14.7 C
Toronto
Tuesday, October 21, 2025
spot_img
Homeਪੰਜਾਬਬਸਪਾ ਵੱਲੋਂ ਪੰਜਾਬ ਭਰ ਵਿਚ ਕਿਸਾਨਾਂ ਦੀ ਹਮਾਇਤ 'ਚ ਪ੍ਰਦਰਸ਼ਨ, ਨਰਿੰਦਰ ਮੋਦੀ...

ਬਸਪਾ ਵੱਲੋਂ ਪੰਜਾਬ ਭਰ ਵਿਚ ਕਿਸਾਨਾਂ ਦੀ ਹਮਾਇਤ ‘ਚ ਪ੍ਰਦਰਸ਼ਨ, ਨਰਿੰਦਰ ਮੋਦੀ ਦੇ ਫੂਕੇ ਗਏ ਪੁਤਲੇ

ਚੰਡੀਗੜ੍ਹ/ਬਿਊਰੋ ਨਿਊਜ਼ : ਬਹੁਜਨ ਸਮਾਜ ਪਾਰਟੀ (ਬਸਪਾ) ਤੇ ਸ਼੍ਰੋਮਣੀ ਅਕਾਲੀ ਦਲ ਨੇ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ। ਇਸ ਦੌਰਾਨ ਕਈ ਥਾਵਾਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਵੀ ਸਾੜੇ ਗਏ।
ਬਸਪਾ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਜਨਰਲ ਸਕੱਤਰ ਡਾ. ਨਛੱਤਰਪਾਲ ਨੇ ਕਿਹਾ ਕਿ ਦੇਸ਼ ਦਾ ਅੰਨਦਾਤਾ ਪਿਛਲੇ 8 ਮਹੀਨਿਆਂ ਤੋਂ ਸੰਘਰਸ਼ ਕਰ ਰਿਹਾ ਹੈ ਪਰ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲ ਕਰਨ ਲਈ ਤਿਆਰ ਨਹੀਂ ਹੈ, ਜਦਕਿ ਉਹ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ ਕਰ ਰਹੀ ਹੈ।
ਆਗੂਆਂ ਨੇ ਕਿਹਾ ਕਿ ਭਾਜਪਾ ਸਰਕਾਰ ਦਾ ਵਤੀਰਾ ਕੁੰਭਕਰਨ ਤੋਂ ਵੀ ਬੁਰਾ ਹੈ, ਜੋ ਛੇ ਮਹੀਨੇ ਸੌਂਦਾ ਸੀ ਤੇ ਛੇ ਮਹੀਨੇ ਜਾਗਦਾ ਸੀ, ਜਦਕਿ ਇਹ ਸਰਕਾਰ ਲਗਾਤਾਰ ਕੁੰਭਕਰਨੀ ਨੀਂਦ ‘ਚੋਂ ਨਹੀਂ ਜਾਗ ਰਹੀ ਤੇ ਕੇਂਦਰ ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਹੀ ਬਸਪਾ ਨੇ ਪੰਜਾਬ ਵਿੱਚ ਸੜਕਾਂ ‘ਤੇ ਆਪਣਾ ਹਾਥੀ ਉਤਾਰ ਦਿੱਤਾ ਹੈ।
ਗੜ੍ਹੀ ਨੇ ਕਿਹਾ ਕਿ ਕਾਂਗਰਸ ਪੰਜਾਬ ਦੇ ਨਵ-ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਬਿਆਨ ਕਿ ਪਿਆਸੇ ਕਿਸਾਨ ਕਾਂਗਰਸ ਦੇ ਖੂਹ ਕੋਲ ਚੱਲ ਕੇ ਆਉਣ, ਨਿੰਦਣਯੋਗ ਹੈ। ਸੰਸਦ ਦੇ ਸੈਸ਼ਨ ਦੌਰਾਨ ਜਦੋਂ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਕੰਮ ਰੋਕੂ ਮਤਾ ਲਿਆ ਕੇ ਸੰਸਦ ਦਾ ਸਮੁੱਚਾ ਧਿਆਨ ਕਿਸਾਨ ਮੁੱਦਿਆਂ ‘ਤੇ ਕੇਂਦਰਤ ਕਰ ਕੇ ਹੱਲ ਕਰਾਉਣਾ ਚਾਹੁੰਦੇ ਹਨ ਤਾਂ ਉਸ ਕੰਮ ਰੋਕੂ ਮਤੇ ਦਾ ਕਾਂਗਰਸ ਵੱਲੋਂ ਸਮਰਥਨ ਨਾ ਕਰਨਾ ਵੀ ਨਿੰਦਣਯੋਗ ਹੈ। ਬਸਪਾ ਆਗੂਆਂ ਨੇ ਮੰਗ ਕੀਤੀ ਕਿ ਤਿੰਨੇ ਖੇਤੀ ਕਾਨੂੰਨ ਰੱਦ ਕਰ ਕੇ ਫ਼ਸਲਾਂ ਨੂੰ ਐੱਮਐੱਸਪੀ ‘ਤੇ ਖਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਇਆ ਜਾਵੇ।
ਕਿਸਾਨਾਂ ਨੇ ਬਸਪਾ ਤੇ ਅਕਾਲੀ ਆਗੂਆਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ
ਮਹਿਲ ਕਲਾਂ : ਬਹੁਜਨ ਸਮਾਜ ਪਾਰਟੀ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਿਸਾਨਾਂ ਦੇ ਹੱਕ ਵਿੱਚ ਮਹਿਲ ਕਲਾਂ ਵਿੱਚ ਮਾਰਚ ਕੀਤਾ ਗਿਆ। ਇਸੇ ਦੌਰਾਨ ਪਿਛਲੇ 9 ਮਹੀਨੇ ਤੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਖਿਲਾਫ ਮਹਿਲ ਕਲਾਂ ਵਿੱਚ ਪੱਕਾ ਧਰਨਾ ਲਾਈ ਬੈਠੇ ਕਿਸਾਨਾਂ ਨੇ ਬਸਪਾ-ਅਕਾਲੀ ਦਲ ਦੇ ਆਗੂਆਂ ਨੂੰ ਇੱਥੇ ਬੱਸ ਅੱਡੇ ਨੇੜੇ ਕਾਲੀਆਂ ਝੰਡੀਆਂ ਵਿਖਾਉਂਦਿਆਂ ਨਾਅਰੇਬਾਜ਼ੀ ਕੀਤੀ।

RELATED ARTICLES
POPULAR POSTS