਪ ਢਿੱਲੋਂ, ਸੁਖਪਾਲ ਭੁੱਲਰ, ਅਮਰੀਕ ਢਿੱਲੋਂ, ਗੁਰਮੀਤ ਸਿੰਘ ਰਾਣਾ ਸੋਢੀ ਅਤੇ ਅੰਗਦ ਸਿੰਘ ਖਿਲਾਫ ਸ਼ਿਕਾਇਤ ઠਦਰਜ ਕਰਾਈ ਹੈ।
ਡੇਢ ਹਫ਼ਤੇ ਬਾਅਦ ਕਿਸੇ ਸਮਾਗਮ ਵਿੱਚ ਪੁੱਜੇ ਰਾਣਾ
ਜਲੰਧਰ : ਖੱਡਾਂ ਦੀ ਬੇਨਾਮੀ ਬੋਲੀ ਦੇ ਮਾਮਲੇ ਵਿੱਚ ਘਿਰੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਪਿਛਲੇ ਡੇਢ ਹਫ਼ਤੇ ਤੋਂ ਆਪਣੀਆਂ ਜਨਤਕ ਸਰਗਰਮੀਆਂ ਠੱਪ ਕੀਤੀਆਂ ਹੋਈਆਂ ਸਨ। ਕਈ ਦਿਨਾਂ ਬਾਅਦ ਉਹ ਕਾਂਗਰਸੀ ਵਿਧਾਇਕ ਸੁਸ਼ੀਲ ਰਿੰਕੂ ਦੇ ਜਨਮ ਦਿਨ ਸਮਾਗਮ ਵਿੱਚ ਸ਼ਾਮਲ ਹੋਏ। ਮਾਡਲ ਟਾਊਨ ਦੇ ਇੱਕ ਰੈਸਤਰਾਂ ਵਿਚ ਕਰਵਾਏ ਇਸ ਸਮਾਗਮ ਵਿੱਚ ਉਹ ਖਿੱਚ ਦਾ ਕੇਂਦਰ ਰਹੇ। ਖ਼ਾਸ ਹਦਾਇਤਾਂ ਕੀਤੀਆਂ ਗਈਆਂ ਸਨ ਕਿ ਮੀਡੀਆ ਨੂੰ ਇਸ ਗੱਲ ਦੀ ਭਿਣਕ ਨਹੀਂ ਲੱਗਣੀ ਚਾਹੀਦੀ ਕਿ ਸਮਾਗਮ ਵਿੱਚ ਰਾਣਾ ਗੁਰਜੀਤ ਆ ਰਹੇ ਹਨ।
ਹਾਈਕੋਰਟ ਨੇ ਨਵੀਂ ਮਾਈਨਿੰਗ ਨੀਤੀ ਲਾਗੂ ਕਰਨ ‘ਤੇ ਲਗਾਈ ਰੋਕ
ਚੰਡੀਗੜ੍ਹ  : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮੌਜੂਦਾ ਠੇਕੇਦਾਰਾਂ ਉਤੇ ਨਵੀਂ ਮਾਈਨਿੰਗ ਨੀਤੀ ਲਾਗੂ ਕਰਨ ‘ਤੇ ਰੋਕ ਲਗਾ ਦਿੱਤੀ ਹੈ। ਪੰਜਾਬ ਦੇ ਮੌਜੂਦਾ ਮਾਈਨਿੰਗ ਠੇਕੇਦਾਰਾਂ ਵੱਲੋਂ ਦਾਖ਼ਲ ਰਿੱਟ ਪਟੀਸ਼ਨਾਂ ਉਤੇ ਸੁਣਵਾਈ ਕਰਦਿਆਂ ਜਸਟਿਸ ਮਹੇਸ਼ ਗਰੋਵਰ ਅਤੇ ਜਸਟਿਸ ਫਤਹਿ ਦੀਪ ਸਿੰਘ ਦੇ ਵਕੇਸ਼ਨ ਬੈਂਚ ਨੇ 2 ਅਗਸਤ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਬੈਂਚ ਨੂੰ ਦੱਸਿਆ ਗਿਆ ਕਿ ਨਵੀਂ ਨੀਤੀ ਵਿੱਚ ਜਨਤਕ ਹਿੱਤਾਂ ਦੀ ਅਣਦੇਖੀ ਕੀਤੀ ਗਈ ਹੈ, ਜਿਸ ਨਾਲ ਰੇਤ ਦੇ ਟਰੱਕ ਦੀ ਕੀਮਤ 12-14 ਹਜ਼ਾਰ ਰੁਪਏ ਤੋਂ ਵੱਧ ਕੇ ਤਕਰੀਬਨ ਤਿੰਨ ਲੱਖ ਰੁਪਏ ਨੂੰ ਅੱਪੜ ਜਾਵੇਗੀ। ਵਕੀਲ ਰਮਨਪ੍ਰੀਤ ਸਿੰਘ ਰਾਹੀਂ ਹਰਦੀਪ ਸਿੰਘ ਤੇ ਹੋਰ ਪਟੀਸ਼ਨਰਾਂ ਵੱਲੋਂ ਪਾਈਆਂ 24 ਪਟੀਸ਼ਨਾਂ ‘ਤੇ ਬੈਂਚ ਨੇ ਇਹ ਫ਼ੈਸਲਾ ਸੁਣਾਇਆ ਹੈ।ਮੌਜੂਦਾ ਠੇਕੇਦਾਰਾਂ ਨੇ ਸਰਕਾਰ ਦੇ ਉਨ੍ਹਾਂ ‘ਤੇ ਨਵੀਂ ਮਾਈਨਿੰਗ ਨੀਤੀ ਲਾਗੂ ਕੀਤੇ ਜਾਣ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਸੀ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …